Web Desk -Harsimranjit Kaur
ਫਿਰੋਜ਼ਪੁਰ 7 ਅਕਤੂਬਰ (ਸੰਦੀਪ ਟੰਡਨ): ਫਿਰੋਜ਼ਪੁਰ ਸ਼ਹਿਰ ਦੇ ਜ਼ੀਰਾ ਗੇਟ ਦੇ ਇੱਛੇਵਾਲਾ ਰੋਡ ਤੇ ਕਿਸੇ ਸ਼ਰਾਰਤੀ ਅਨਸਰ ਵੱਲੋ ਪਾਵਨ ਗੁਰਬਾਣੀ ਦੇ ਸ਼੍ਰੀ ਗੁਟਕਾ ਸਾਹਿਬ ਜੀ ਦੇ ਅੰਗਾਂ ਨੂੰ ਖਿਲਾਰ ਕੇ ਬੇਅਦਬੀ ਕੀਤੀ ਗਈ। ਜਿਸ ਸਬੰਧੀ ਉੱਥੇ ਕੰਮ ਕਰਨ ਵਾਲੇ ਦੁਕਾਨਦਾਰਾਂ ਨੂੰ ਪਤਾ ਲੱਗਾ ਤਾ ਉਨ੍ਹਾਂ ਵੱਲੋ ਤਰੁੰਤ ਸਿੱਖ ਜਥੇਬੰਦੀਆਂ ਅਤੇ ਥਾਣਾ ਸਿਟੀ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ ‘ਤੇ ਕਾਰਵਾਈ ਕਰਦਿਆਂ ਪੁਲਿਸ ਵੱਲੋ ਦੁਕਾਨਦਾਰਾਂ ਦੇ ਬਿਆਨਾਂ ਤੇ ਅਣਪਛਾਤੇ ਵਿਅਕਤੀ ਖਿਲਾਫ ਥਾਣਾ ਸਿਟੀ ਵਿਖੇ ਧਾਰਾ 295 ਏ ਅਧੀਨ 313 ਨੰਬਰ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਅਰੰਭ ਕਰ ਦਿੱਤੀ ਹੈ। ਜਿਸ ਸਬੰਧੀ ਸ੍ਰੋਮਣੀ ਕਮੇਟੀ ਦੇ ਐਗਜਕੈਟਿਵ ਮੈਂਬਰ ਜਥੇਦਾਰ ਦਰਸ਼ਨ ਸਿੰਘ ਸ਼ੇਰਖਾ, ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਦੇ ਕੌਮੀ ਜਨਰਲ ਸਕੱਤਰ ਦਿਲਬਾਗ ਸਿੰਘ ਵਿਰਕ ਦੀ ਅਗਵਾਈ ਵਿੱਚ ਥਾਣਾ ਸਿਟੀ ਦੇ ਐੱਸਐੱਚੳ ਨਾਲ ਗੱਲਬਾਤ ਕੀਤੀ ਗਈ ਅਤੇ ਇਸ ਬੇਅਦਬੀ ਦੇ ਦੋਸ਼ੀ ਨੂੰ ਤਰੁੰਤ ਗ੍ਰਿਫਤਾਰ ਕਰਕੇ ਸਜਾ ਦਿਵਾਉਣ ਦੀ ਮੰਗ ਕੀਤੀ ਗਈ।
ਇਨ੍ਹਾਂ ਆਗੂਆਂ ਨੇ ਦੋਸ਼ ਲਗਾਇਆ ਕਿ ਸ਼ਹਿਰ ਵਿਚ ਵੱਸਦੇ ਸਮੂਹ ਧਰਮਾਂ ਦੇ ਲੋਕਾਂ ਨੂੰ ਆਪਸ ਵਿਚ ਲੜਾਉਣ ਲਈ ਉਕਤ ਦੋਸ਼ੀ ਵੱਲੋ ਇਹ ਕਾਰਾ ਕੀਤਾ ਗਿਆ ਲੱਗਦਾ ਹੈ, ਕਿਉਂਕਿ ਗੁਰਬਾਣੀ ਦੇ ਗੁਟਕਾ ਸਾਹਿਬ ਦੇ ਅੰਗਾਂ ਸਮੇਤ ਹਿੰਦੂ ਧਰਮ ਨਾਲ ਸਬੰਧਤ ਮਾਤਾ ਦੀਆਂ ਤਸਵੀਰਾਂ, ਰਾਮ ਸ਼ਬਦ ਵਾਲਾ ਕੱਪੜਾ ਅਤੇ ਹੋਰ ਸਮੱਗਰੀ ਵੀ ਮਿਲੀ ਹੈ, ਜਿਸ ਤੋਂ ਉਕਤ ਵਿਅਕਤੀ ਦੇ ਕੀਤੇ ਇਸ ਕਾਰੇ ਦਾ ਅੰਦਾਜਾ ਲਗਾਇਆ ਜਾ ਸਕਦਾ ਹੈ। ਐੱਸਐੱਚੳ ਸਿਟੀ ਨੇ ਵਿਸ਼ਵਾਸ ਦੁਆਇਆ ਕਿ ਜਲਦ ਹੀ ਉਕਤ ਦੋਸ਼ੀ ਨੂੰ ਕਾਬੂ ਕੀਤਾ ਜਾਏਗਾ, ਜਿਸ ਸਬੰਧੀ ਬਾਰੀਕੀ ਨਾਲ ਪੜਤਾਲ ਕੀਤੀ ਜਾਏਗੀ। ਇਸ ਮੌਕੇ ਕੈਪਟਨ ਪਿਆਰਾ ਸਿੰਘ, ਜਸਬੀਰ ਸਿੰਘ ਬੱਗੇ ਵਾਲਾ, ਮਨਪ੍ਰੀਤ ਸਿੰਘ ਖਾਲਸਾ ਅਤੇ ਕਾਰਜ ਸਿੰਘ ਆਦਿ ਆਗੂ ਹਾਜ਼ਰ ਸਨ