ਚੰਡੀਗੜ੍ਹ, 19 ਸਤੰਬਰ (ਸ਼ਿਵ ਨਾਰਾਇਣ ਜਾਂਗੜਾ)- ਕਾਂਗਰਸ ਹਾਈਕਮਾਨ ਨੇ ਇੱਕ ਵੱਡਾ ਫੈਸਲਾ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਐਲਾਨ ਦਿੱਤਾ ਹੈ। ਸੋਮਵਾਰ ਨੂੰ ਸਵੇਰੇ 11 ਵਜੇ ਚੰਨੀ ਪੰਜਾਬ ਦੇ 16ਵੇਂ ਮੁੱਖ ਮੰਤਰੀ ਦੇ ਤੌਰ ’ਤੇ ਸਹੁੰ ਚੁੱਕਣਗੇ। ਪੰਜਾਬ ਰਾਜਭਵਨ ਵਿਚ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਰਾਜਪਾਲ ਨੂੰ ਆਪਣਾ ਦਾਅਵਾ ਪੇਸ਼ ਕੀਤਾ ਹੈ। ਰਾਜਪਾਲ ਵਲੋਂ ਸਵੇਰੇ 11 ਵਜੇ ਸਹੁੰ ਚੁਕਵਾਈ ਜਾਵੇਗੀ। ਇਸ ਤੋਂ ਪਹਿਲਾਂ ਚੰਨੀ ਨੇ ਕਿਹਾ ਕਿ ਸ਼ਨੀਵਾਰ ਨੂੰ ਪੰਜਾਬ ਕਾਂਗਰਸ ਭਵਨ ਵਿਚ ਸ਼ਾਮ 5 ਵਜੇ ਵਿਧਾਇਕ ਦਲ ਦੀ ਬੈਠਕ ਹੋਈ ਸੀ। ਇਸ ਬੈਠਕ ਵਿਚ ਵਿਧਾਇਕਾਂ ਨੇ ਸਰਵਸੰਮਤੀ ਨਾਲ ਪ੍ਰਸਤਾਵ ਪਾਸ ਕੀਤੇ ਸਨ। ਇਸ ਦੀ ਅਗਲੀ ਕੜੀ ਵਿਚ ਹੁਣ ਰਾਜਪਾਲ ਨੂੰ ਦਾਅਵਾ ਪੇਸ਼ ਕੀਤਾ ਗਿਆ ਹੈ।
ਕੈਪਟਨ ਨੇ ਦਿੱਤੀ ਵਧਾਈ
ਕੈਪਟਨ ਅਮਰਿੰਦਰ ਸਿੰਘ ਨੇ ਚੰਨੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੰਨੀ ਨੂੰ ਉਨ੍ਹਾਂ ਦੀਆਂ ਸ਼ੁਭਕਾਮਨਾਵਾਂ। ਉਨ੍ਹਾਂ ਨੂੰ ਉਮੀਦ ਹੈ ਕਿ ਉਹ ਸਰਹੱਦੀ ਸੂਬੇ ਪੰਜਾਬ ਨੂੰ ਸੁਰੱਖਿਅਤ ਰੱਖਣ ਅਤੇ ਸਰਹੱਦ ਪਾਰ ਤੋਂ ਵਧਦੇ ਸੁਰੱਖਿਆ ਖਤਰੇ ਤੋਂ ਸਾਡੇ ਲੋਕਾਂ ਦੀ ਰੱਖਿਆ ਕਰਨ ਵਿਚ ਸਮਰੱਥ ਹਨ।
ਮੁੱਖ ਮੰਤਰੀ ਦੀ ਕੁਰਸੀ ’ਤੇ ਪਹਿਲਾ ਦਲਿਤ ਚਿਹਰਾ
ਐਤਵਾਰ ਨੂੰ ਸਾਰਾ ਦਿਨ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਸੁਗਬੁਗਾਹਟਾਂ ਦਾ ਦੌਰ ਚਲਦਾ ਰਿਹਾ। ਹਾਲਾਂਕਿ ਸ਼ਾਮ ਢਲਦੇ-ਢਲਦੇ ਕਾਂਗਰਸ ਹਾਈਕਮਾਨ ਨੇ ਇਨ੍ਹਾਂ ਸਾਰੀਆਂ ਸੁਗਬੁਗਾਹਟਾਂ ’ਤੇ ਵਿਰਾਮ ਲਾ ਦਿੱਤਾ। ਇਸ ਦੇ ਨਾਲ ਪੰਜਾਬ ਵਿਚ ਮੁੱਖ ਮੰਤਰੀ ਦੀ ਕੁਰਸੀ ’ਤੇ ਪਹਿਲੀ ਵਾਰ ਕਿਸੇ ਦਲਿਤ ਚਿਹਰੇ ਨੂੰ ਬੈਠਾਉਣ ਦਾ ਇਤਿਹਾਸ ਵੀ ਰਚ ਦਿੱਤਾ ਗਿਆ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਸੇ ਦਲਿਤ ਨੂੰ ਮੁੱਖ ਮੰਤਰੀ ਬਣਾਉਣ ’ਤੇ ਕਿਹਾ ਕਿ ਇਹ ਕਾਂਗਰਸ ਨੇ ਸਾਰੇ ਸਿਆਸੀ ਦਲਾਂ ਨੂੰ ਧੋਬੀ ਪਲਟਾ ਦਿੱਤਾ ਹੈ। ਪੰਜਾਬ ਵਿਚ ਚੰਨੀ ਉੱਤਰ ਭਾਰਤ ਦੇ ਪਹਿਲੇ ਦਲਿਤ ਮੁੱਖ ਮੰਤਰੀ ਹੋਣਗੇ। ਬਾਦਲ ਨੇ ਕਿਹਾ ਕਿ ਚੰਨੀ ਸਿਆਸੀ ਚਸ਼ਮੇ ਨਾਲ ਹਰ ਗੱਲ ਨੂੰ ਬਰੀਕੀ ਨਾਲ ਸਮਝਦੇ ਹਨ।
ਉਪ ਮੁੱਖ ਮੰਤਰੀਆਂ ਅਤੇ ਮੰਤਰੀਆਂ ਨੂੰ ਸਹੁੰ ਬਾਅਦ ਵਿਚ
ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਦੱਸਿਆ ਕਿ ਸੋਮਵਾਰ ਨੂੰ ਕੇਵਲ ਚਰਨਜੀਤ ਸਿੰਘ ਚੰਨੀ ਸਹੁੰ ਚੁੱਕਣਗੇ। ਉਪ ਮੁੱਖ ਮੰਤਰੀ ਜਾਂ ਹੋਰ ਮੰਤਰੀਆਂ ਦੀ ਸਹੁੰ ਚੁੱਕ ਸਮਾਰੋਹ ਬਾਅਦ ਵਿਚ ਹੋਵੇਗਾ। ਰਾਵਤ ਨੇ ਕਿਹਾ ਕਿ ਆਮ ਰਾਏ ਹੈ ਕਿ 2 ਉਪ ਮੁੱਖ ਮੰਤਰੀਆਂ ਨੂੰ ਸਹੁੰ ਚੁੱਕਵਾਈ ਜਾਵੇ ਪਰ ਇਸਦਾ ਫੈਸਲਾ ਚੰਨੀ ਦੇ ਸਹੁੰ ਚੁੱਕ ਸਮਾਰੋਹ ਤੋਂ ਬਾਅਦ ਹੀ ਹੋ ਸਕੇਗਾ। ਚੰਨੀ ਸਹੁੰ ਚੁੱਕਣ ਤੋਂ ਬਾਅਦ ਕਾਂਗਰਸ ਹਾਈਕਮਾਨ ਦੀ ਸਹਿਮਤੀ ਨਾਲ ਹੀ ਮੰਤਰੀਆਂ ਅਤੇ ਉਪ ਮੁੱਖ ਮੰਤਰੀ ਦੇ ਤੌਰ ’ਤੇ ਨਾਂਵਾਂ ਦੀ ਚੋਣ ਕਰਨਗੇ।
ਰਾਵਤ ਨੇ ਕੀਤਾ ਐਲਾਨ
ਚਰਨਜੀਤ ਸਿੰਘ ਚੰਨੀ ਦੇ ਨਾਮ ਦਾ ਐਲਾਨ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਟਵੀਟ ਦੇ ਜ਼ਰੀਏ ਕੀਤਾ। ਰਾਵਤ ਨੇ ਟਵੀਟ ਕਰ ਕੇ ਲਿਖਿਆ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਸਰਵਸੰਮਤੀ ਨਾਲ ਪੰਜਾਬ ਦੇ ਕਾਂਗਰਸ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਹੈ। ਇਸ ਐਲਾਨ ਨਾਲ ਚੰਨੀ ਸਮਰਥਕਾਂ ਨੇ ਢੋਲ ਦੇ ਡਗੇ ’ਤੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ। ਢੋਲ ’ਤੇ ਨੱਚਦੇ ਸਮਰਥਕਾਂ ਵਿਚਕਾਰ ਹੀ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪ੍ਰੋਹਿਤ ਨੂੰ ਮਿਲਣ ਪੰਜਾਬ ਰਾਜਭਵਨ ਪਹੁੰਚੇ।
ਸਿੱਧੂ ਦੇ ਨਾਂ ’ਤੇ ਲੜੀਆਂ ਜਾਣਗੀਆਂ ਚੋਣਾਂ, ਰਾਵਤ ਦਾ ਟਵਿਸਟ
ਹਰੀਸ਼ ਰਾਵਤ ਨੇ ਚੰਨੀ ਦੇ ਨਾਂ ਦੇ ਐਲਾਨ ਤੋਂ ਬਾਅਦ ਪੰਜਾਬ ਕਾਂਗਰਸ ਦੇ ਖੇਮੇ ਵਿਚ ਵੱਡਾ ਟਵਿਸਟ ਵੀ ਦਿੱਤਾ ਕਿ 2022 ਦੀਆਂ ਵਿਧਾਨਸਭਾ ਚੋਣਾਂ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹੀ ਸਾਹਮਣੇ ਰੱਖ ਕੇ ਲੜੀਆਂ ਜਾਣਗੀਆਂ। ਸਿੱਧੂ ਨੂੰ ਐਂਟੀ ਨੈਸ਼ਨਲ ਕਹੇ ਜਾਣ ’ਤੇ ਰਾਵਤ ਨੇ ਕਿਹਾ ਕਿ ਇਹ ਟਿੱਪਣੀ ਹੈ। ਹਰੀਸ਼ ਰਾਵਤ ਨੇ ਇਹ ਵੀ ਕਿਹਾ ਕਿ ਚੰਨੀ ਦੇ ਨਾਮ ’ਤੇ ਕੋਈ ਮੱਤਭੇਦ ਨਹੀਂ ਹੋਇਆ ਹੈ। ਇਹ ਸਿਰਫ ਕਿਆਸਬਾਜ਼ੀਆਂ ਹਨ। ਰਾਵਤ ਨੇ ਕਿਹਾ ਕਿ ਇਹ ਕਹਿਣਾ ਬਿਲਕੁੱਲ ਅਣ-ਉਚਿਤ ਹੈ ਕਿ ਰੰਧਾਵਾ ਦੇ ਨਾਲ ਜ਼ਿਆਦਾ ਵਿਧਾਇਕਾਂ ਦਾ ਸਮਰਥਨ ਸੀ ਜਾਂ ਰੰਧਾਵਾ ਦਾ ਰਾਹ ਕਿਸੇ ਨੇ ਰੋਕਿਆ ਹੈ। ਕਿਸੇ ਨੇ ਕਿਸੇ ਨੂੰ ਨਹੀਂ ਰੋਕਿਆ।
ਸੂਤਰੀ ਏਜੰਡੇ ਨੂੰ ਪੂਰਾ ਕਰਨ ਦੀ ਉਮੀਦ : ਰਾਵਤ
ਚੰਨੀ ਦੇ ਨਾਮ ਦੇ ਐਲਾਨ ਹੋਣ ਤੋਂ ਬਾਅਦ ਪਹਿਲੀ ਵਾਰ ਰੂ-ਬ-ਰੂ ਹੋਏ ਹਰੀਸ਼ ਰਾਵਤ ਨੇ ਕਿਹਾ ਕਿ ਚੰਨੀ ਤੋਂ ਪੰਜਾਬ ਦੇ ਲੋਕਾਂ ਨੂੰ ਬਹੁਤ ਉਮੀਦਾਂ ਹਨ। ਉਨ੍ਹਾਂ ਦਾ ਲੰਬਾ ਪ੍ਰਸ਼ਾਸਨਿਕ ਤਜ਼ਰਬਾ ਹੈ। ਵੱਡੀ ਗੱਲ ਇਹ ਹੈ ਕਿ ਉਹ ਸਮਾਜ ਦੇ ਸਭ ਤੋਂ ਹੇਠਲੇ ਤਬਕੇ ਮਤਲਬ ਗਰੀਬ ਤਬਕੇ ਤੋਂ ਆਉਂਦੇ ਹਨ, ਜਿਸ ਤਬਕੇ ਨੇ ਖੁਦ ਮੁਸ਼ਕਿਲਾਂ ਝੱਲੀਆਂ ਹਨ। ਹੁਣ ਚੰਨੀ ਤੋਂ ਉਮੀਦ ਰਹੇਗੀ ਕਿ ਜੋ 5 ਸੂਤਰੀ ਏਜੰਡੇ ਨੂੰ, ਜੋ ਪੰਜਾਬ ਕਾਂਗਰਸ ਪ੍ਰਧਾਨ ਨੇ ਸਾਬਕਾ ਮੁੱਖ ਮੰਤਰੀ ਨੂੰ ਸੌਂਪਿਆ ਸੀ, ਚੰਨੀ ਉਨ੍ਹਾਂ ਬਿੰਦੂਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ। ਹਾਲਾਂਕਿ ਇਹ ਕੰਮ ਉਦੋਂ ਹੋਵੇਗਾ, ਜਦੋਂ ਕੌਂਸਲ ਆਫ ਮਿਨਿਸਟਰ ਤੈਅ ਹੋ ਜਾਣਗੇ। ਰਾਵਤ ਨੇ ਕਿਹਾ ਕਿ ਚੰਨੀ ਚੰਗੇ ਸਿਆਸਤਦਾਨ ਹਨ, ਇਸ ਲਈ ਉਨ੍ਹਾਂ ਦੇ ਨਾਮ ’ਤੇ ਹੈਰਾਨੀ ਵਾਲੀ ਕੋਈ ਗੱਲ ਨਹੀਂ ਹੈ।
ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਲੱਗਾ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ
ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਦੇ ਐਲਾਨ ਤੋਂ ਪਹਿਲਾਂ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਮੁੱਖ ਮੰਤਰੀ ਬਣਨ ਦੀਆਂ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ। ਮਾਹੌਲ ਇਹ ਰਿਹਾ ਕਿ ਰੰਧਾਵਾ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਵਧਾਈ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਪਹਿਲਾਂ ਉਨ੍ਹਾਂ ਦੇ ਨਾਮ ਦਾ ਐਲਾਨ ਹੋ ਜਾਵੇ, ਫਿਰ ਵਧਾਈ ਸਵੀਕਾਰ ਕਰਾਂਗਾ। ਹਾਲਾਂਕਿ ਬਾਅਦ ਵਿਚ ਸੁਖਜਿੰਦਰ ਰੰਧਾਵਾ ਨੇ ਇਹ ਕਹਿ ਕੇ ਨਵਾਂ ਸ਼ੱਕ ਖੜ੍ਹਾ ਕਰ ਦਿੱਤਾ ਕਿ ਹਾਲੇ ਨਵੇਂ ਨਾਮ ਲਈ 2-3 ਘੰਟੇ ਇੰਤਜ਼ਾਰ ਕਰਨਾ ਹੋਵੇਗਾ।
ਸੁਨੀਲ ਜਾਖੜ ਦੇ ਜ਼ਰੀਏ ਹਿੰਦੂ ਵੋਟਬੈਂਕ ਦੀ ਚਰਚਾ ਰਹੀ ਗਰਮ, ਸਿੱਧੂ ਦਾ ਨਾਮ ਵੀ ਚਰਚਾ ’ਚ
ਐਤਵਾਰ ਨੂੰ ਸਾਰਾ ਦਿਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਮੇਤ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਨਾਮ ਨੂੰ ਲੈ ਕੇ ਵੀ ਚਰਚਾਵਾਂ ਦਾ ਬਾਜ਼ਾਰ ਗਰਮ ਰਿਹਾ। ਕਿਹਾ ਗਿਆ ਕਿ ਹਿੰਦੂ ਵੋਟਬੈਂਕ ਨੂੰ ਸਾਧਣ ਲਈ ਕਾਂਗਰਸ ਹਾਈਕਮਾਨ ਪੰਜਾਬ ਵਿਚ ਸੁਨੀਲ ਜਾਖੜ ਦੇ ਤੌਰ ’ਤੇ ਹਿੰਦੂ ਚਿਹਰੇ ਨੂੰ ਮੁੱਖ ਮੰਤਰੀ ਅਹੁਦੇ ’ਤੇ ਬਿਠਾ ਸਕਦੀ ਹੈ। ਇਹ ਕਿਆਸਬਾਜ਼ੀ ਇਸ ਲਈ ਵੀ ਗਰਮਾਈ ਕਿਉਂਕਿ ਵਿਧਾਇਕ ਦਲ ਦੀ ਬੈਠਕ ਨੂੰ ਲੈ ਕੇ ਸਭ ਤੋਂ ਜ਼ਿਆਦਾ ਉਤਸ਼ਾਹ ਸੁਨੀਲ ਜਾਖੜ ਨੇ ਹੀ ਵਿਖਾਇਆ ਸੀ। ਸੁਨੀਲ ਜਾਖੜ ਨੇ ਬਕਾਇਦਾ ਟਵੀਟ ਕਰ ਕੇ ਰਾਹੁਲ ਗਾਂਧੀ ਦਾ ਵਿਧਾਇਕ ਦਲ ਦੀ ਬੈਠਕ ਬੁਲਾਉਣ ਲਈ ਧੰਨਵਾਦ ਕੀਤਾ।
ਅੰਬਿਕਾ ਸੋਨੀ ਨੇ ਮੁੱਖ ਮੰਤਰੀ ਬਣਨ ਤੋਂ ਕੀਤਾ ਇਨਕਾਰ, ਸਿੱਖ ਚਿਹਰੇ ਦੀ ਕੀਤੀ ਵਕਾਲਤ
ਸੁਖਜਿੰਦਰ ਰੰਧਾਵਾ ਤੋਂ ਪਹਿਲਾਂ ਕਾਂਗਰਸ ਦੀ ਸੀਨੀਅਰ ਨੇਤਾ ਅੰਬਿਕਾ ਸੋਨੀ ਦਾ ਨਾਮ ਵੀ ਮੁੱਖ ਮੰਤਰੀ ਅਹੁਦੇ ਲਈ ਚਰਚਾ ’ਚ ਆਇਆ। ਇਹ ਵੱਖਰੀ ਗੱਲ ਹੈ ਕਿ ਖੁਦ ਅੰਬਿਕਾ ਸੋਨੀ ਨੇ ਹੀ ਕਹਿ ਦਿੱਤਾ ਕਿ ਉਨ੍ਹਾਂ ਦੀ ਮੁੱਖ ਮੰਤਰੀ ਅਹੁਦਾ ਕਬੂਲ ਕਰਨ ਦੀ ਕੋਈ ਇੱਛਾ ਨਹੀਂ ਹੈ। ਸੋਨੀ ਨੇ ਰਾਹੁਲ ਗਾਂਧੀ ਨਾਲ ਵੀ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਸੋਨੀ ਨੇ ਕਿਹਾ ਕਿ ਉਨ੍ਹਾਂ ਨੇ ਹਾਈਕਮਾਨ ਨੂੰ ਰਾਏ ਦਿੱਤੀ ਹੈ ਕਿ ਹਿੰਦੂ ਚਿਹਰੇ ਦੀ ਥਾਂ ਕਿਸੇ ਸਿੱਖ ਚਿਹਰੇ ਨੂੰ ਮੁੱਖ ਮੰਤਰੀ ਬਣਾਇਆ ਜਾਵੇ।