Web Desk-Harsimranjit Kaur
ਬਟਾਲਾ, 19 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)- ਬਟਾਲਾ ਵਿਖੇ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ, ਸ਼ਰੀਕੇ ’ਚੋਂ ਲੱਗਦੇ ਮਾਮੇ ਵੱਲੋਂ ਆਪਣੇ ਮਾਸੂਮ 7 ਸਾਲਾ ਭਾਣਜੇ ਨੂੰ ਹੀ ਬੁਰੀ ਤਰ੍ਹਾਂ ਕਹੀ ਨਾਲ ਵੱਢ ਦਿੱਤਾ। ਜਾਣਕਾਰੀ ਮੁਤਾਬਕ 7 ਸਾਲਾ ਹਰਮਨ ਪੁੱਤਰ ਜਸਵਿੰਦਰ ਵਾਸੀ ਪਿੰਡ ਮਨੇਸ਼ ਆਪਣੀ ਨਾਨੀ ਦੇ ਭੋਗ ’ਤੇ ਆਪਣੀ ਮਾਤਾ ਨਾਲ ਪਿੰਡ ਡੇਅਰੀਵਾਲ ਦਰੋਗਾ ਵਿਖੇ ਆਇਆ ਸੀ। ਬਾਅਦ ਦੁਪਹਿਰ ਹਰਮਨ ਘਰ ਦੇ ਬਾਹਰ ਬੱਚਿਆਂ ਨਾਲ ਖੇਡ ਰਿਹਾ ਸੀ ਕਿ ਅਚਾਨਕ ਉਸ ਦੀ ਮਾਤਾ ਦੇ ਚਚੇਰੇ ਭਰਾ, ਜੋ ਲੜਕੇ ਦਾ ਮਾਮਾ ਹੀ ਲੱਗਦਾ ਹੈ, ਨੇ ਉਸ ਬੱਚੇ ਦੇ ਸਿਰ ’ਤੇ ਕਹੀ ਨਾਲ ਵਾਰ ਕਰਦਿਆਂ ਉਸ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਪਰਿਵਾਰ ਵਾਲੇ ਉਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਆਏ, ਜਿਥੇ ਡਾਕਟਰਾਂ ਵੱਲੋਂ ਉਸ (ਹਰਮਨ) ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
ਇਹ ਵੀ ਪੜ੍ਹੋ : ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਦੀ ਹੋਈ ਮੰਗਣੀ, ਇੰਸਟਾਗ੍ਰਾਮ ‘ਤੇ ਸਾਂਝੀਆਂ ਕੀਤੀਆਂ ਸੁੰਦਰ ਤਸਵੀਰਾਂ
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਧਾਰੀਵਾਲ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਰੰਧਾਵਾ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਗਿਆ ਹੈ। ਐੱਸ. ਐੱਚ. ਓ. ਰੰਧਾਵਾ ਨੇ ਕਿਹਾ ਕਿ ਪਰਿਵਾਰਕ ਮੈਂਬਰਾਨ ਵਲੋਂ ਜੋ ਬਿਆਨ ਦਰਜ ਕਰਵਾਏ ਜਾਣਗੇ, ਉਸ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।