* ਸਿਵਲ ਸਰਜਨ ਬਠਿੰਡਾ ਨੇ ਐਸਐਸਪੀ ਨੂੰ ਦੋਸ਼ੀ ਕਰਮਚਾਰੀ ਖ਼ਿਲਾਫ਼ ਐਫ.ਆਈ.ਆਰ. ਦਰਜ ਕਰਨ ਲਈ ਕਿਹਾ
* ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਘਟਨਾ ਦਾ ਗੰਭੀਰ ਨੋਟਿਸ ਲਿਆ; ਜਾਂਚ ਕਮੇਟੀ ਗਠਿਤ ਦਾ ਦਿੱਤਾ ਆਦੇਸ਼
ਚੰਡੀਗੜ੍ਹ, 9 ਅਕਤੂਬਰ (ਸ਼ਿਵ ਨਾਰਾਇਣ ਜਾਂਗੜਾ): ਬਠਿੰਡਾ ਦੇ ਬਲੱਡ ਬੈਂਕ ਵਿੱਚ ਗਲਤ ਖ਼ੂਨ ਚੜ੍ਹਾਉਣ ਦੀ ਘਟਨਾ ਦੇ ਸਬੰਧ ਵਿੱਚ ਜਾਂਚ ਕਮੇਟੀ ਦੀ ਰਿਪੋਰਟ `ਤੇ ਕਾਰਵਾਈ ਕਰਦਿਆਂ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਨੇ ਘੋਰ ਅਣਗਹਿਲੀ ਲਈ ਕਰਮਚਾਰੀਆਂ ਨੂੰ ਮੁਅੱਤਲ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਅੱਜ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਬਲਦੇਵ ਸਿੰਘ ਰੋਮਾਣਾ ਜੋ ਬਲੱਡ ਬੈਂਕ ਵਿਖੇ ਇੱਕ ਮੈਡੀਕਲ ਲੈਬ ਟੈਕਨੀਸ਼ੀਅਨ ਗਰੇਡ -1 ਵਜੋਂ ਤਾਇਨਾਤ ਹੈ, ਐਨ.ਐਚ.ਐਮ. ਪੰਜਾਬ ਅਧੀਨ ਬੀ.ਟੀ.ਓ ਡਾ ਕ੍ਰਿਸ਼ਨ ਗੋਇਲ, ਸਿਵਲ ਹਸਮਤਾਲ ਵਿਖੇ ਕੰਮ ਕਰ ਰਹੇ ਪੀ.ਐਚ.ਐਸ.ਸੀ. ਅਧੀਨ ਐਮ.ਐਲ.ਟੀ. ਰਿਚਾ ਗੋਇਲ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਗਿਆ ਹੈ।
ਇਸ ਦੌਰਾਨ ਸਿਵਲ ਸਰਜਨ ਬਠਿੰਡਾ ਨੇ ਐਸਐਸਪੀ, ਬਠਿੰਡਾ ਨੂੰ ਪੱਤਰ ਲਿਖ ਕੇ ਕਰਮਚਾਰੀ ਖ਼ਿਲਾਫ਼ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ ਅਤੇ ਹੋਰ ਲੋੜੀਂਦੀ ਕਾਨੂੰਨੀ ਕਾਰਵਾਈ ਕਰਨ ਲਈ ਵੀ ਕਿਹਾ ਹੈ।
ਜ਼ਿਕਰਯੋਗ ਹੈ ਕਿ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਇਸ ਘਟਨਾ ਦਾ ਸਖ਼ਤ ਨੋਟਿਸ ਲਿਆ ਸੀ ਅਤੇ ਤੁਰੰਤ ਜਾਂਚ ਕਮੇਟੀ ਗਠਿਤ ਕਰਨ ਦੇ ਆਦੇਸ਼ ਦਿੱਤੇ ਸਨ। ਉਨ੍ਹਾਂ ਦੇ ਨਿਰਦੇਸ਼ਾਂ `ਤੇ ਸਿਹਤ ਵਿਭਾਗ ਵੱਲੋਂ ਤਿੰਨ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਨੇ ਆਪਣੀ ਰਿਪੋਰਟ ਵਿਚ ਕਰਮਚਾਰੀ ਨੂੰ ਘੋਰ ਅਣਗਹਿਲੀ ਲਈ ਦੋਸ਼ੀ ਪਾਇਆ। ਗੌਰਤਲਬ ਹੈ ਕਿ ਕੁਝ ਦਿਨ ਪਹਿਲਾਂ ਬਠਿੰਡਾ ਦੇ ਭਾਈ ਮਨੀ ਸਿੰਘ ਸਿਵਲ ਹਸਪਤਾਲ ਵਿਖੇ ਇੱਕ 7 ਸਾਲਾ ਥੈਲੇਸੀਮੀਆ ਮਰੀਜ਼ ਨੂੰ ਐਚਆਈਵੀ ਪਾਜ਼ੇਟਿਵ ਮਰੀਜ਼ ਦਾ ਖੂਨ ਦਿੱਤਾ ਗਿਆ ਸੀ। ਹਸਪਤਾਲ ਦੇ ਬਲੱਡ ਬੈਂਕ ਨੇ ਇਕ ਦਾਨੀ ਕੋਲੋਂ ਖੂਨ ਲੈਣ ਤੋਂ ਬਾਅਦ ਯੂਨਿਟ ਜਾਰੀ ਕੀਤੇ ਸਨ ਅਤੇ ਲਾਜ਼ਮੀ ਜਾਂਚ-ਪੜਤਾਲ ਨਹੀਂ ਕੀਤੀ।