ਪਟਿਆਲਾ, 20 ਮਾਰਚ:(ਪੀਤਾਂਬਰ ਸ਼ਰਮਾ)
ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਜ਼ਿਲ੍ਹਾ ਨਿਵਾਸੀਆਂ ਨੂੰ ਕੋਰੋਨਾਵਾਇਰਸ ਕਰਕੇ ਪੈਦਾ ਹੋ ਰਹੀ ਸਥਿਤੀ ਦੇ ਮੱਦੇਨਜ਼ਰ ਘਬਰਾਹਟ ‘ਚ ਨਾ ਆਉਣ ਦੀ ਅਪੀਲ ਕੀਤੀ ਹੈ। ਕਿਸੇ ਵੀ ਤਰ੍ਹਾਂ ਦੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਦਾ ਸੱਦਾ ਦਿੰਦਿਆਂ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਤੇ ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਟਾਕਰਾ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹੈ, ਇਸ ਲਈ ਲੋਕ ਗ਼ੈਰਜ਼ਰੂਰੀ ਆਵਾਜਾਈ ਬੰਦ ਕਰਕੇ ਘਰਾਂ ‘ਚ ਰਹਿਣ ਨੂੰ ਪਹਿਲ ਦੇਣ ਅਤੇ ਗ਼ੈਰਜ਼ਰੂਰੀ ਖ਼ਰੀਦੋ-ਫ਼ਰੋਖਤ ਕਰਨ ਲਈ ਬਾਜ਼ਾਰਾਂ ਵਿੱਚ ਭੀੜ ਨਾ ਕਰਨ। ਉਨ੍ਹਾਂ ਨੇ ਬਾਜ਼ਾਰਾਂ ਵਿੱਚ ਵਸਤਾਂ ਦੀ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਕਰਨ ਤੋਂ ਵਰਜਿਆ ਹੈ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਨੇ ਪਟਿਆਲਾ ਦੇ ਰੇਲਵੇ ਸਟੇਸ਼ਨ ਦਾ ਦੌਰਾ ਕਰਕੇ ਉਥੇ ਸਾਫ਼-ਸਫ਼ਾਈ ਅਤੇ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮੁਸਾਫ਼ਰਾਂ ਨੂੰ ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣ ਲਈ ਜਾਗਰੂਕ ਕੀਤਾ। ਸ੍ਰੀ ਕੁਮਾਰ ਅਮਿਤ ਨੇ ਸਟੇਸ਼ਨ ਸੁਪਰਡੰਟ ਸ. ਅਜੀਤ ਸਿੰਘ ਚੀਮਾ ਤੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੀਤੇ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਹਦਾਇਤ ਕੀਤੀ ਕਿ ਟਿਕਟ ਖਿੜਕੀ ‘ਤੇ ਯਾਤਰੂਆਂ ਦੀ ਇੱਕ-ਦੂਜੇ ਤੋਂ 1 ਮੀਟਰ ਦੀ ਦੂਰੀ ਬਣਾਏ ਰੱਖਣ ਲਈ ਲਾਲ ਲਾਈਨਾਂ ਲਗਵਾਈਆਂ ਜਾਣ। ਸ. ਚੀਮਾ ਨੇ ਦੱਸਿਆ ਕਿ ਰੇਲ ਮੁਸਾਫਰਾਂ ਦੀ ਗਿਣਤੀ ‘ਚ ਵੀ ਕਮੀ ਆਈ ਹੈ ਅਤੇ ਰੇਲਵੇ ਨੇ ਅੰਬਾਲਾ-ਗੰਗਾਨਗਰ 14525 ਅਤੇ 14526 ਟ੍ਰੇਨ ਰੱਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਟੇਸ਼ਨ ‘ਤੇ ਕੋਵਿਡ-19 ਤੋਂ ਬਚਾਅ ਲਈ ਅਨਾਊਂਸਮੈਂਟ 24 ਘੰਟੇ ਕਰਵਾਈ ਜਾ ਰਹੀ ਹੈ। ਸ. ਚੀਮਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ‘ਤੇ ਤੁਰੰਤ ਅਮਲ ਕਰਦਿਆਂ ਟਿਕਟ ਖਿੜਕੀ ਦੇ ਮੂਹਰੇ ਲਾਲ ਲਾਇਨਾਂ ਲਗਵਾ ਦਿੱਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ”ਇਸ ਵੇਲੇ ਸਾਡੇ ਲਈ ਇਹ ਸਭ ਤੋਂ ਮਹੱਤਵਪੂਰਨ ਹੈ ਕਿ ਅਸੀਂ ਪੂਰੀ ਤਰਾਂ ਸੁਚੇਤ ਰਹਿਕੇ ਅਫ਼ਵਾਹਾਂ ਤੋਂ ਦੂਰ ਰਹੀਏ ਤੇ ਨਾਲ ਹੀ ਜਰੂਰੀ ਸਾਵਧਾਨੀਆਂ ਵਰਤਦੇ ਹੋਏ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਦਿੱਤੀਆਂ ਜਾਂਦੀਆਂ ਹਦਾਇਤਾਂ ਦਾ ਪਾਲਣ ਕਰੀਏ।” ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਕਿਤੇ ਵੀ ਕਰਫ਼ਿਊ ਨਹੀਂ ਲਗਾਇਆ ਜਾ ਰਿਹਾ ਇਸ ਲਈ ਲੋਕ ਘਬਰਾਹਟ ‘ਚ ਆ ਕੇ ਗ਼ੈਰਜ਼ਰੂਰੀ ਖ਼ਰੀਦੋ-ਫ਼ਰੋਖ਼ਤ ਤੋਂ ਗੁਰੇਜ਼ ਕਰਨ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਇਸ ਸਥਿਤੀ ‘ਤੇ ਕੁਝ ਸਾਵਧਾਨੀਆਂ ਵਰਤਦੇ ਹੋਏ ਅਤੇ ਸਧਾਰਨ ਤੌਰ ਤਰੀਕੇ, ਜਿਵੇ ਕਿ ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣੀ ਆਦਿ, ਅਪਣਾ ਕੇ ਕਾਬੂ ਪਾਇਆ ਜਾ ਸਕਦਾ ਹੈ। ਗ਼ੈਰ ਜ਼ਰੂਰੀ ਆਵਾਜਾਈ ਤੋਂ ਗੁਰੇਜ਼ ਕਰੋ, ਜਿੰਨਾਂ ਹੋ ਸਕੇ ਘਰਾਂ ‘ਚ ਰਹੋ ਅਤੇ ਆਪਣੇ ਪਰਿਵਾਰਾਂ ‘ਚ ਬਜ਼ੁਰਗਾਂ ਤੇ ਬੱਚਿਆਂ ਦਾ ਖਾਸ ਖਿਆਲ ਰੱਖਦੇ ਹੋਏ ਸਵੱਛਤਾ ਯਕੀਨੀ ਬਣਾਓ। ਆਪਣੇ ਹੱਥ ਲਗਾਤਾਰ ਧੋਂਹਦੇ ਰਹੋ, ਅੱਖਾਂ, ਨੱਕ ਅਤੇ ਮੂੰਹ ਨੂੰ ਛੂਹਣ ਤੋਂ ਬਚੋ।
ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਆਪਣੇ ਆਂਢ-ਗੁਆਂਢ ‘ਤੇ ਨਜ਼ਰ ਰੱਖੀ ਜਾਵੇ ਤੇ ਜੇਕਰ ਕੋਈ ਵਿਅਕਤੀ ਪਿਛਲੇ ਦੋ ਹਫ਼ਤਿਆਂ ਦੌਰਾਨ ਵਿਦੇਸ਼ ਤੋਂ ਆਇਆ ਹੈ ਤਾਂ ਉਸਦੀ ਸੂਚਨਾ ਪ੍ਰਸ਼ਾਸਨ ਨੂੰ ਜਰੂਰ ਦਿਓ। ਉਨ੍ਹਾਂ ਕਿਹਾ ਕਿ ਪਟਿਆਲਾ ਜ਼ਿਲ੍ਹਾ ਪ੍ਰਸ਼ਾਸਨ ਜ਼ਿਲ੍ਹਾ ਨਿਵਾਸੀਆਂ ਦੇ ਨਾਲ ਖੜ੍ਹਾ ਹੈ ਅਤੇ ਸਖ਼ਤ ਮਿਹਨਤ ਕਰਦਿਆਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਦਾ ਟਾਕਰਾ ਕਰਨ ਲਈ ਹਰ ਤਰ੍ਹਾਂ ਦੇ ਸਾਜ਼ੋ-ਸਮਾਨ ਨਾਲ ਲੈਸ ਅਤੇ ਪੂਰੀ ਤਰ੍ਹਾਂ ਤਿਆਰ ਹੈ।