* ਪਰਨੀਤ ਕੌਰ ਨੇ ਮਹਾਂਮਾਰੀ ਕਰਕੇ ਸਮਾਜ ਦੇ ਘੱਟ ਆਮਦਨ ਵਾਲੇ ਤਬਕੇ ਉਪਰ ਪਏ ਵਿੱਤੀ ਪ੍ਰਭਾਵ ਦਾ ਮੁੱਦਾ ਸੰਸਦ ‘ਚ ਉਠਾਇਆ
ਪਟਿਆਲਾ, 20 ਮਾਰਚ:(ਪੀਤਾਂਬਰ ਸ਼ਰਮਾ)
ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਨੇ ਸ਼ੁੱਕਰਵਾਰ ਨੂੰ ਲੋਕ ਸਭਾ ‘ਚ ਦਿੱਤੇ ਆਪਣੇ ਭਾਸ਼ਣ ਦੌਰਾਨ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਅਤਿਅੰਤ ਮੁਸ਼ਕਿਲ ਸਮਾਂ ਝੱਲ ਰਹੇ ਦਿਹਾੜੀਦਾਰ ਕਾਮਿਆਂ ਤੇ ਸਮਾਜ ਦੇ ਘੱਟ ਆਮਦਨ ਵਾਲੇ ਤਬਦਿਆਂ ਦੀ ਇਮਦਾਦ ਕਰਨ ਲਈ ਕੇਂਦਰ ਸਰਕਾਰ ਦੇ ਤੁਰੰਤ ਦਖਲ ਦੀ ਮੰਗ ਕੀਤੀ।
ਆਪਣਾ ਸੁਝਾਅ ਦਿੰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਕਿਹਾ ਕਿ ਗਰੀਬਾਂ ਤੇ ਦਿਹਾੜੀਦਾਰਾਂ ਲਈ ਇਹ ਰਾਹਤ ਆਰਜੀ ਸਹਾਇਤਾ ਜਾਂ ਵਿੱਤੀ ਪੈਕੇਜ ਦੇ ਰੂਪ ‘ਚ ਵੀ ਹੋ ਸਕਦੀ ਹੈ। ਉਨ੍ਹਾਂ ਨੇ ਅਜੋਕੇ ਹਾਲਾਤ ‘ਚ ਰੋਜ਼ਾਨਾ ਕਮਾ ਕੇ ਖਾਣ ਵਾਲੇ ਅਤੇ ਆਪਣੀਆਂ ਨਿੱਤ ਦੀਆਂ ਲੋੜਾਂ ਪੂਰੀਆਂ ਕਰਨ ਲਈ ਜੂਝ ਰਹੇ ਕਾਮਿਆਂ ਨੂੰ ਵਿੱਤੀ ਰਾਹਤ ਪ੍ਰਦਾਨ ਕਰਨ ਲਈ ਕੇਂਦਰੀ ਕਿਰਤ ਤੇ ਰੋਜ਼ਗਾਰ ਮੰਤਰਾਲੇ ਵੱਲੋਂ ਤੁਰੰਤ ਇੱਕ ਨੀਤੀ ਬਣਾਏ ਜਾਣ ‘ਤੇ ਵੀ ਜ਼ੋਰ ਦਿੱਤਾ।
ਪਟਿਆਲਾ ਤੋਂ ਐਮ.ਪੀ. ਨੇ ਇਹ ਮੰਗਾਂ ਲੋਕ ਸਭਾ ‘ਚ ਜਰੂਰੀ ਜਨਤਕ ਹਿੱਤਾਂ ‘ਤੇ ਕੀਤੀ ਜਾ ਰਹੀ ਵਿਸ਼ੇਸ਼ ਚਰਚਾ ‘ਚ ਰੱਖੀਆਂ। ਸ੍ਰੀਮਤੀ ਪਰਨੀਤ ਕੌਰ ਨੇ ਕਾਰਪੋਰੇਟ ਘਰਾਣਿਆਂ ਤੇ ਹੋਰ ਕੰਪਨੀਆਂ ਨੂੰ ਵੀ ਆਪਣੀ ਸਮਾਜਿਕ ਜਿੰਮੇਵਾਰੀ ਨਿਭਾਉਣ ‘ਤੇ ਜ਼ੋਰ ਦਿੰਦਿਆਂ ਕੋਰੋਨਾਵਾਇਰਸ ਦੀ ਮਹਾਂਮਾਰੀ ਕਰਕੇ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਅਤੇ ਔਖਾ ਸਮਾਂ ਕੱਟ ਰਹੇ ਇਨ੍ਹਾਂ ਨਾਗਰਿਕਾਂ ਦੀ ਵਿੱਤੀ ਮਦਦ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ।
ਇਸ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਦੁਹਰਾਇਆ ਕਿ ਜਿਸ ਪ੍ਰਕਾਰ ਪੰਜਾਬ ‘ਚ ਸਥਿਤੀ ਪੂਰੀ ਨਿਯੰਤਰਣ ਅਧੀਨ ਹੈ, ਉਸ ਲਈ ਘਬਰਾਉਣ ਦੀ ਲੋੜ ਨਹੀਂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਕੋਵਿਡ-19 ਦੇ ਮੱਦੇਨਜ਼ਰ ਪੈਦਾ ਹੋਣ ਵਾਲੀ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਸ੍ਰੀਮਤੀ ਪਰਨੀਤ ਕੌਰ ਨੇ ਇਨ੍ਹਾਂ ਝੂਠੀਆਂ ਅਫ਼ਵਾਹਾਂ ਤੇ ਖ਼ਬਰਾਂ ਦਾ ਵੀ ਖੰਡਨ ਕੀਤਾ ਕਿ ਰਾਜ ਅੰਦਰ ਅੱਧ ਅੱਧੀ ਰਾਤ ਤੋਂ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀ ਕਾਰਵਾਈ ਨਹੀਂ ਕੀਤੀ ਜਾ ਰਹੀ।
ਸ੍ਰੀਮਤੀ ਪਰਨੀਤ ਕੌਰ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਉਹ ਵੱਡੇ ਇਕੱਠਾਂ ‘ਚ ਨਾ ਜਾਣ। ਇਸ ਤੋਂ ਬਿਨ੍ਹਾਂ ਹੱਥ ਮਿਲਾਉਣ ਤੋਂ ਵੀ ਪਰਹੇਜ਼ ਕਰਨ ਅਤੇ ਸਮੇਂ-ਸਮੇਂ ‘ਤੇ ਸੈਨੇਟਾਈਜ਼ਰ ਨਾਲ ਹੱਥ ਸਾਫ਼ ਕਰਨ ਜਾਂ ਲਗਾਤਾਰ ਹੱਥ ਸਾਫ਼ ਰੱਖਣ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਸੰਭਵ ਹੈ ਪਰ ਇਸ ਲਈ ਸਾਨੂੰ ਪੂਰੀ ਤਰ੍ਹਾਂ ਸੁਚੇਤ ਰਹਿਣ ਅਤੇ ਸਾਫ਼ ਸਫ਼ਾਈ ਦਾ ਧਿਆਨ ਰੱਖਣ ਦੀ ਲੋੜ ਹੈ।