ਵੈਨਕੂਵਰ , 28 ਮਾਰਚ (ਅਮ੍ਰਿਤਪਾਲ ਸਿੰਘ ਸਾਹਨੀ) : ਕੈਨੇਡਾ ‘ਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ ਨਵੇਂ ਮਾਮਲੇ 67 ਆਉਣ ਨਾਲ ਹੁਣ ਕੁੱਲ ਗਿਣਤੀ 486 ਹੋ ਚੁੱਕੀ ਹੈ | ਜਿਨ੍ਹਾਂ ਵਿਚ ਕੈਲਗਰੀ ਜ਼ੋਨ ਵਿਚ 300 ਮਾਮਲੇ, ਐਡਮਿੰਟਨ ਜ਼ੋਨ ਵਿਚ 111 ਮਾਮਲੇ, ਉੱਤਰੀ ਜ਼ੋਨ ਵਿਚ 26 ਮਾਮਲੇ, ਸੈਂਟਰਲ ਜ਼ੋਨ ਵਿਚ 37 ਮਾਮਲੇ, ਦੱਖਣੀ ਜ਼ੋਨ ਵਿਚ 12 ਮਾਮਲੇ ਪਾਏ ਗਏ ਹਨ | ਸਿਹਤ ਵਿਭਾਗ ਦੀ ਮੁੱਖ ਮੈਡੀਕਲ ਅਧਿਕਾਰੀ ਡਾ. ਡੀਨਾ ਹਿੰਸਾ ਨੇ ਦੱਸਿਆ ਕਿ ਇਨ੍ਹਾਂ ਮਾਮਲਿਆਂ ‘ਚੋਂ 21 ਮਾਮਲੇ ਇਸ ਵੇਲੇ ਹਸਪਤਾਲ ਵਿਚ ਦਾਖਲ ਹਨ | ਜਿਨ੍ਹਾਂ ਵਿਚ 10 ਇੰਟੈਂਸਿਵ ਕੇਅਰ ਯੂਨਿਟ (ਆਈ.ਸੀ.ਯੂ.) ਵਿਚ ਦਾਖਲ ਹਨ | ਕੱਲ੍ਹ ਮਾਮਲਿਆਂ ਵਿਚ 34 ਕੇਸ ਕਮਿਊਨਿਟੀ ਵਿਚ ਫੈਲਣ ਕਾਰਨ ਹੋ ਸਕਦੇ ਹਨ | ਇੱਥੇ ਗੱਲ ਦੱਸਣਯੋਗ ਹੈ ਕਿ ਸਭ ਤੋਂ ਜ਼ਿਆਦਾ ਮਾਮਲੇ ਕੈਲਗਰੀ ਜ਼ੋਨ ਵਿਚ ਪਿਛਲੇ ਦਿਨਾਂ ਤੋਂ ਪਾਏ ਜਾ ਰਹੇ ਹਨ | ਜਿਸ ਕਰਕੇ ਕੈਲਗਰੀ ਵਾਸੀ ਇਸ ਗੱਲ ਨੂੰ ਲੈ ਕੇ ਕਾਫ਼ੀ ਸਹਿਮੇ ਹੋਏ ਦਿਖਾਈ ਦੇਣ ਲੱਗੇ ਹਨ |
ਅਲਬਰਟਾ ਸਰਕਾਰ, ਫੈਡਰਲ ਸਰਕਾਰ ਅਤੇ ਕਾਰਪੋਰੇਸ਼ਨ ਮਿਲ ਕੇ ਇਸ ਔਖੇ ਸਮੇਂ ਵਿਚ ਲੋਕਾਂ ਦੀ ਸਹਾਇਤਾ ਵਾਸਤੇ ਉਪਰਾਲੇ ਕਰ ਰਹੇ ਹਨ ਤਾਂ ਜੋ ਹਰ ਲੋੜਵੰਦ ਵਿਅਕਤੀਆਂ ਨੂੰ ਜ਼ਰੂਰਤ ਮੁਤਾਬਿਕ ਹਰ ਸਹੂਲਤ ਮਿਲ ਸਕੇ | ਇਹ ਵਿਚਾਰ ਦਵਿੰਦਰ ਸਿੰਘ ਤੂਰ ਵਿਧਾਇਕ ਨੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਜੋ ਲੋਕ ਕੋਰੋਨਾ ਵਾਇਰਸ ਬਿਮਾਰੀ ਤੋਂ ਪੀੜਤ ਹਨ ਘਰ ਅੰਦਰ ਇਕਾਂਤਵਾਸ ‘ਤੇ ਹਨ ਜਾਂ ਕਿਸੇ ਬਜ਼ੁਰਗ ਜਾਂ ਬੱਚੇ ਦੀ ਘਰ ਵਿਚ ਦੇਖ ਭਾਲ ਕਰ ਰਹੇ ਹਨ | ਉਹ ਮਾਈ ਅਲਬਰਟਾ ਵੈੱਬਸਾਈਟ ‘ਤੇ ਜਾ ਕੇ ਅਲਬਰਟਾ ਸਰਕਾਰ ਵਲੋਂ ਸ਼ੁਰੂ ਕੀਤੀ ਸਹੂਲਤ ਦੇ ਫ਼ਾਇਦਾ ਲੈ ਸਕਦੇ ਹਨ | ਉਨ੍ਹਾਂ ਦੱਸਿਆ ਕਿ ਉਨ੍ਹਾਂ ਲੋਕਾਂ ਨੂੰ ਸਰਕਾਰ ਵਲੋਂ 1146 ਡਾਲਰ ਦਿੱਤੇ ਜਾਣਗੇ | ਪਰ ਉਸ ਦੀ ਰਜਿਸਟ੍ਰੇਸ਼ਨ ਕਰਵਾਉਣੀ ਬਹੁਤ ਜ਼ਰੂਰੀ ਹੋਵੇਗੀ | ਉਹ ਅੱਜ ਗੁਰਦੁਆਰਾ ਦਸਮੇਸ਼ ਕਲਚਰ ਸੈਂਟਰ ਕੈਲਗਰੀ ਵਿਖੇ ਸੇਵਾਦਾਰਾਂ ਵਾਸਤੇ ਕੁਝ ਜ਼ਰੂਰੀ ਵਸਤਾਂ ਜਿਵੇਂ ਕਿ ਮਾਸਕ ਲੈ ਕੇ ਪਹੁੰਚੇ ਸਨ | ਗੁਰਦੁਆਰਾ ਦਸਮੇਸ਼ ਕਲਚਰਲ ਸੈਂਟਰ ਕੈਲਗਰੀ ਦੇ ਮੁੱਖ ਸੇਵਾਦਾਰ ਭਾਈ ਅਮਨਪ੍ਰੀਤ ਸਿੰਘ ਗਿੱਲ ਨੇ ਵਿਧਾਇਕ ਦਵਿੰਦਰ ਸਿੰਘ ਤੂਰ ਦਾ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਦਵਿੰਦਰ ਸਿੰਘ ਤੂਰ ਵਲੋਂ ਇਕ ਪਰਿਵਾਰ ਨੂੰ ਕੁਆਰੰਟੀਨ ਵਿਚ ਗਰਮ ਭੋਜਨ ਪਹੁੰਚਾਉਣ ‘ਚ ਸਹਾਇਤਾ ਕੀਤੀ ਹੈ | ਉਨ੍ਹਾਂ ਕਿਹਾ ਕਿ ਸਰਕਾਰ ਹਰ ਅਲਬਰਟਾ ਵਾਸੀ ਵਾਸਤੇ ਫ਼ਿਕਰਮੰਦ ਹੈ, ਬੇਸ਼ੱਕ ਲੋਕਾਂ ਕੋਲ ਕੰਮ ਵੀ ਚਲੇ ਗਏ ਹਨ | ਪਰ ਸਰਕਾਰ ਫਿਰ ਵੀ ਲੋੜ ਮੁਤਾਬਿਕ ਉਨ੍ਹਾਂ ਦੀ ਸਹਾਇਤਾ ਕਰੇਗੀ | ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਨੂੰ ਕੋਈ ਸਹਾਇਤਾ ਦੀ ਲੋੜ ਹੋਵੇ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹੈ |