* ਨਾ ਨਸ਼ਾ ਖਤਮ ਹੋਇਆ ਅਤੇ ਨਾ ਹੀ ਨੌਜਵਾਨਾਂ ਨੂੰ ਮਿੱਲੀ ਨੌਕਰੀ
ਪਟਿਆਲਾ,15 ਮਾਰਚ:(ਪੀਤਾਂਬਰ ਸ਼ਰਮਾ)
ਪੰਜਾਬ ‘ਚ ਵਿਕਾਸ ਦੇ ਨਾਅ ‘ਤੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਅਸਲ ਹਕੀਕਤ ਕਿਸੇ ਤੋਂ ਲੁੱਕੀ ਹੋਈ ਨਹੀਂ ਹੈ। ਜਿਸ ਨੇ ਸੂਬੇ ‘ਚ ਵਿਕਾਸ ਨਹੀਂ ਵਿਨਾਸ਼ ਕੀਤਾ ਹੈ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿੰਨੀ ਸਹਿਗਲ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਬਣਦੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਵਿੱਚੋਂ 4 ਹਫ਼ਤੇ ‘ਚ ਨਸ਼ਾ ਖ਼ਤਮ ਕਰਨ ਦੀ ਸੁੰਹ ਖਾਈ ਸੀ ਪਰ ਅੱਜ ਕੈਪਟਨ ਸਰਕਾਰ ਨੂੰ ਤਿੰਨ ਸਾਲ ਪੁਰੇ ਹੋ ਚੁੱਕੇ ਹਨ ਸੂਬੇ ਵਿੱਚੋਂ ਨਸ਼ਾ ਖਤਮ ਨਹੀਂ ਹੋ ਸੱਕਿਆ। ਉਨ੍ਹਾਂ ਕਿਹਾ ਕਿ ਪੁਲੀਸ ਨੇ ਵੱਡੇ ਪੱਧਰ ‘ਤੇ ਕੀਤੀ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨੇ ਸੂਬੇ ਨੂੰ ਹੋਰ ਬਦਨਾਮੀ ਵੱਲ ਧਕੇਲ ਦਿੱਤਾ ਹੈ।
ਸਹਿਗਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਉਸ ਬਾਰੇ ਵੀ ਸਰਕਾਰ ਕੁਝ ਨਹੀਂ ਕਰ ਸਕੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਮੁਹਈਆ ਕਰਵਾਉਣ ਦੀ ਥਾਂ ਰੋਜ਼ਗਾਰ ਮੇਲਿਆਂ ਰਾਹੀ ਪੋਸਟ ਗ੍ਰੇਜੂਏਟ ਨੌਜਵਾਨਾਂ ਨੂੰ 8 ਤੋਂ 10 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਨੌਕਰੀ ਦਵਾ ਰਹੀ ਹੈ। ਉਹ ਵੀ ਪੰਜਾਬ ਦੇ ਨੌਜਵਾਨਾਂ ਨੂੰ ਦਿੱਲੀ, ਦੇਹਰਾਦੁਨ ਵਰਗੀਆਂ ਥਾਵਾਂ ‘ਤੇ ਤੈਨਾਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੱਖਾਂ ਨੌਜਵਾਨਾਂ ਨੂੰ ਨੌਕਰੀ ਦਵਾਉਣ ਸਬੰਧੀ ਝੂਠੇ ਬਿਆਨ ਦਿੱਤੇ ਜਾ ਰਿਹੇ ਹਨ।
ਸ੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿੰਨੀ ਸਹਿਗਲ ਨੇ ਕਿਹਾ ਕਿ ਵਰਤਮਾਨ ਸਮੇਂ ‘ਚ ਪੰਜਾਬ ਵਿੱਤੀ ਸੰਕਟ ਦਾ ਸਹਮਣਾ ਕਰ ਰਿਹਾ ਹੈ ਪਰ ਸੂਬਾ ਸਰਕਾਰ ਵੱਲੋਂ ਕੈਬਨਿਟ ਮੰਤਰੀ ਅਤੇ ਸਲਾਹਕਾਰਾਂ ਨੂੰ ਵੱਡੇ-ਵੱਡੇ ਲਾਭ ਦਿੱਤੇ ਜਾ ਰਹੇ ਹਨ ਜੋ ਕਿ ਸੂਬਾ ਸਰਕਾਰ ਦੇ ਖਜ਼ਾਨੇ ਨੂੰ ਖੋਰਾ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ-ਭਾਜਪਾ ਦੀ ਸਰਕਾਰ ਨੇ ਸਾਲ 2007 ਤੋਂ 2017 ਤੱਕ 10 ਸਾਲਾਂ ਦੇ ਕਾਰਜਕਾਲ ਦੌਰਾਨ ਸੂਬੇ ਦਾ ਬਹੁਪੱਖੀ ਵਿਕਾਸ ਕੀਤਾ ਹੈ। ਸੂਬੇ ਭਰ ਦੀਆਂ ਸੜਕਾਂ ਨੂੰ ਨਵਾਂ ਬਣਾ ਦਿੱਤਾ, ਜਿਸ ਸਦਕਾ ਅੱਜ ਤਿੰਨ-ਤਿੰਨ ਘੰਟੇ ਦਾ ਰਾਹ ਅੱਧੇ ਸਮੇਂ ‘ਚ ਆਸਾਨੀ ਨਾਲ ਪੁਰਾ ਕਰ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਨੇ ਸੂਬੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਨੌਕਰੀ ਦਵਾਈਆਂ ਹਨ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਨੇ ਲੋਕਾਂ ਨੂੰ ਜੋ ਕਿਹਾ ਉਹ ਕਰ ਕੇ ਵਿਖਾਇਆ ਪਰ ਕੈਪਟਨ ਸਰਕਾਰ ਨੇ ਜੋ ਕਿਹਾ ਉਸ ਵਿੱਚੋਂ ਹਾਲੇ ਤੱਕ ਕੁਝ ਨਹੀਂ ਕੀਤਾ ਹੈ।