* ਸਿਹਤ ਵਿਭਾਗ ਤੇ ਪ੍ਰਸ਼ਾਸਨ ਨੇ ਪਾਜ਼ਿਟਿਵ ਕੇਸ ਦੇ ਕੰਟੈਕਟ ਲੱਭਕੇ ਤਹਿ ਤੱਕ ਜਾਣ ਦਾ ਤਹੱਈਆ ਕੀਤਾ-ਕੁਮਾਰ ਅਮਿਤ
ਪਟਿਆਲਾ, 18 ਅਪ੍ਰੈਲ (ਪ੍ਰੈਸ ਕੀ ਤਾਕਤ ਬਿਊਰੋ): ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਵਸਨੀਕਾਂ ਨੂੰ ਜ਼ਿਲ੍ਹੇ ਅੰਦਰ ਅੱਜ ਮਿਲੇ 15 ਨਵੇਂ ਕੋਰੋਨਾਵਾਇਰਸ ਦੀ ਮਹਾਂਮਾਰੀ ਦੇ ਪਾਜ਼ਿਟਿਵ ਮਾਮਲਿਆਂ ਤੋਂ ਘਬਰਾਹਟ ਵਿੱਚ ਨਾ ਆਉਣ ਦੀ ਅਪੀਲ ਕੀਤੀ ਹੈ। ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਇਹ ਨਵੇਂ ਮਾਮਲੇ ਪਿਛਲੇ ਦਿਨੀਂ ਸਾਹਮਣੇ ਆਏ ਪਾਜ਼ਿਟਿਵ ਕੇਸਾਂ ਦੇ ਨੇੜਲੇ ਸੰਪਰਕਾਂ ਵਿੱਚੋਂ ਹੀ ਮਿਲੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੇਰਲਾ ਵਿਖੇ ਅਪਣਾਈ ਗਈ ‘ਕੰਟੈਕਟ ਟ੍ਰੇਸਿੰਗ’ ਵਿਧੀ ‘ਤੇ ਤੁਰੰਤ ਅਮਲ ਕਰਦਿਆਂ ਇਹਨਾਂ ਦਾ ਪਤਾ ਲਗਾਇਆ ਹੈ।
ਸ੍ਰੀ ਕੁਮਾਰ ਅਮਿਤ ਨੇ ਅੱਜ ਦੇਰ ਸ਼ਾਮ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਇਨ੍ਹਾਂ ਸਾਰੇ ਮਾਮਲਿਆਂ ਦੀ ਤਹਿ ਤੱਕ ਜਾਵੇਗਾ ਅਤੇ ਜਦੋਂ ਤੱਕ ਕੁਲ ਨੈਗੇਟਿਵ ਦਿਵਾਰ ਨਹੀਂ ਲੱਭ ਜਾਂਦੀ ਉਸ ਸਮੇਂ ਤੱਕ ਚੈਨ ਨਾਲ ਨਹੀਂ ਬੈਠਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਿਸ ਪ੍ਰਕਾਰ ਸਿਊਂਕ ਲੱਗੀ ਲੱਕੜ ਨੂੰ ਸਾਫ਼ ਲੱਕੜ ਤੱਕ ਖੋਦਿਆ ਜਾਂਦਾ ਹੈ, ਉਸੇ ਤਰ੍ਹਾਂ ਸਾਰੇ ਪਾਜਿਟਿਵ ਮਾਮਲਿਆਂ ਦੇ ਕਰੀਬੀਆਂ ਦੇ ਟੈਸਟ ਜਾਰੀ ਰਹਿਣਗੇ ਅਤੇ ਜਿਹੜੇ ਪਾਜ਼ਿਟਿਵ ਆਏ, ਉਸ ਤੋਂ ਅੱਗਲੇ ਸੰਪਰਕਾਂ ਤੱਕ ਜਾ ਕੇ ਇਸ ਕੋਰੋਨਾਵਾਇਰਸ ਦੀ ਲੜੀ ਨੂੰ ਖ਼ਤਮ ਕੀਤਾ ਜਾਵੇਗਾ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਦੀਆਂ ਟੀਮਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਪਾਜ਼ਿਟਿਵ ਕੇਸਾਂ ਦੇ ਅਗਲੇ ਸੰਪਰਕ ਲੱਭ ਰਹੀਆਂ ਹਨ ਅਤੇ ਰਜਿੰਦਰਾ ਹਸਪਤਾਲ ਵਿਖੇ ਮੈਡੀਕਲ ਟੀਮਾਂ ਪਾਜਿਟਿਵ ਕੇਸਾਂ ਦਾ ਇਲਾਜ ਕਰਨ ਲਈ ਤਨਦੇਹੀ ਨਾਲ ਜੁਟੀਆਂ ਹਨ। ਜਦੋਂਕਿ ਲੋਕਾਂ ਦਾ ਸਹਿਯੋਗ ਇਸ ਮਹਾਂਮਾਰੀ ਨੂੰ ਅੱਗੇ ਵਧਣ ਲਈ ਬੇਹੱਦ ਲੋੜੀਂਦਾ ਹੈ ਅਤੇ ਹਰੇਕ ਪਰਿਵਾਰ ਆਪਣੇ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੇਵੇ ਤਾਂ ਕਿ ਉਹ ਆਪਣੇ ਖ਼ੁਦ ਸਮੇਤ ਆਪਣੇ ਪਰਿਵਾਰਕ ਜੀਆਂ ਅਤੇ ਸਮਾਜ ਲਈ ਵਾਇਰਸ ਦਾ ਖ਼ਤਰਾ ਨਾ ਬਣ ਜਾਵੇ।
ਇਸੇ ਦੌਰਾਨ ਸਹਾਇਕ ਸਿਵਲ ਸਰਜਨ ਡਾ. ਜਤਿੰਦਰ ਕਾਂਸਲ ਨੇ ਕਿਹਾ ਕਿ ਮੈਡੀਕਲ ਸਾਇੰਸ ਵਿੱਚ ਪਾਜ਼ਿਟਿਵ ਕੇਸਾਂ ਦੇ ਨੇੜਲੇ ਸੰਪਰਕਾਂ ਦਾ ਤੁਰੰਤ ਪਤਾ ਲੱੱਗ ਜਾਣਾ ਚੰਗਾ ਸੰਕੇਤ ਮੰਨਿਆਂ ਜਾਂਦਾ ਹੈ ਕਿਉਂਕਿ ਇਨ੍ਹਾਂ ਨੇੜਲੇ ਸੰਪਰਕਾਂ ਤੋਂ ਹੀ ਕੋਵਿਡ19 ਦੀ ਲੜੀ ਅੱਗੇ ਵਧਣ ਦਾ ਖ਼ਤਰਾ ਹੁੰਦਾ ਹੈ। ਡਾ. ਕਾਂਸਲ ਨੇ ਕਿਹਾ ਕਿ ਪਟਿਆਲਾ ਜ਼ਿਲ੍ਹਾ ਸਿਹਤ ਵਿਭਾਗ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਇਸ ਲੜੀ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਦਿਨ ਰਾਤ ਇਕ ਕਰ ਰਿਹਾ ਹੈ ਪਰੰਤੂ ਇਸ ਵਿੱਚ ਲੋਕਾਂ ਦਾ ਸਹਿਯੋਗ ਵੀ ਬੇਹੱਦ ਜਰੂਰੀ ਹੈ।