ਵਰਲਡ ਡਿਸਏਬਲਿਟੀ ਡੇਅ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਦਾ ਉਪਰਾਲਾ
ਫ਼ਤਹਿਗੜ੍ਹ ਸਾਹਿਬ, 03 ਦਸੰਬਰ (ਚੰਦਰ ਪ੍ਰਕਾਸ਼ ਨਾਗਪਾਲ) : ਵਰਲਡ ਡਿਸਟੇਬਲਿਟੀ ਡੇਅ ਮੌਕੇ ਪਿੰਡ ਬਿਲਾਸਪੁਰ ਦੇ ਦਿਵਿਆਂਗ ਵਿਦਿਆਰਥੀ ਅਭੀਜੀਤ ਸਿੰਘ ਦਾ ਡਿਪਟੀ ਕਮਿਸ਼ਨਰ ਬਣਨ ਦਾ ਸੁਫ਼ਨਾ ਪੂਰਾ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਅਭੀਜੀਤ ਨੂੰ ਡਿਪਟੀ ਕਮਿਸ਼ਨਰ, ਫ਼ਤਹਿਗੜ੍ਹ ਸਾਹਿਬ ਦੀ ਕੁਰਸੀ ‘ਤੇ ਬਿਠਾਇਆ। ਇਹ ਬੱਚਾ ਸਰਕਾਰੀ ਮਿਲਡ ਸਕੂਲ, ਨੰਗਲਾਂ ਦਾ ਵਿਦਿਆਰਥੀ ਹੈ ਤੇ ਵਰਲਡ ਡਿਸਟੇਬਲਿਟੀ ਡੇਅ ਮੌਕੇ ਸਪੈਸ਼ਲ ਰਿਸੋਰਸ ਸੈਂਟਰ ਵਿਖੇ ਕਰਵਾਏ ਸਮਾਗਮ ਦੌਰਾਨ ਉਸ ਨੇ ਫੈਂਸੀ ਡਰੈਸ ਮੁਕਾਬਲੇ ਵਿੱਚ ਡਿਪਟੀ ਕਮਿਸ਼ਨਰ ਬਣ ਕੇ ਹਿੱਸਾ ਲਿਆ ਤੇ ਡਿਪਟੀ ਕਮਿਸ਼ਨਰ ਬਣਨ ਦੀ ਇੱਛਾ ਜ਼ਾਹਰ ਕੀਤੀ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰ ਰਹੇ ਸਹਾਇਕ ਕਮਿਸ਼ਨਰ (ਜਨਰਲ) ਜਸਪ੍ਰੀਤ ਸਿੰਘ ਨੇ ਮੌਕੇ ਉਤੇ ਹੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨਾਲ ਗੱਲਬਾਤ ਕੀਤੀ ਤੇ ਅਭੀਜੀਤ ਨੂੰ ਡੀ.ਸੀ. ਦੀ ਕੁਰਸੀ ‘ਤੇ ਬਿਠਾਉਣ ਦਾ ਫ਼ੈਸਲਾ ਲਿਆ ਗਿਆ। ਇਸ ਮੌਕੇ ਅਭੀਜੀਤ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਉਪਰਾਲੇ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਜ਼ਿੰਦਗੀ ਵਿੱਚ ਵੱਧ ਤੋਂ ਵੱਧ ਮਿਹਨਤ ਕਰ ਕੇ ਆਪਣੇ ਸੁਫ਼ਨੇ ਪੂਰੇ ਕਰੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦਿਵਿਆਂਗਾਂ ਦੀਆਂ ਸਾਰੀਆਂ ਮੁਸ਼ਕਲਾਂ ਹੱਲ ਕਰਨ ਤੇ ਉਨ੍ਹਾਂ ਸਾਰੀਆਂ ਲੋੜੀਂਦੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਤੇ ਦਿਵਿਆਂਗਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਸਪੈਸ਼ਲ ਰਿਸੋਰਸ ਸੈਂਟਰ ਵਿਖੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸਹਾਇਕ ਕਮਿਸ਼ਨਰ (ਜਨਰਲ) ਜਸਪ੍ਰੀਤ ਸਿੰਘ ਨੇ ਕਿਹਾ ਕਿ ਦਿਵਿਆਂਗ ਬੱਚਿਆਂ ਨੂੰ ਵੱਧ ਤੋਂ ਵੱਧ ਹੱਲਾਸ਼ੇਰੀ ਦੇਣੀ ਦੀ ਲੋੜ ਹੁੰਦੀ ਹੈ, ਜਿਸ ਨਾਲ ਦਿਵਿਆਂਗ ਬੱਚੇ ਜ਼ਿੰਦਗੀ ਵਿੱਚ ਕਾਮਯਾਬੀ ਹਾਸਲ ਕਰ ਕੇ ਆਪਣੀ ਵਿਲੱਖਣ ਪਛਾਣ ਬਣਾਉਂਦੇ ਹਨ। ਉਨ੍ਹਾਂ ਕਿਹਾ ਕਿ ਜ਼ਰੂਰੀ ਹੈ ਕਿ ਦਿਵਿਆਂਗ ਬੱਚਿਆਂ ਦੀ ਪ੍ਰਤੀਭਾ ਨੂੰ ਪਛਾਣ ਕੇ ਉਸ ਨੂੰ ਨਿਖਾਰਨ ਲਈ ਕੰਮ ਕੀਤਾ ਜਾਵੇ।
ਇਸ ਮੌਕੇ ਜ਼ਿਲ੍ਹੇ ਦੇ ਵੱਖ ਵੱਖ ਸੈਂਟਰਾਂ ਵਿੱਚੋਂ ਆਏ ਬੱਚਿਆਂ ਨੇ ਡਰਾਇੰਗ, ਕਵਿਤਾ ਉਚਾਰਨ, ਫੈਂਸੀ ਡਰੈਸ ਅਤੇ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲਿਆ ਤੇ ਜੇਤੂਆਂ ਨੂੰ ਮੁੱਖ ਮਹਿਮਾਨ ਵੱਲੋਂ ਇਨਾਮ ਦਿੱਤੇ ਗਏ। ਇਸ ਮੌਕੇ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਡਾ. ਸੰਜੀਵ ਕੁਮਾਰ, ਜ਼ਿਲ੍ਹਾ ਸਮਾਜਕ ਸੁਰੱਖਿਆ ਅਫ਼ਸਰ ਜੋਬਨਦੀਪ ਕੌਰ ਗਿੱਲ, ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਦਿਨੇਸ਼ ਕੁਮਾਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੀਦਾਰ ਸਿੰਘ ਮਾਂਗਟ, ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।