ਐਮ.ਪੀ. ਔਜਲਾ ਨੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕਰਕੇ ਵਿਦੇਸ਼ ਫਸੀਆਂ ਲੜਕੀਆਂ ਦਾ ਮੁੱਦਾ ਉਠਾਇਆ
ਚੰਗੇ ਕਾਰੋਬਾਰ ਦਾ ਲਾਲਚ ਦੇ ਕੇ ਭਾਰਤੀ ਲੜਕੀਆਂ ਨੂੰ ਖਾੜੀ ਦੇਸ਼ਾਂ ਦੇ ਸ਼ਾਹੂਕਾਰਾਂ ਨੂੰ ਵੇਚਿਆ-ਔਜਲਾ
ਲੋਕ ਸਭਾ ਵਿੱਚ ਅੰਮ੍ਰਿਤਸਰ ਦੀ ਨੁਮਾਇੰਦਗੀ ਕਰਦੇ ਨੌਜੁਆਨ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕੇਂਦਰੀ ਵਿਦੇਸ਼ ਮੰਤਰੀ ਸ਼੍ਰੀ ਐਸ. ਜੈਸ਼ੰਕਰ ਨਾਲ ਮੁਲਾਕਾਤ ਕਰਕੇ ਖਾੜੀ ਦੇਸ਼ ਮਸਕਟ ਵਿਖੇ ਫਸੀਆਂ ੧੦੪ ਭਾਰਤੀ ਲੜਕੀਆਂ ਨੂੰ ਦੇਸ਼ ਵਾਪਿਸ ਲਿਆਉਣ ਦੀ ਮੰਗ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਪੈਸੇ ਦੇ ਲਾਲਚੀ ਕੁਝ ਏਜੰਟਾਂ ਵਲੋਂ ਭਾਰਤੀ ਲੜਕੀਆਂ ਨੂੰ ਚੰਗੇ ਕਾਰੋਬਾਰ ਦਾ ਲਾਲਚ ਦੇ ਕੇ ਖਾੜੀ ਦੇਸ਼ ਮਸਕਟ ਵਿਖੇ ਲਿਜਾ ਕੇ ਸ਼ਾਹੂਕਾਰਾਂ ਕੋਲ ਵੇਚ ਦਿਤਾ ਜੋ ਭਾਰਤੀ ਲੜਕੀਆਂ ਤੋਂ ਗੁਲਾਮਾਂ ਵਾਂਗ ੧੮-੧੮ ਘੰਟੇ ਕੰਮ ਲੈਂਦੇ ਤੇ ਉਨ੍ਹਾਂ ਦੀ ਮਾਰਕੁਟਾਈ ਕਰਦੇ ਸਨ। ਜਲਾਲਤ ਭਰੀ ਜਿੰਦਗੀ ਜੀਅ ਰਹੀਆਂ ਇਹ ਨੌਜੁਆਨ ਲੜਕੀਆਂ ਕਿਸੇ ਤਰਾਂ ਮਸਕਟ ਵਿਖੇ ਭਾਰਤੀ ਅੰਬੈਸੀ ਕੋਲ ਪੁੱਜੀਆਂ ਤੇ ਆਪਣੀ ਹੱਡ ਬੀਤੀ ਸੁਣਾਈ। ਸ. ਔਜਲਾ ਨੇ ਦੱਸਿਆ ਕਿ ਭਾਰਤੀ ਅੰਬੈਸੀ ਵਿੱਚ ੮੯ ਲੜਕੀਆਂ ਫਸੀਆਂ ਹਨ ਅਤੇ ੧੫ ਲੜਕੀਆਂ ਅੰਬੈਸੀ ਤੋਂ ਬਾਹਰ ਲੋਕਾਂ ਕੋਲ ਰਹਿ ਰਹੀਆਂ ਹਨ ਅਤੇ ਭਾਰਤ ਵਾਪਿਸ ਪਰਤਣ ਦੀ ਉਡੀਕ ਕਰ ਰਹੀਆਂ ਹਨ ਇੰਨ੍ਹਾਂ ਵਿਚੋਂ ੧੪ ਲੜਕੀਆਂ ਪੰਜਾਬ, ਜਿਆਦਾਤਰ ਆਂਧਰਾ ਪ੍ਰਦੇਸ਼ ਬਾਕੀ ਹੋਰਨਾਂ ਸੂਬਿਆਂ ਨਾਲ ਸੰਬੰਧਿਤ ਹਨ। ਉਨਾਂ੍ਹ ਦੱਸਿਆ ਕਿ ਉਥੋਂ ਦੇ ਸ਼ਾਹੂਕਾਰਾਂ ਨੇ ਮਸਕਟ ਦੇ ਕਨੂੰਨ ਮੁਤਾਬਿਕ ਉਥੋਂ ਦੀਆਂ ਅਦਾਲਤਾਂ ਵਿੱਚ ਕੇਸ ਕੀਤਾ ਹੈ ਕਿ ਜਾਂ ਤਾਂ ਮੁੱਲ ਖਰੀਦੀਆਂ ਲੜਕੀਆਂ ਨੂੰ ਉਨਾਂ੍ਹ ਨੂੰ ਵਾਪਿਸ ਕੀਤਾ ਜਾਵੇ ਜਾਂ ਫਿਰ ਉਨ੍ਹਾਂ ਦੇ ਪੈਸੇ ਵਾਪਿਸ ਕਰਵਾਏ ਜਾਣ। ਸ. ਔਜਲਾ ਨੇ ਵਿਦੇਸ਼ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਕਿ ਭਾਰਤੀ ਸੰਵਿਧਾਨ ਵਿੱਚ ਅਜਿਹਾ ਕੋਈ ਕਨੂੰਨ ਨਹੀ ਹੈ ਕਿ ਭਾਰਤ ਸਰਕਾਰ ਜਾਂ ਭਾਰਤੀ ਅੰਬੈਸੀ ਅਜਿਹੇ ਕਿਸੇ ਕੇਸ ਵਿੱਚ ਪੈਸੇ ਦੀ ਅਦਾਇਗੀ ਕਰੇ।
ਉਨ੍ਹਾਂ ਸ਼੍ਰੀ ਜੈਸ਼ੰਕਰ ਨੂੰ ਦੱਸਿਆ ਕਿ ਅੱਜ ਤੱਕ ਵੱਖ ਵੱਖ ਦੇਸ਼ਾਂ ਦੀਆਂ ਜੇਲਾਂ ਅੰਦਰ ਸਜਾ ਪਾਉਣ ਵਾਲੇ ੯੫ ਦੇ ਕਰੀਬ ਭਾਰਤੀ ਨੌਜੁਆਨਾਂ ਨੂੰ ਆਪਣੀ ਜੇਬ ਵਿੱਚੋਂ ਬਲੱਡ ਮਨੀ ਦੇ ਕੇ ਮਾਵਾਂ ਦੀਆਂ ਹਿੱਕਾਂ ਨਾਲ ਲਾਉਣ ਸਰਬੱਤ ਦਾ ਭਲਾ ਟੱਰਸਟ ਦੇ ਮੁਖੀ ਡਾ: ਐਸ.ਪੀ. ਸਿੰਘ ਓਬਰਾਏ ਨੇ ਕਿਹਾ ਕਿ ਜੇਕਰ ਮਸਕਟ ਸਥਿਤ ਭਾਰਤੀ ਅੰਬੈਸੀ ਲੜਕੀਆਂ ਦੇ ਕਾਗਜ ਉਨਾਂ ਨੂੰ ਮੁੱਹਈਆਂ ਕਰਵਾਉਂਦੇ ਹਨ ਤਾਂ ਉਹ ਇੰਨ੍ਹਾਂ ਲੜਕੀਆਂ ਨੂੰ ਭਾਰਤ ਵਾਪਿਸ ਲਈ ਬਣਦੇ ਪੈਸੇ ਆਪਣੀ ਨਿੱਜੀ ਜੇਬ ਵਿਚੋਂ ਦੇ ਕੇ ਲਿਆਉਣ ਦਾ ਬੀੜਾ ਚੁੱਕਦੇ ਹਨ। ਸ. ਔਜਲਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਕੀਤੀ ਅਪੀਲ ਤੇ ਕੇਂਦਰੀ ਵਿਦੇਸ਼ ਮੰਤਰੀ ਸ਼੍ਰੀ ਐਸ. ਜੈਸ਼ੰਕਰ ਨੇ ਭਰੋਸਾ ਦਿਤਾ ਕਿ ਅਗਲੇ ਕੁਝ ਦਿਨਾਂ ਅੰਦਰ ਭਾਰਤੀ ਅੰਬੈਸੀ ਡਾ: ਐਸ.ਪੀ. ਸਿੰਘ ਓਬਰਾਏ ਨਾਲ ਤਾਲਮੇਲ ਕਰਕੇ ਬੰਧਕ ਬਣਾਈਆਂ ਲੜਕੀਆਂ ਦੇ ਕਾਗਜ ਪੱਤਰ ਮੁਹੱਈਆ ਕਰਵਾਉਣ ਲਈ ਪੂਰਨ ਸਹਿਯੋਗ ਕਰੇਗੀ। ਇਥੇ ਇਹ ਵੀ ਜਿਕਰਯੋਗ ਹੈ ਕਿ ੨੦੧੩ ਵਿੱਚ ਦੁਬਈ ਵਿਖੇ ਦੋ ਪਾਕਿਸਤਾਨੀ ਨੌਜੁਆਨਾਂ ਦੀ ਹੱਤਿਆ ਵਿੱਚ ਫਾਂਸੀ ਦੀ ਸਜਾ ਪਾਉਣ ਵਾਲੇ ੧੭ ਪੰਜਾਬੀ ਨੌਜੁਆਨਾਂ ਨੂੰ ਡਾ: ਐਸ.ਪੀ. ਸਿੰਘ ਓਬਰਾਏ ਨੇ ਆਪਣੀ ਨਿੱਜੀ ਜੇਬ ਵਿੱਚੋਂ ੨.੨ ਮਿਲੀਅਨ ਰੁਪਏ ਦੇ ਕੇ ਰਿਹਾ ਕਰਵਾਇਆ ਸੀ। ਸ. ਔਜਲਾ ਨੇ ਭਰੋਸਾ ਪ੍ਰਗਟਾਇਆ ਕਿ ਡਾ: ਓਬਰਾਏ ਵਰਗੇ ਇਨਸਾਨ ਮੁਸੀਬਤ ਵਿੱਚ ਫਸੇ ਲੋਕਾਂ ਲਈ ਰੱਬ ਬਣਕੇ ਬਹੁੜਦੇ ਹਨ ਅਤੇ ਉਨ੍ਹਾਂ ਨੂੰ ਆਸ ਹੈ ਕਿ ਸ. ਓਬਰਾਏ ਦੇ ਯਤਨਾਂ ਸਦਕਾ ਭਾਰਤੀ ਲੜਕੀਆ ਜਲਦ ਆਪਣੇ ਮਾਪਿਆਂ ਦੀ ਗੋਦ ਦਾ ਨਿੱਘ ਮਾਣਦੀਆਂ ਦਿਖਾਈ ਦੇਣਗੀਆਂ।