ਚੰਡੀਗੜ੍ਹ, 11 ਮਾਰਚ:(ਅਸ਼ੋਕ ਵਰਮਾ)
‘ਸਿਮਰ ਚਕਰ’ ਉਲੰਪਿਕ ਖੇਡਾਂ ਲਈ ਕੁਆਲੀਫ਼ਾਈ ਹੋਣ ਵਾਲੀ ਪਹਿਲੀ ਪੰਜਾਬਣ ਮੁੱਕੇਬਾਜ਼ ਬਣੀ
ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਮੁੱਕੇਬਾਜ਼ ਸਿਮਰਨਜੀਤ ਕੌਰ ਨੂੰ ਇਤਿਹਾਸਕ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਹੈ। ਸਿਮਰਨਜੀਤ ਕੌਰ ਉਲੰਪਿਕ ਖੇਡਾਂ ਲਈ ਕੁਆਲੀਫ਼ਾਈ ਹੋਣ ਵਾਲੀ ਪਹਿਲੀ ਪੰਜਾਬਣ ਮੁੱਕੇਬਾਜ਼ ਬਣ ਗਈ ਹੈ। ਪੰਜਾਬ ਤੋਂ ਉਹ ਕੇਵਲ ਇਕੋ-ਇਕ ਮੁੱਕੇਬਾਜ਼ ਸੀ ਜਿਹੜੀ ਭਾਰਤੀ ਟੀਮ ਵਿਚ ਚੁਣੀ ਗਈ ਸੀ। ਉਹ ਹੁਣ ਟੋਕੀਉ ਉਲੰਪਿਕ ਖੇਡਾਂ-2020 ਵਿੱਚ ਭਾਰਤ ਦੀ ਨੁਮਾਇੰਦਗੀ ਕਰੇਗੀ।
ਇਥੇ ਜਾਰੀ ਬਿਆਨ ਵਿੱਚ ਰਾਣਾ ਸੋਢੀ ਨੇ ਕਿਹਾ ਕਿ ਸਿਮਰਨਜੀਤ ਕੌਰ ਬਾਠ ਨੇ ਭਾਰਤੀ ਮੁੱਕੇਬਾਜ਼ੀ ਵਿਚ ਪੰਜਾਬੀਆਂ ਦੀ ਲਾਜ ਰੱਖ ਵਿਖਾਈ ਹੈ। ਉਸ ਨੇ ਕੁਆਰਟਰ ਫ਼ਾਈਨਲ ਵਿੱਚ ਵਿਸ਼ਵ ਦੀ ਨੰਬਰ ਦੋ ਬਾਕਸਰ ਮੰਗੋਲੀਆ ਦੀ ਨਮੋਨਖੋਰ ਨੂੰ 5-0 ਅੰਕਾਂ ਨਾਲ ਹਰਾ ਕੇ ਟੋਕੀਉ ਦੀਆਂ ਉਲੰਪਿਕ ਖੇਡਾਂ ਲਈ ਟਿਕਟ ਪੱਕੀ ਕਰ ਲਈ ਹੈ। ਇਸ ਤੋਂ ਬਾਅਦ ਉਸ ਨੇ ਸੈਮੀਫ਼ਾਈਨਲ ਮੁਕਾਬਲਾ ਵੀ ਜਿੱਤ ਲਿਆ। ਰਾਣਾ ਸੋਢੀ ਨੇ ਸਿਮਰ ਨੂੰ ਉਲੰਪਿਕ ਖੇਡਾਂ ਦੀ ਤਿਆਰੀ ਲਈ ਸ਼ੁਭਕਾਮਨਾਵਾਂ ਦਿੰਦਿਆਂ ਆਸ ਪ੍ਰਗਟਾਈ ਕਿ ਟੋਕਿਉ ਉਲੰਪਿਕਸ ਵਿੱਚ ਵੀ ਉਹ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰੇਗੀ।
ਇਸੇ ਦੌਰਾਨ ਅਰੁਨਾ ਚੌਧਰੀ ਨੇ ਸਿਮਰ ਚਕਰ ਨੂੰ ਇਤਿਹਾਸਕ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਿਮਰ ਨੇ ਪੰਜਾਬਣਾਂ ਦਾ ਨਾਮ ਕੌਮਾਂਤਰੀ ਪੱਧਰ ਉਤੇ ਚਮਕਾਇਆ ਹੈ ਜਿਸ ਉਤੇ ਸਾਰੇ ਸੂਬੇ ਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬੀਆਂ ਅਤੇ ਖ਼ਾਸ ਕਰ ਕੇ ਮਹਿਲਾਵਾਂ ਲਈ ਮਾਣ ਵਾਲੀ ਗੱਲ ਹੈ।
ਸਿਮਰ ਚਕਰ ਦੇ ਨਾਮ ਨਾਲ ਜਾਣੀ ਜਾਂਦੀ ਇਹ 24 ਸਾਲ ਦੀ ਮੁੱਕੇਬਾਜ਼ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਚਕਰ ਦੀ ਰਹਿਣ ਵਾਲੀ ਹੈ। 2008 ਤੋਂ ਉਸ ਨੇ ਚਕਰ ਦੀ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ‘ਚੋਂ ਮੁੱਕੇਬਾਜ਼ੀ ਸਿੱਖਣੀ ਸ਼ੁਰੂ ਕੀਤੀ ਸੀ। ਸਿਮਰ ਨੇ 2018 ਵਿੱਚ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ ਦਿੱਲੀ ‘ਚੋਂ ਕਾਂਸੀ ਦਾ ਤਮਗ਼ਾ ਜਿੱਤ ਕੇ ਆਪਣੇ ਪਿੰਡ ਚਕਰ ਚਰਚਾ ਵਿੱਚ ਲੈ ਆਂਦਾ ਸੀ।