ਚੰਡੀਗੜ•, 6 ਮਾਰਚ:(ਅਸ਼ੋਕ ਵਰਮਾ)
ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ ਕੌਵਿਡ -19 ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ, ਜਦੋਂ ਕਿ ਪ੍ਰਭਾਵਤ ਦੇਸ਼ਾਂ ਦੀ ਯਾਤਰਾ ਕਰਨ ਵਾਲੇ 5814 ਵਿਅਕਤੀਆਂ ਦੀ ਜਾਂਚ ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ ਸਹੀ ਤਰਾਂ ਕੀਤੀ ਗਈ ਹੈ । ਅੱਜ ਨੌਂ ਵਿਅਕਤੀ ਸ਼ੱਕੀ ਪਾਏ ਗਏ ਹਨ ਅਤੇ ਉਨਾਂ ਦੇ ਨਮੂਨੇ ਏਮਜ਼ ਦਿੱਲੀ ਭੇਜ ਦਿੱਤੇ ਗਏ ਸਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਰਾਜ ਅਤੇ ਜ਼ਿਲਾ ਟੀਮਾਂ ਵੱਲੋਂ ਸਥਿਤੀ ਨੂੰ ਬੜੀ ਸਤਰਕਤਾ ਨਾ ਵਾਚਿਆ ਜਾ ਰਿਹਾ ਹੈ ਅਤੇ ਕਿਸੇ ਵੀ ਕਿਸਮ ਦੇ ਪ੍ਰਕੋਪ ਨੂੰ ਰੋਕਣ ਲਈ ਗਹੁ ਨਾਲ ਨਜ਼ਰਸਾਨੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਸਾਰੇ ਜ਼ੋਨਲ ਲਾਇਸੈਂਸਿੰਗ ਅਥਾਰਟੀਜ਼ ਅਤੇ ਡਰੱਗ ਕੰਟਰੋਲ ਅਫਸਰਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਸੂਬੇ ਭਰ ਦੇ ਦਵਾਈਆਂ ਦੇ ਥੋਕ ਵਪਾਰੀਆਂ ਅਤੇ ਪ੍ਰਚੂਨ ਵਿਕਰੇਤਾ ਲੋਕਾਂ ਤੋਂ ਵੱਧ ਕੀਮਤ ਨਾ ਵਸੂਲਣ। ਉਨਾਂ ਕਿਹਾ ਕਿ ਕੁਝ ਖਾਸ ਦਵਾਈਆਂ ਤੇ ਮਾਸਕ ਦੀ ਜਮਾਂਖੋਰੀ ਨੂੰ ਵੀ ਰੋਕਿਆ ਜਾਵੇ । ਉਕਤ ਅਧਿਕਾਰੀਆਂ ਨੂੰ ਰਾਜ ਦੇ ਸਾਰੇ ਖੇਤਰਾਂ ਵਿਚ ਅਜਿਹੇ ਉਤਪਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਆਪਣੇ-ਆਪਣੇ ਖੇਤਰਾਂ ਦੀਆਂ ਕੈਮਿਸਟ ਐਸੋਸੀਏਸ਼ਨਾਂ ਨਾਲ ਮੀਟਿੰਗਾਂ ਕਰਨ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਉਨਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕਾਲਾ ਬਾਜਾਰੀ, ਦਵੀਆਂ ਅਤੇ ਹੋਰ ਉਤਪਾਦਾਂ ਦੀ ਜਮਾਂਖੋਰੀ ਵਿਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਡੀ.ਪੀ.ਸੀ.ਓ, 2013 ਦੀਆਂ ਧਾਰਾਵਾਂ ਤਹਿਤ ਕੈਮਿਸਟ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਸਬੰਧ ਵਿੱਚ ਕਿਸੇ ਵੀ ਪੱਧਰ ‘ਤੇ ਕੋਈ ਵੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨਾਂ ਦੱਸਿਆ ਕਿ ਮੰਗ ਦੇ ਵਧਣ ਨਾਲ, ਕੁਝ ਰਸਾਇਣਕ ਦਵਾਈਆਂ ਅਤੇ ਉਤਪਾਦਾਂ ਦੀ ਅਸਥਾਈ / ਜਾਣ ਬੁੱਝ ਕੇ ਬਣਾਈ ਗਈ ਘਾਟ ਦਾ ਫਾਇਦਾ ਉਠਾਉਂਦੇ ਹੋਏ ਵਾਧੂ ਕੀਮਤ ਉਗਰਾ ਸਕਦੇ ਹਨ ਅਤੇ ਜਿਸਨੂੰ ਸਮੇਂ ਤੋਂ ਪਹਿਲਾਂ ਹੀ ਰੋਕਿਆ ਜਾਵੇ।
ਸ. ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਿਹਤ ਵਿਭਾਗ ਕੋਲ ਪੀ.ਪੀ.ਈ (ਪਰਸਨਲ ਪ੍ਰੋਟੈਕਟਿਵ ਉਪਕਰਣ) ਤੋਂ ਇਲਾਵਾ ਟ੍ਰਿਪਲ ਲੇਅਰਡ ਮਾਸਕ ਅਤੇ ਐਨ-95 ਦੇ ਮਾਸਕ ਦਾ ਕਾਫ਼ੀ ਭੰਡਾਰ ਹੈ ਜੋ ਸਿਹਤ ਸੰਭਾਲ ਅਮਲੇ ਦੁਆਰਾ ਕੋਰੋਨਾ ਜਾਂ ਹੋਰ ਅਜਿਹੀਆਂ ਛੂਤ ਦੀਆਂ ਬਿਮਾਰੀਆਂ ਦੇ ਸ਼ੱਕੀ ਮਾਮਲਿਆਂ ਦੀ ਜਾਂਚ ਦੌਰਾਨ ਵਰਤੇ ਜਾਂਦੇ ਹਨ। ਉਨਾਂ ਕਿਹਾ ਕਿ ਸੂਬੇ ਨੇ ਮੁਹਾਲੀ ਦੇ ਹਵਾਈ ਅੱਡੇ, ਸਾਰੇ ਜ਼ਿਲਾ ਹਸਪਤਾਲਾਂ ਅਤੇ ਸਰਕਾਰੀ ਮੈਡੀਕਲ ਕਾਲਜਾਂ ਨੂੰ ਇਨਫਰਾ-ਰੈਡ ਥਰਮਾਮੀਟਰ (ਨਾਨ ਸੰਪਰਕ ਥਰਮਾਮੀਟਰ) ਵੀ ਖਰੀਦ ਕੇ ਮੁਹੱਈਆ ਕਰਵਾਏ ਹਨ ਤਾਂ ਜੋ ਸ਼ੱਕੀ ਮਰੀਜ਼ਾਂ ਦੇ ਸਰੀਰ ਦਾ ਤਾਪਮਾਨ ਬਿਨਾਂ ਕਿਸੇ ਛੂਹਣ ਦੇ ਟੈਸਟ ਰਾਹੀਂ ਕੀਤਾ ਜਾ ਸਕੇ।
ਸਿਹਤ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਸਟੇਟ ਰੈਪਿਡ ਰਿਸਪਾਂਸ ਟੀਮ ਤੋਂ ਇਲਾਵਾ, ਜ਼ਿਲ•ਾ ਰੈਪਿਡ ਰਿਸਪਾਂਸ ਟੀਮਾਂ ਅਤੇ ਕੰਟਰੋਲ ਰੂਮ ਨੰਬਰ ਵਾਲੇ ਜ਼ਿਲਾ ਨੋਡਲ ਅਫਸਰਾਂ ਦੀ ਸੂਚੀ ਪਹਿਲਾਂ ਹੀ ਸਾਰੇ ਜ਼ਿਲਿ•ਆਂ ਵਿੱਚ ਕੀਤੀ ਜਾ ਚੁੱਕੀ ਹੈ। ਉਨਾਂ ਕਿਹਾ ਕਿ ਆਈਸੋਲੇਸ਼ਨ ਵਾਰਡਾਂ ਵਿਚ ਬੈੱਡ ਵੀ 649 ਤੋਂ ਵਧਾ ਕੇ 823 ਕਰ ਦਿੱਤੇ ਗਏ ਹਨ। ਉਨਾਂ ਕਿਹਾ ਕਿ ਰੋਜ਼ਾਨਾ ਹੈੱਡ ਕੁਆਰਟਰ ਤੋਂ ਕੇਂਦਰੀ ਨਿਗਰਾਨੀ ਇਕਾਈ, ਆਈ.ਡੀ.ਐਸ.ਪੀ ਦਿੱਲੀ, ਭਾਰਤ ਸਰਕਾਰ ਨੂੰ ਰਿਪੋਰਟਿੰਗ ਕੀਤੀ ਜਾ ਰਹੀ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ “ਹੁਣ ਤੱਕ ਰਾਜ ਭਰ ਵਿੱਚ 71,900 ਮਰੀਜ਼ਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ, ਇਨਾਂ ਵਿੱਚੋਂ 48,867 ਯਾਤਰੀ ਅੰਮ੍ਰਿਤਸਰ ਹਵਾਈ ਅੱਡੇ ‘ਤੇ, 5,116 ਯਾਤਰੀ ਮੁਹਾਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ, 5,401 ਯਾਤਰੀ ਵਾਹਗਾ / ਅਟਾਰੀ ਬਾਰਡਰ ਚੈੱਕ ਪੋਸਟ ‘ਤੇ ਅਤੇ ਡੇਰਾ ਬਾਬਾ ਨਾਨਕ ਚੈੱਕ ਪੋਸਟ ਵਿਖੇ 12,516 ਯਾਤਰੀਆਂ ਦੀ ਜਾਂਚ ਕੀਤੀ ਗਈ ।
ਬਲਬੀਰ ਸਿੰਘ ਸਿੱਧੂ ਨੇ ਅਤਿ ਖਤਰੇ ਵਾਲੇ ਇਲਾਕਿਆਂ ਵਿੱਚ ਕੋਰੋਨਾ ਲਈ ਰੋਜ਼ਾਨਾ ਨਿਗਰਾਨੀ ਕਰਨ ਆਈ.ਡੀ.ਐਸ.ਪੀ (ਏਕੀਕ੍ਰਿਤ ਰੋਗ ਨਿਗਰਾਨੀ ਪ੍ਰੋਗਰਾਮ) ਦੀਆਂ ਟੀਮਾਂ ਦੀ ਸਖਤ ਮਿਹਨਤ ਦੀ ਵੀ ਦੀ ਸ਼ਲਾਘਾ ਕੀਤੀ।