ਵੈਨਕੂਵਰ, 2 ਮਈ (ਅਮ੍ਰਿਤਪਾਲ ਸਿੰਘ ਸਾਹਨੀ)- -ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਫੋਰਟ ਸੇਂਟ ਜੌਹਨ ਨੇੜੇ 30 ਸਾਲਾ ਪਹਿਲਾਂ ਕਤਲ ਕੀਤੀ ਗਈ ਮੂਲਵਾਸੀ ਪਰਿਵਾਰ ਦੀ 21 ਸਾਲਾ ਲੜਕੀ ਟੀਨਾ ਵਾਸਪਨ ਦੇ ਕਾਤਲ 73 ਸਾਲਾ ਪਾਲ ਫੈਲਕਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ | ਉਹ ਮਿਸ਼ਨ ਦੀ ਕੇਂਦਰੀ ਜੇਲ੍ਹ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਸੀ | ਘਟਨਾ ਜੁਲਾਈ 1990 ਦੀ ਹੈ, ਜਦੋਂ ਪੁਲਿਸ ਨੇ ਟੀਨਾ ਵਾਸਪਨ ਦੀ ਲਾਸ਼ ਓਲਡ ਅਲਾਸਕਾ ਹਾਈਵੇ ‘ਤੇ ਸੇਂਟ ਜੌਹਨ ਕਿਲੇ ਨੇੜਿਉਂ ਬਰਾਮਦ ਕੀਤੀ ਸੀ | ਟੀਨਾ ਦੇ ਕਤਲ ਤੋਂ 16 ਸਾਲ ਬਾਅਦ ਸੰਨ 2006 ਵਿਚ ਪੁਲਿਸ ਨੇ ਪਾਲ ਫੈਲਕਰ ਨੂੰ ਦੂਜੇ ਦਰਜੇ ਦੇ ਕਤਲ ਦੇ ਦੋਸ਼ ਤਹਿਤ ਗਿ੍ਫ਼ਤਾਰ ਕੀਤਾ ਸੀ ਤੇ ਸੰਨ 2009 ਵਿਚ ਅਦਾਲਤ ਨੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ | ਪਾਲ ਫੈਲਕਰ ਕੋਰੋਨਾ ਵਾਇਰਸ ਨਾਲ ਮਰਨ ਵਾਲਾ ਕੈਨੇਡਾ ਦਾ ਪਹਿਲਾ ਕੈਦੀ ਹੈ |