ਫਿਰੋਜ਼ਪੁਰ, 29 ਸਤੰਬਰ (ਸੰਦੀਪ ਟੰਡਨ)- ਦੇਸ਼ ਭਗਤੀ ਦਾ ਜਜ਼ਬਾ ਰੱਖਦੇ ਬਿਹਾਰ ਦੇ 3 ਨੌਜਵਾਨ ਸੁਸ਼ਾਂਤ ਸਿੰਘ, ਬ੍ਰਿਜੇਸ਼ ਕੁਮਾਰ ਅਤੇ ਰਾਜ ਕੁਮਾਰ, ਸ਼ਹੀਦ ਏ ਆਜ਼ਮ ਭਗਤ ਸਿੰਘ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਤੋਂ 5 ਸਤੰਬਰ ਨੂੰ ਸਾਈਕਲ ਯਾਤਰਾ ਸ਼ੁਰੂ ਕਰਕੇ 2400 ਕਿਲੋਮੀਟਰ ਦਾ ਸਫਰ ਤੈਅ ਕਰਦੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਉਨ੍ਹਾਂ ਦੇ ਸ਼ਹੀਦੀ ਸਥਲ ਹੁਸੈਨੀਵਾਲਾ ਸਮਾਰਕ ਤੇ ਨਤਮਸਤਕ ਹੋਣ ਲਈ ਪਹੁੰਚੇ। ਸ਼ਹੀਦੀ ਸਮਾਰਕ ਦੇ ਨਜ਼ਦੀਕ ਲੱਗਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਪਹੁੰਚਣ ਤੇ ਸਕੂਲ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਦੀ ਅਗਵਾਈ ਵਿੱਚ ਨਿੱਘਾ ਸਵਾਗਤ ਕੀਤਾ ਅਤੇ ਇਨ੍ਹਾਂ ਨੂੰ ਵਿਸ਼ੇਸ਼ ਰੂਪ ਵਿਚ ਸਨਮਾਨਿਤ ਕੀਤਾ ਗਿਆ। ਸਕੂਲ ਦੇ ਐੱਨਸੀਸੀ ਯੂਨਿਟ ਦੇ ਵਲੰਟੀਅਰਜ਼ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ਾਲ ਸਾਈਕਲ ਰੈਲੀ ਜੋ ਕਿ ਗੱਟੀ ਰਾਜੋ ਕੇ ਸਕੂਲ ਤੋਂ ਸ਼ਹੀਦੀ ਸਮਾਰਕ ਤੱਕ ਕੱਢੀ ਗਈ ਦੀ ਅਗਵਾਈ ਵੀ ਇਨ੍ਹਾਂ 3 ਨੌਜਵਾਨਾਂ ਨੇ ਕੀਤੀ। ਸਾਈਕਲ ਯਾਤਰਾ ਦੇ ਟੀਮ ਲੀਡਰ ਸੁਸ਼ਾਂਤ ਸਿੰਘ ਨੇ ਐੱਨਸੀਸੀ ਵਲੰਟੀਅਰਜ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਨੂੰ ਅਪਣਾ ਕੇ ਨੌਜਵਾਨ ਦੇਸ਼ ਦੀ ਤਰੱਕੀ ਵਿੱਚ ਵਡਮੁੱਲਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਜਿਸ ਸਾਹਸ, ਬੁੱਧੀਮਤਾ ਅਤੇ ਦਲੇਰੀ ਨਾਲ ਤਾਕਤਵਰ ਬ੍ਰਿਟਿਸ਼ ਹਕੂਮਤ ਦਾ ਮੁਕਾਬਲਾ ਕੀਤਾ, ਉਹ ਨੌਜਵਾਨ ਵਰਗ ਲਈ ਹਮੇਸ਼ਾ ਹੀ ਪ੍ਰੇਰਨਾ ਸਰੋਤ ਰਹਿਣਗੇ। ਬ੍ਰਿਜੇਸ਼ ਸਿੰਘ ਅਤੇ ਰਾਜ ਕੁਮਾਰ ਨੇ ਹੁਸੈਨੀਵਾਲਾ ਸਮਾਰਕ ਤੇ ਨਤਮਸਤਕ ਹੋਣ ਉਪਰੰਤ ਕਿਹਾ ਕਿ ਇਹ ਸਥਾਨ ਸਾਡੇ ਲਈ ਬਹੁਤ ਵੱਡੀ ਪ੍ਰੇਰਣਾ ਸਥਲ ਹੈ। ਉਨ੍ਹਾਂ ਨੇ 2400 ਕਿਲੋਮੀਟਰ ਦੀ ਸਾਈਕਲ ਯਾਤਰਾ ਦੌਰਾਨ ਆਈਆਂ ਮੁਸ਼ਕਲਾਂ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਉਹ ਇਸ ਪਵਿੱਤਰ ਸਥਾਨ ਤੇ ਪਹੁੰਚ ਕੇ ਸਭ ਦੁੱਖ ਤਕਲੀਫ਼ਾਂ ਭੁੱਲ ਚੁੱਕੇ ਹਨ। ਉਨ੍ਹਾਂ ਨੇ ਬੀਕੇ ਦੱਤ ਅਤੇ ਪੰਜਾਬ ਮਾਤਾ ਦੀਆਂ ਯਾਦਗਾਰ ਉੱਪਰ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਨਤਮਸਤਕ ਹੋਏ। ਡਾ. ਸਤਿੰਦਰ ਸਿੰਘ ਨੇ ਇਨ੍ਹਾਂ ਨੌਜਵਾਨਾਂ ਦੇ ਉਪਰਾਲੇ ਦੀ ਭਰਪੂਰ ਪ੍ਰਸੰਸਾ ਕਰਦਿਆਂ ਕਿਹਾ ਕਿ ਅਜੋਕੇ ਸਮਾਜ ਵਿੱਚ ਜਦੋਂ ਰੰਗ ਭੇਦ, ਜਾਤ ਪਾਤ ਅਤੇ ਆਰਥਿਕ ਨਾ ਬਰਾਬਰੀ ਤੇਜ਼ੀ ਨਾਲ ਵੱਧ ਰਹੀ ਹੈ ਤਾਂ ਉਸ ਸਮੇਂ ਭਗਤ ਸਿੰਘ ਦੀ ਵਿਚਾਰਧਾਰਾ ਨਾਲ ਨੌਜਵਾਨ ਵਰਗ ਨੂੰ ਜੋੜਨ ਦੇ ਯਤਨ ਬੇਹੱਦ ਸ਼ਲਾਘਾਯੋਗ ਹਨ। ਇਸ ਮੌਕੇ ਪਰਮਿੰਦਰ ਸਿੰਘ ਸੋਢੀ, ਸੰਦੀਪ ਕੁਮਾਰ ਐੱਨਸੀਸੀ ਇੰਚਾਰਜ਼, ਅਰੁਣ ਕੁਮਾਰ, ਗੁਰਪਿੰਦਰ ਸਿੰਘ, ਮਨਦੀਪ ਸਿੰਘ, ਵਿਸ਼ਾਲ ਕੁਮਾਰ, ਦਵਿੰਦਰ ਕੁਮਾਰ ਅਤੇ ਸਮੂਹ ਸਕੂਲ ਸਟਾਫ ਮੈਂਬਰ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।