ਚੰਡੀਗੜ, 29 ਅਪ੍ਰੈਲ (ਪ੍ਰੈਸ ਕੀ ਤਾਕਤ ਬਿਊਰੋ) : ਕੋਵਿਡ ਮਹਾਂਮਾਰੀ ਕਰਕੇ ਬਣੇ ਹਾਲਾਤਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 1 ਮਈ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 400ਵੇਂ ਪ੍ਰਕਾਸ਼ ਪੁਰਬ ਜਸ਼ਨਾਂ ਮੌਕੇ ਸੰਗਤਾਂ ਨਾਲ ਵਰਚੁਅਲ ਤੌਰ ’ਤੇ ਆਪਣੀ ਰਹਾਇਸ਼ ਤੋਂ ਅਰਦਾਸ ’ਚ ਸ਼ਾਮਲ ਹੋਣਗੇ।
ਇਸ ਇਤਿਹਾਸਕ ਮੌਕੇ ਪੂਰਾ ਦਿਨ ਚੱਲਣ ਵਾਲੇ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਗੁਰਪੁਰਬ ਸਮਾਗਮ ਸਵੇਰੇ 11 ਵਜੇ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੋਰਿੰਡਾ ਵਿਖੇ ਰਿਹਾਇਸ਼ ਤੋਂ ਅਰੰਭ ਹੋਣਗੇ, ਜਿਸ ਦੌਰਾਨ ਭਾਈ ਗੁਰਮੀਤ ਸਿੰਘ ਸ਼ਾਂਤ ਗੁਰਮਤਿ ਸੰਗੀਤ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਪਿੱਛੋਂ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਸਵੇਰੇ 11:45 ਵਜੇ ਸ੍ਰੀ ਅਨੰਦ ਸਾਹਿਬ ਦੇ ਪਾਠ ਹੋਣਗੇ ਅਤੇ ਉਸ ਪਿੱਛੋਂ ਅਰਦਾਸ ਉਪਰੰਤ ਹੁਕਮਨਾਮਾ ਲਿਆ ਜਾਵੇਗਾ।
ਬੁਲਾਰੇ ਨੇ ਅੱਗੇ ਦੱਸਿਆ ਸੈਰ ਸਪਾਟਾ ਮੰਤਰੀ ਆਪਣੀ ਰਿਹਾਇਸ਼ ਤੋਂ ਦੁਪਹਿਰ 12:05 ਵਜੇ ਇਸ ਪਵਿੱਤਰ ਮੌਕੇ ’ਤੇ ਸਵਾਗਤੀ ਭਾਸ਼ਣ ਦੇਣਗੇ। ਇਸ ਉਪਰੰਤ ਦੁਪਹਿਰ 12:10 ਵਜੇ ਮੁੱਖ ਮੰਤਰੀ ਸੰਬੋਧਨ ਕਰਨਗੇ।ਇਸ ਤੋਂ ਬਾਅਦ ਪੰਜਾਬ ਸਰਕਾਰ ਦੇ ਸਰਕਾਰੀ ਫੇਸਬੁੱਕ ਅਤੇ ਯੂਟਿਊਬ ਚੈਨਲਾਂ ’ਤੇ ਭਾਈ ਗੁਰਮੀਤ ਸਿੰਘ ਸ਼ਾਂਤ ਦੁਆਰਾ ਲਾਈਵ ਗੁਰਮਤਿ ਸੰਗੀਤ ਨਾਲ ਵੱਖ-ਵੱਖ ਟੀਵੀ ਚੈਨਲਾਂ / ਡਿਜੀਟਲ ਪਲੇਟਫਾਰਮਾਂ ’ਤੇ ਵਿਸ਼ੇਸ਼ ਗੁਰਬਾਣੀ ਕੀਰਤਨ/ਗੁਰਮਤਿ ਸੰਗੀਤ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਅਰੰਭ ਹੋਵੇਗਾ ਅਤੇ ਸਪੋਕਸਮੈਨ ਟੀ.ਵੀ. ’ਤੇ ਇਹ ਪ੍ਰੋਗਰਾਮ ਸਵੇਰੇ 11 ਵਜੇ ਤੋਂ 11: 45 ਤੱਕ ਚਲਾਇਆ ਜਾਵੇਗਾ।ਇਸ ਦੇ ਨਾਲ ਹੀ ਭਾਈ ਮਨਜੀਤ ਸਿੰਘ ਸ਼ਾਂਤ ਏ.ਐਨ.ਬੀ ਨਿਊਜ਼ ’ਤੇ ਸਵੇਰੇ 12:35 ਤੋਂ 1:30 ਵਜੇ ਤੱਕ ਅਤੇ ਡਾ. ਨਿਵੇਦਿਤਾ ਉੱਪਲ ਚੜਦੀਕਲਾ ਟਾਈਮ ਟੀਵੀ ’ਤੇ ਸਵੇਰੇ 4:30 ਵਜੇ ਤੋਂ ਸ਼ਾਮ 5:30 ਵਜੇ ਤੱਕ ਲਾਈਵ ਹੋਣਗੇ। ਭਾਈ ਗਗਨਦੀਪ ਸਿੰਘ ਗੰਗਾਨਗਰ ਵਾਲੇ ਵੱਲੋਂ ਪ੍ਰੋ ਪੰਜਾਬ ਟੀਵੀ ’ਤੇ ਦੁਪਹਿਰ 1:30 ਵਜੇ ਤੋਂ 2: 30 ਵਜੇ ਤੱਕ, ਭਾਈ ਸੁਖਜਿੰਦਰ ਸਿੰਘ ਵੱਲੋਂ ਲਿਵਿੰਗ ਇੰਡੀਆ ’ਤੇ ਦੁਪਹਿਰ 2:30 ਵਜੇ ਤੋਂ 3:30 ਵਜੇ ਤੱਕ, ਭਾਈ ਅਰਵਿੰਦਰ ਸਿੰਘ ਨੂਰ ਵੱਲੋਂ ਸ਼ਰਧਾ ਐਮ.ਐਚ-ਵਨ ‘ਤੇ ਸ਼ਾਮ 3:30 ਵਜੇ ਤੋਂ 4:30 ਵਜੇ ਤੱਕ, ਭਾਈ ਤਾਰ ਬਲਬੀਰ ਸਿੰਘ ਵੱਲੋਂ ਨਿਊਜ਼ 18 ਪੰਜਾਬ / ਹਰਿਆਣਾ / ਹਿਮਾਚਲ ‘ਤੇ ਸ਼ਾਮ 5:30 ਵਜੇ ਤੋਂ 6:30 ਵਜੇ ਤੱਕ ਅਤੇ ਭਾਈ ਬਲਵੰਤ ਸਿੰਘ ਨਾਮਧਾਰੀ ਵੱਲੋਂ ਜੇ.ਕੇ.24¿7 ‘ਤੇ ਸ਼ਾਮ 6:30 ਤੋਂ 7.30 ਵਜੇ ਤੱਕ ਲਾਈਵ ਕੀਰਤਨ ਚੱਲੇਗਾ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਦੀ ਅਗਵਾਈ ਵਿਚ ਇਨਾਂ ਇਤਿਹਾਸਕ ਜਸ਼ਨਾਂ ਦੀ ਨਿਗਰਾਨੀ ਲਈ ਸਥਾਪਤ ਕੀਤੀ ਕਾਰਜਕਾਰੀ ਕਮੇਟੀ ਵੱਲੋਂ 23 ਅਪ੍ਰੈਲ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਇਤਿਹਾਸਕ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਸ਼ਨ ਵਰਚੁਅਲ ਤੌਰ ’ਤੇ ਮਨਾਉਣ ਦਾ ਫੈਸਲਾ ਕੀਤਾ ਗਿਆ ਸੀ ਕਿਉਂ ਜੋ ਸੂਬੇ ਵਿਚ ਕੋਵਿਡ ਦੇ ਮਾਮਲਿਆਂ ਵਿਚ ਬੇ-ਤਹਾਸ਼ਾ ਵਾਧਾ ਹੋ ਰਿਹਾ ਹੈ।
ਮੁੱਖ ਮੰਤਰੀ ਨੇ ਲੋਕਾਂ ਨੂੰ ਇਹ ਸਮਾਗਮ ਟੀ.ਵੀ. ਉੱਤੇ ਵੇਖ ਕੇ ਆਪਣੇ ਘਰਾਂ ਤੋਂ ਹੀ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਅਤੇ ਇਸ ਹੰਗਾਮੀ ਹਾਲਤ ਦੇ ਮੱਦੇਨਜ਼ਰ ਧਾਰਮਿਕ ਥਾਵਾਂ ’ਤੇ ਇਕੱਠ ਨਾ ਕਰਨ ਦੀ ਅਪੀਲ ਕੀਤੀ ਸੀ।