ਪਟਿਆਲਾ, 19 ਮਾਰਚ:(ਪੀਤਾਂਬਰ ਸ਼ਰਮਾ)
ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲ੍ਹੇ ‘ਚ ਕੀਤੇ ਜਾ ਰਹੇ ਪ੍ਰਬੰਧਾਂ ਦੀ ਸਮੀਖਿਆ ਕਰਦਿਆ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਵਿੱਚ ਜਾਰੀ ਕੀਤੇ ਜਾਂਦੇ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਵਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਹੁਕਮਾਂ ਨੂੰ ਨਾ ਮੰਨਣ ਵਾਲਿਆਂ ਖਿਲਾਫ਼ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਵੀ ਵਿਅਕਤੀ ਦੀ ਗਲਤੀ ਕਾਰਨ ਆਮ ਲੋਕਾਂ ਦਾ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਾਅ ਦੀ ਇਹਤਿਹਾਤ ਵਜੋਂ ਜ਼ਿਲ੍ਹੇ ‘ਚ 20 ਤੋਂ ਵੱਧ ਵਿਅਕਤੀਆਂ ਦੇ ਇਕੱਠੇ ਹੋਣ ‘ਤੇ ਪਾਬੰਦੀ ਲਗਾਈ ਗਈ ਹੈ ਅਤੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਬਲਿਕ ਟਰਾਂਸਪੋਰਟ ਸਬੰਧੀ ਦਿੱਤੇ ਆਦੇਸ਼ਾ ਦੀ ਵੀ ਇੰਨ-ਬਿੰਨ ਪਾਲਣਾ ਯਕੀਨੀ ਬਣਾਈ ਜਾਵੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਉਣ ਵਾਲੇ ਚਾਰ ਦਿਨਾਂ ਵਿੱਚ ਜ਼ਿਲ੍ਹੇ ਦੇ ਹਰੇਕ ਵਿਅਕਤੀ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਲਈ ਕੀਤੇ ਜਾਣ ਵਾਲੇ ਕੰਮਾਂ ਲਈ ਸਿੱਖਿਅਤ ਕੀਤਾ ਜਾਵੇ ਇਸ ਲਈ ਪੰਚਾਇਤ ਸਕੱਤਰ, ਪਟਵਾਰੀ, ਆਂਗਨਵਾੜੀ ਵਰਕਰਾਂ ਸਮੇਤ ਪਿੰਡ ਤੇ ਬਲਾਕ ਪੱਧਰ ਦੇ ਕਰਮਚਾਰੀ ਦੀਆਂ ਜਿੰਮੇਵਾਰੀਆਂ ਤਹਿ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਪੱਧਰ ‘ਤੇ ਸਰਕਾਰ ਦੀਆਂ ਹਦਾਇਤਾ ‘ਤੇ ਕੋਰ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਜਿਸ ਵਿੱਚ ਡਿਪਟੀ ਕਮਿਸ਼ਨਰ, ਐਸ.ਐਸ.ਪੀ., ਸਿਵਲ ਸਰਜਨ, ਡੀ.ਐਫ.ਐਸ.ਸੀ., ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਪ੍ਰਾਈਮਰੀ ਸ਼ਾਮਲ ਹੋਣਗੇ ਜੋ ਰੋਜ਼ਾਨਾ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀ ਗਈ ਕਾਰਗੁਜ਼ਾਰੀ ਦੀ ਸਮੀਖਿਆ ਕਰਨਗੇ। ਉਨ੍ਹਾਂ ਕਿਹਾ ਕਿ ਸਬ-ਡਵੀਜਨ ਪੱਧਰ ‘ਤੇ ਐਸ.ਡੀ.ਐਮ., ਡੀ.ਐਸ.ਪੀ. ਅਤੇ ਐਸ.ਐਮ.ਓ. ਟੀਮ ਬਣਾਕੇ ਤਾਲਮੇਲ ਨਾਲ ਕੰਮ ਕਰਨਾ ਯਕੀਨੀ ਬਣਾਉਣਗੇ।
ਸ੍ਰੀ ਕੁਮਾਰ ਅਮਿਤ ਨੇ ਪੁਲਿਸ ਤੇ ਸਿਹਤ ਵਿਭਾਗ ਅਧਿਕਾਰੀਆਂ ਨੂੰ ਹਦਾਇਤ ਕਿ ਉਹ ਮੈਡੀਕਲ ਦਾ ਜ਼ਰੂਰੀ ਸਮਾਨ ਜਮਾਂ ਕਰਕੇ ਰੱਖਣ ਵਾਲਿਆਂ ‘ਤੇ ਛਾਪੇਮਾਰੀ ਕਰਨ ਤੇ ਦੋਸ਼ੀ ਪਾਏ ਜਾਣ ‘ਤੇ ਕਾਨੂੰਨੀ ਕਾਰਵਾਈ ਅਮਲ ਵਿੱਚ ਲੈਕੇ ਆਉਣ। ਉਨ੍ਹਾਂ ਕਿਹਾ ਕਿ ਸਬ-ਡਵੀਜ਼ਨ ਪੱਧਰ ‘ਤੇ ਐਸ.ਡੀ.ਐਮਜ਼ ਇਹ ਯਕੀਨੀ ਬਣਾਉਣ ਕਿ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਹੁਕਮਾਂ ਦੀ ਇੰਨ-ਬਿੰਨ ਪਾਲਣਾ ਹੋਵੇ ਅਤੇ ਸਕੂਲ, ਕਾਲਜ, ਰੈਸਟੋਰੇਟ, ਪਲੇਵੇ ਸਕੂਲ, ਸਿਨਮਾ ਹਾਲ, ਜ਼ਿਮ, ਸਵੀਮਿੰਗ ਪੂਲ ਸਮੇਤ ਹਰ ਇਕ ਸਥਾਨ ਜਿਥੇ ਭੀੜ ਇੱਕਠੀ ਹੁੰਦੀ ਹੈ ਉਸ ਨੂੰ ਬੰਦ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਹੋਟਲਾ, ਰੈਸਟੋਰੇਟਾਂ ਵਿੱਚ ਵੀ ਜਿਥੇ ਬੈਠਕੇ ਖਾਣਾ ਪਰੋਸਿਆ ਜਾਂਦਾ ਹੈ ਉਹ ਬੰਦ ਕੀਤੇ ਜਾਣ ਅਤੇ ਸਿਰਫ਼ ਘਰ ਲੈਕੇ ਜਾਣ ਦੀ ਹੀ ਸਹੂਲਤ ਦਿੱਤੀ ਜਾਵੇ।
ਮੀਟਿੰਗ ਦੌਰਾਨ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਸਮੂਹ ਵਿਭਾਗ ਤਾਲਮੇਲ ਕਰਕੇ ਕੰਮ ਕਰਨ ਤਾਂ ਜੋ ਅਸੀਂ ਵਿਸ਼ਵ ਪੱਧਰ ‘ਤੇ ਇਸ ਫੈਲੀ ਬਿਮਾਰੀ ਦਾ ਸਫ਼ਲਤਾ ਨਾਲ ਟਾਕਰਾ ਕਰ ਸਕੀਏ। ਉਨ੍ਹਾਂ ਕਿਹਾ ਕਿ ਪੁਲਿਸ ਵਿਭਾਗ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰ ਰਿਹਾ ਹੈ ਅਤੇ ਪਿੰਡ ਪੱਧਰ ‘ਤੇ ਹੋਰਨਾ ਵਿਭਾਗਾਂ ਨਾਲ ਜਾਗਰੂਕਤਾ ਮੁਹਿੰਮ ਵਿੱਚ ਵੀ ਹਿੱਸਾ ਪਾ ਰਿਹਾ ਹੈ। ਉਨ੍ਹਾਂ ਸਮੂਹ ਐਸ.ਪੀਜ਼, ਡੀ.ਐਸ.ਪੀਜ਼ ਨੂੰ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਵਾਉਣ ਦੀ ਹਦਾਇਤ ਕੀਤੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਸਮੂਹ ਵਿਭਾਗਾਂ ਦਾ ਕਾਮਨੀਕੇਸ਼ਨ ਪਲਾਨ ਤਿਆਰ ਕਰ ਲਿਆ ਗਿਆ ਹੈ ਅਤੇ ਲੋੜ ਸਮੇਂ ਕਿਸੇ ਵੀ ਵਿਭਾਗ ਦੇ ਕਿਸੇ ਵੀ ਅਧਿਕਾਰੀ/ਕਰਚਾਰੀ ਦੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ ਇਸ ਲਈ ਕੋਈ ਵੀ ਅਧਿਕਾਰੀ/ਕਰਮਚਾਰੀ ਸਟੇਸ਼ਨ ਛੱਡਕੇ ਨਾ ਜਾਵੇ। ਇਸ ਮੌਕੇ ਉਨ੍ਹਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਕੰਟਰੋਲ ਰੂਮ ਨੰਬਰ 0175-5128793 ‘ਤੇ ਆਉਣ ਵਾਲੀਆਂ ਕਾਲਾ ਦਾ ਰਿਕਾਰਡ ਰੱਖਣ ਦੀ ਵੀ ਹਦਾਇਤ ਕੀਤੀ।
ਇਸ ਮੌਕੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ, ਐਸ.ਡੀ.ਐਮ. ਦੁਧਨਸਾਧਾਂ ਸ੍ਰੀ ਅਜੈ ਅਰੋੜਾ, ਐਸ.ਡੀ.ਐਮ. ਰਾਜਪੁਰਾ ਸ੍ਰੀ ਟੀ.ਬੈਨਿਥ, ਐਸ.ਪੀ. (ਐਚ) ਸ. ਨਵਨੀਤ ਸਿੰਘ ਬੈਂਸ, ਐਸ.ਪੀ. ਸਿਟੀ ਸ੍ਰੀ ਵਰੁਣ ਸ਼ਰਮਾ, ਐਸ.ਪੀ. ਡੀ. ਸ. ਹਰਮੀਤ ਸਿੰਘ ਹੁੰਦਲ, ਐਸ.ਪੀ. ਟਰੈਫਿਕ ਸ. ਪਲਵਿੰਦਰ ਸਿੰਘ ਚੀਮਾਂ, ਆਰ.ਟੀ.ਏ. ਸ੍ਰੀ ਅਰਵਿੰਦਰ ਕੁਮਾਰ, ਐਸ.ਡੀ.ਐਮ. ਪਟਿਆਲਾ ਸ. ਚਰਨਜੀਤ ਸਿੰਘ, ਐਸ.ਡੀ.ਐਮ. ਸਮਾਣਾ ਸ੍ਰੀ ਨਮਨ ਮੜਕਨ, ਐਸ.ਡੀ.ਐਮ. ਪਾਤੜਾਂ ਸ੍ਰੀਮਤੀ ਪਾਲਿਕਾ ਅਰੋੜਾ, ਸਹਾਇਕ ਕਮਿਸ਼ਨਰ (ਜ) ਡਾ. ਇਸਮਿਤ ਵਿਜੈ ਸਿੰਘ, ਸਹਾਇਕ ਕਮਿਸ਼ਨਰ (ਸ਼ਿਕਾਇਤਾ) ਮਿਸ ਇਨਾਇਤ ਗੁਪਤਾ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਸ੍ਰੀਮਤੀ ਜਸ਼ਨਪ੍ਰੀਤ ਕੌਰ ਗਿੱਲ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਸਮੇਤ ਜ਼ਿਲ੍ਹੇ ਦੇ ਸਮੂਹ ਡੀ.ਐਸ.ਪੀਜ਼, ਐਸ.ਐਮ.ਓਜ਼ ਅਤੇ ਸਕੂਲਾਂ ਕਾਲਜਾਂ ਦੇ ਪ੍ਰਿੰਸੀਪਲ ਮੌਜੂਦ ਸਨ।