ਪੱਤਰਕਾਰ ਸਮਾਜ ਦਾ ਆਈਨਾ ਹੈ, ਪੱਤਰਕਾਰ ਦਾ ਮੁੱਖ ਟੀਚਾ ਸਮਾਜ ਦੀਆਂ ਸਮੱਸਿਆਵਾਂ ਨੂੰ ਸਰਕਾਰ ਤੱਕ ਪਹੁੰਚਾ ਕੇ ਉਹਨਾਂ ਨੂੰ ਹੱਲ ਕਰਵਾਉਣ ਦੇ ਨਾਲ-ਨਾਲ ਸਮਾਜ ਵਿੱਚ ਸੁਹਾਰਦ ਪੈਦਾ ਕਰਨ ਦੇ ਨਾਲ-ਨਾਲ ਸਰਕਾਰੀ ਅਦਾਰਿਆਂ ਵਿੱਚ ਬੈਠੇ ਭ੍ਰਿਸ਼ਟ ਅਧਿਕਾਰੀਆਂ ਨੂੰ ਬੇਨਕਾਬ ਕਰਨਾ ਹੁੰਦਾ ਹੈ। ਇਸਨੂੰ ਮੁੱਖ ਰੱਖਦੇ ਹੋਏ ਭਾਰਤ ਦੇ ਕਈ ਸੀਨੀਅਰ ਪੱਤਰਕਾਰ ਇਹ ਗੱਲ ਖੁੱਲੇ੍ਹਆਮ ਕਹਿੰਦੇ ਹਨ ਕਿ ਦੇਸ਼ ਵਿੱਚ ਧਰਮ ਦੇ ਨਾਂਅ `ਤੇ ਰਾਜਨੀਤੀ ਮੁੱਢ ਤੋਂ ਹੀ ਹੁੰਦੀ ਆ ਰਹੀ ਹੈ, ਇਸ ਤਰ੍ਹਾਂ ਦੀ ਰਾਜਨੀਤੀ ਨੂੰ ਖ਼ਤਮ ਕਰਨਾ ਸੌਖਾ ਨਹੀਂ ਹੈ। ਧਰਮ ਦੇ ਨਾਂਅ `ਤੇ ਰਾਜਨੀਤੀ ਅਸੀਂ ਵੇਖ ਹੀ ਰਹੇ ਹਾਂ ਪਰ ਧਰਮ ਦੇ ਨਾਂਅ `ਤੇ ਪੱਤਰਕਾਰੀ ਕਿਉਂ ਹੋ ਰਹੀ ਹੈ? ਇਸਦੇ ਕਈ ਕਾਰਨ ਹਨ, ਕੁਝ ਪੱਤਰਕਾਰ ਅਜਿਹਾ ਇਸ ਲਈ ਕਰਦੇ ਹਨ, ਕਿਉਂਕਿ ਉਹ ਸਮਾਜ ਵਿੱਚ ਪਾਪੂਲਰ ਹੋਣਾ ਚਾਹੁੰਦੇ ਹਨ, ਉਨ੍ਹਾਂ ਦੇ ਦਿਲ ਦੀ ਇੱਛਾ ਹੁੰਦੀ ਹੈ ਕਿ ਉਹ ਅਜਿਹੀ ਸਟੋਰੀ ਕਰਨ, ਜੋ ਸ਼ੋਸ਼ਲ ਮੀਡੀਆ `ਤੇ ਖੂਬ ਵਾਇਰਲ ਹੋ ਜਾਵੇ। ਹਰ ਪਾਸੇ ਉਨ੍ਹਾਂ ਦੇ ਚਰਚੇ ਹੋਣ। ਜੋ ਸੋਸ਼ਲ ਮੀਡੀਆ `ਤੇ ਵਿੱਕ ਰਿਹਾ ਹੈ, ਬਸ ਕੁਝ ਪੱਤਰਕਾਰ ਉਸਨੂੰ ਹੀ ਤਰਜ਼ੀਹ ਦੇ ਰਹੇ ਹਨ।
ਦੂਜਾ ਕਾਰਨ ਹੈ ਪੈਸੇ ਦਾ ਲਾਲਚ, ਲੀਡਰਾਂ ਨੂੰ ਖੁਸ਼ ਕਰਨ ਲਈ ਕਿਸ ਤਰ੍ਹਾਂ ਪੱਤਰਕਾਰ ਆਪਣੀ ਜ਼ਮੀਰ ਖ਼ਤਮ ਕਰ ਚੁੱਕੇ ਹਨ, ਇਹ ਵੇਖ ਕੇ ਤਰਸ ਆਉਂਦਾ ਹੈ। ਕੁਝ ਜੂਨੀਅਰ ਪੱਤਰਕਾਰ ਇਹ ਕਹਿੰਦੇ ਵੀ ਸੁਣੇ ਗਏ ਹਨ ਕਿ ਜਿਨ੍ਹਾਂ ਨੂੰ ਵੇਖ ਕੇ ਅਸੀਂ ਪੱਤਰਕਾਰਿਤਾ ਖੇਤਰ ਚੁਨਣ ਦਾ ਫ਼ੈਸਲਾ ਕੀਤਾ, ਅੱਜ ਉਹ ਹੀ ਸਰਕਾਰ ਦੀ ਭਗਤੀ ਕਰ ਰਹੇ ਹਨ। ਜੂਨੀਅਰ ਪੱਤਰਕਾਰ ਇਹ ਵੀ ਸੋਚਦੇ ਹਨ ਕਿ ਉਹਨਾਂ ਪੱਤਰਕਾਰਿਤਾ ਦਾ ਖੇਤਰ ਇਸ ਲਈ ਚੁਣਿਆ ਸੀ ਕਿ ਇਹ ਖੇਤਰ ਨਿਰਪੱਖ ਸੋਚ ਨੂੰ ਸਮਾਜ ਦੇ ਸਾਹਮਣੇ ਰੱਖ ਕੇ ਰਾਸ਼ਟਰ ਦੀ ਖੁਸ਼ਹਾਲੀ ਅਤੇ ਵਿਕਾਸ ਲਈ ਕੰਮ ਕਰਕੇ ਦੇਸ਼ ਦੀ ਸੇਵਾ ਕਰਨ ਦਾ ਮਾਣ ਪ੍ਰਾਪਤ ਹੋਵੇਗਾ ਪਰ ਪੱਤਰਕਾਰੀ ਦੇ ਸੱਚੇ-ਸੁੱਚੇ ਮਿਆਰ ਨੂੰ ਲਾਂਭੇ ਰੱਖ ਕੇ ਆਪਣੇ ਨਿੱਜੀ ਹਿੱਤਾਂ ਲਈ ਵਰਤ ਆਪਣੇ ਆਪ ਨੂੰ ਗੌਰਵਮਈ ਮਹਿਸੂਸ ਕਰਦੇ ਹਨ।
ਇਸ ਲਈ ਸਿਰਫ਼ ਪੱਤਰਕਾਰਾਂ ਨੂੰ ਹੀ ਦੋਸ਼ੀ ਕਹਿਣਾ ਗਲਤ ਹੈ, ਕਿਉਂਕਿ ਮੀਡੀਆ ਨੂੰ ਚਲਾ ਰਹੇ ਅਦਾਰਿਆਂ ਦਾ ਵੀ ਇਸ ਵਿਚ ਪੂਰਾ ਯੋਗਦਾਨ ਹੈ। ਕਈ ਪੱਤਰਕਾਰ ਧਰਮ ਦੀ ਪੱਤਰਕਾਰੀ ਇਸ ਲਈ ਵੀ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਆਪਣੇ ਘਰ ਦੀਆਂ ਮਜ਼ਬੂਰੀਆਂ ਨਜ਼ਰ ਆਉਂਦੀਆਂ ਹਨ। ਆਪਣੇ ਬੱਚਿਆਂ ਦੇ ਭਵਿੱਖ ਬਾਰੇ ਸੋਚ ਕੇ ਹੀ ਉਹ ਅਦਾਰੇ ਦੇ ਚੰਗੇ ਕਰਮਚਾਰੀ ਬਣੇ ਰਹਿੰਦੇ ਹਨ। ਇਸ ਤਰ੍ਹਾਂ ਦੇ ਪੱਤਰਕਾਰ ਅੰਦਰੋ ਰੋ ਰਹੇ ਹੁੰਦੇ ਹਨ, ਦੂਜੇ ਕਿਸੇ ਅਦਾਰੇ ਵਿਚ ਚੰਗੀ ਤਨਖਾਹ `ਤੇ ਨੌਕਰੀ ਮਿਲ ਜਾਏ ਇਸਦੀ ਹਰ ਸਮੇਂ ਉਹ ਭਾਲ ਜਾਰੀ ਰੱਖਦੇ ਹਨ। ਅੱਜ ਦੇ ਇਸ ਪੱਤਰਕਾਰੀ ਰੁਝਾਨ ਨੂੰ ਵੇਖਦੇ ਹੋਏ ਉਹ ਆਜ਼ਾਦੀ ਦਾ ਵੇਲਾ ਯਾਦ ਆਉਂਦਾ ਹੈ, ਜਦੋਂ ਲੋਕੀ ਅਖ਼ਬਾਰਾਂ ਪੜ੍ਹ ਕੇ ਸੁਕੂਨ ਮਹਿਸੂਸ ਕਰਦੇ ਸਨ, ਕਿਤਾਬਾਂ ਵਿਚ ਪੜ੍ਹਿਆ ਹੈ ਉਸ ਵੇਲੇ ਬਲੈਕ ਵਿਚ ਅਖ਼ਬਾਰ ਵਿਕਦੀ ਸੀ। ਕੁਝ ਵੱਡੇ ਅਖਬਾਰਾਂ ਨੂੰ ਛੱਡ ਕੇ ਜ਼ਿਆਦਾਤਰ ਵੱਡੇ ਅਖਬਾਰਾਂ ਦੇ ਅਦਾਰੇ ਅਜਿਹੇ ਵੀ ਹਨ ਜੋ ਪੱਤਰਕਾਰ ਨੂੰ ਕਿਸੇ ਤਰ੍ਹਾਂ ਦਾ ਮਿਹਨਤਾਨਾ ਜਾਂ ਤਨਖਾਹ ਨਹੀਂ ਦਿੰਦੇ ਉਲਟਾ ਉਸ ਉਪਰ ਮਾਰਕਿਟ ਵਿੱਚੋਂ ਇਸ਼ਤਿਹਾਰ ਇਕੱਠੇ ਕਰਨ ਦਾ ਟੀਚਾ ਰੱਖ ਦਿੰਦੇ ਹਨ, ਅਜਿਹੇ ਪੱਤਰਕਾਰ ਅਦਾਰਿਆਂ ਵੱਲੋਂ ਦਿੱਤੇ ਟੀਚੇ ਕਿਵੇਂ ਪੂਰੇ ਕਰਦੇ ਹਨ ਇਹ ਸਭ ਜਾਣਦੇ ਹਨ।
ਪੱਤਰਕਾਰਿਤਾ ਦੇ ਮਿਆਰ ਨੂੰ ਨਿਰਪੱਖ ਅਤੇ ਸਮਾਜ ਪੱਖੀ ਬਣਾਉਣ ਲਈ ਮੀਡੀਆ ਨੂੰ ਚਲਾ ਰਹੇ ਅਦਾਰਿਆਂ ਨੂੰ ਚਾਹੀਦਾ ਹੈ ਕਿ ਉਹ ਦੇਸ਼ ਸੇਵਾ ਨੂੰ ਮੁੱਖ ਰੱਖਦੇ ਹੋਏ ਆਪਣੇ ਪੱਤਰਕਾਰ ਨੂੰ ਨਿਰਪੱਖ ਅਤੇ ਇਮਾਨਦਾਰ ਬਣਾਈ ਰੱਖਣ ਲਈ ਸਮਾਜ ਅਤੇ ਰਾਸ਼ਟਰ ਹਿੱਤ ਵਿੱਚ ਲਿਖਣ ਲਈ ਪ੍ਰੇਰਿਤ ਕਰਨ। ਇੱਥੇ ਅਦਾਰੇ ਨੂੰ ਆਪਣੇ ਅਤੇ ਆਪਣੇ ਪੱਤਰਕਾਰ ਦੀ ਸਮਾਜ ਵਿੱਚ ਸਾਫ-ਸੁਥਰੀ ਅਕਸ ਬਣਾਈ ਰੱਖਣ ਲਈ ਪੱਤਰਕਾਰ ਦੀ ਯੋਗਤਾ ਅਨੁਸਾਰ ਉਸਨੂੰ ਤਨਖਾਹ ਅਦਾ ਕੀਤੀ ਜਾਵੇ ਤਾਂ ਜੋ ਉਹ ਆਪਣੀ ਪੱਤਰਕਾਰੀ ਸਮਾਜ ਅਤੇ ਰਾਸ਼ਟਰ ਹਿੱਤ ਲਈ ਇਮਾਨਦਾਰੀ ਨਾਲ ਕਰ ਸਕੇ। ਸਰਕਾਰ ਨੂੰ ਚਾਹੀਦਾ ਹੈ ਕਿ ਪੱਤਰਕਾਰਾਂ ਨੂੰ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣ।
– ਸੁਭਾਸ਼ ਭਾਰਤੀ