ਪਟਿਆਲਾ/ਚੰਡੀਗੜ੍ਹ , 6 ਅਕਤੂਬਰ – ਵਰਸ਼ਾ ਵਰਮਾ –
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਹਾਥਰਸ ਘਟਨਾ ਪਿੱਛੇ ਅੰਤਰ-ਰਾਸ਼ਟਰੀ ਸਾਜ਼ਿਸ਼ ਵੇਖਣਾ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਅਧਿਕਾਰ ਖੇਤਰ ਹੈ ਪਰ ਮੈਨੂੰ ਨਿੱਜੀ ਤੌਰ ‘ਤੇ ਇਸ ਵਿੱਚ ਵੱਡਾ ਦੁਖਾਂਤ ਨਜ਼ਰ ਆ ਰਿਹਾ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਇੱਕ ਸਵਾਲ ਦੇ ਜਵਾਬ ਵਿੱਚ ਰਾਹੁਲ ਗਾਂਧੀ ਨੇ ਕਿਹਾ ”ਯੋਗੀ ਆਦਿੱਤਿਆਨਾਥ ਨੂੰ ਆਪਣੀ ਰਾਇ ਦਾ ਹੱਕ ਹੈ, ਉਹ ਜੋ ਚਾਹੇ ਕਲਪਨਾ ਕਰ ਸਕਦੇ ਹਨ, ਪਰ ਮੈਂ ਦੇਖਿਆ, ਮਾਸੂਮ ਲੜਕੀ ਨੂੰ ਬੇਰਹਿਮੀ ਨਾਲ ਕਤਲ ਕੀਤਾ ਗਿਆ ਅਤੇ ਉਸ ਦੇ ਪਰਿਵਾਰ ਨੂੰ ਡਰਾ ਕੇ ਦਬਾਇਆ ਗਿਆ”।
ਰਾਹੁਲ ਗਾਂਧੀ ਨੇ ਕਿਹਾ ਕਿ ਉਸ ਨੂੰ ਇਸ ਘਟਨਾ ਵਿੱਚ ਦਖਾਂਤ ਨਜ਼ਰ ਆ ਰਿਹਾ ਹੈ ਅਤੇ ਯੋਗੀ ਆਦਿੱਤਿਆਨਾਥ ਵਿੱਚ ਵੀ ਇਸ ਘਟਨਾ ਨੂੰ ਇਸੇ ਨਜ਼ਰੀਏ ਤੋਂ ਦੇਖਣ ਦੀ ਨੈਤਿਕਤਾ ਹੋਣੀ ਚਾਹੀਦੀ ਸੀ।
ਕਾਂਗਰਸ ਦੇ ਲੋਕ ਸਭਾ ਮੈਂਬਰ ਨੇ ਕਿਹਾ ਕਿ ਹੈਰਾਨੀ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਇਸ ਘਟਨਾ ਨੂੰ ਲੈ ਕੇ ਇੱਕ ਸ਼ਬਦ ਨੀ ਬੋਲਿਆ ਗਿਆ ਜਿਸ ਵਿੱਚ ਇੱਕ ਬੱਚੀ ਨਾਲ ਬਲਾਤਕਾਰ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਉਸ ਦੇ ਸਾਰੇ ਪਰਿਵਾਰ ‘ਤੇ ਪ੍ਰਸ਼ਾਸਨ ਵੱਲੋਂ ਹਮਲਾਵਰ ਰੁਖ ਅਪਣਾਇਆ ਜਾ ਰਿਹਾ ਹੈ।
ਉਨ੍ਹਾਂ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਨਾਲ ਹਾਥਰਸ ਨੂੰ ਜਾਂਦੇ ਹੋਏ ਉੱਤਰ ਪ੍ਰਦੇਸ਼ ਪੁਲੀਸ ਵੱਲੋਂ ਕੀਤੀ ਗਈ ਧੱਕਾ-ਮੁੱਕੀ ਅਤੇ ਵੱਡੀ ਗਿਣਤੀ ਕਾਂਗਰਸੀ ਵਰਕਰਾਂ ਖ਼ਿਲਾਫ ਐੱਫ.ਆਈ.ਆਰ. ਦਰਜ ਕੀਤੇ ਜਾਣ ਬਾਰੇ ਰਾਹੁਲ ਗਾਂਧੀ ਨੇ ਕਿਹਾ ਕਿ ਉਸ ਅਤੇ ਉਸ ਦੀ ਪਾਰਟੀ ਦੇ ਪੁਰਸ਼ ਅਤੇ ਮਹਿਲਾ ਮੈਂਬਰਾਂ ਨੂੰ ਜੋ ਸਹਿਣ ਕਰਨਾ ਪਿਆ, ਉਹ ਉਸ ਦਰਦ ਦੇ ਸਾਹਮਣੇ ਕੁਝ ਵੀ ਨਹੀਂ ਜੋ ਪੀੜਤ ਪਰਿਵਾਰ ਹੰਢਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਪੁਲੀਸ ਵੱਲੋਂ ਉਸਦੇ ਖੁਦ ਨਾਲ ਕੀਤੀ ਗਈ ਧੱਕਾ-ਮੁੱਕੀ ਕੋਈ ਵੱਡਾ ਮਸਲਾ ਨਹੀਂ ਪਰ ਪੀੜਤ ਪਰਿਵਾਰ ਨਾਲ ਜੋ ਵਾਪਰਿਆ ਹੈ ਉਹ ਅਸਲ ਵਿੱਚ ਧੱਕਾ ਹੈ।
ਰਾਹੁਲ ਨੇ ਕਿਹਾ ਕਿ ਉਸ ਅਤੇ ਉਸਦੀ ਪਾਰਟੀ ਦਾ ਫਰਜ਼ ਭਾਰਤ ਦੇ ਲੋਕਾਂ ਦੀ ਰਾਖੀ ਕਰੇ ਅਤੇ ਇਸੇ ਵਜ੍ਹਾ ਕਰਕੇ ਉਹ ਹਾਥਰਸ ਗਏ ਅਤੇ ਕਿਸਾਨਾਂ ਨਾਲ ਖੜ੍ਹਨ ਲਈ ਪੰਜਾਬ ਆਏ। ਉਨ੍ਹਾਂ ਕਿਹਾ ਕਿ ”ਬੇਇਨਸਾਫ਼ੀ ਦੇ ਖਿਲਾਫ਼ ਸਾਡੀ ਲੜਾਈ ‘ਚ ਜੇਕਰ ਲਾਠੀਆਂ ਅਤੇ ਧੱਕਾ ਮੁੱਕੀ ਸਹਿਣੀ ਪਈ ਤਾਂ ਅਸੀਂ ਸਹਾਂਗੇ।”
ਉਨ੍ਹਾਂ ਕਿਹਾ ਕਿ ”ਕਲਪਨਾ ਕਰੋ ਕਿ ਤੁਹਾਡੇ ਪੁੱਤਰ ਜਾਂ ਧੀ ਨੂੰ ਇਸ ਤਰ੍ਹਾਂ ਕਤਲ ਕਰ ਦਿੱਤਾ ਗਿਆ ਹੋਵੇ ਅਤੇ ਇਨਸਾਫ਼ ਮੰਗਣ ਅਤੇ ਵਿਰੋਧ ਕਰਨ ਬਦਲੇ ਤੁਹਾਡੇ ਪਰਿਵਾਰ ਨੂੰ ਨਿਸ਼ਾਨਾ ਬਣਾਇਆ ਜਾਵੇ, ਇਹ ਹੈ ਜੋ ਮੈਂ ਮਹਿਸੂਸ ਕੀਤਾ ਹੈ।” ਰਾਹੁਲ ਨੇ ਕਿਹਾ ਕਿ ਉਹ ਹਾਥਰਸ ਪੀੜਤ ਪਰਿਵਾਰ ਦੇ ਨਾਲ-ਨਾਲ ਉਨ੍ਹਾਂ ਲੱਖਾਂ ਭਾਰਤੀ ਮਹਿਲਾਵਾਂ ਲਈ ਵੀ ਉੱਥੇ ਗਏ ਜੋ ਪੀੜਤ ਹੁੰਦੀਆਂ ਹਨ ਅਤੇ ਹਜ਼ਾਰਾਂ ਉਹ ਔਰਤਾਂ ਜੋ ਹਰ ਰੋਜ਼ ਮੁਲਕ ਵਿੱਚ ਬਲਾਤਕਾਰ ਦਾ ਸ਼ਿਕਾਰ ਹੁੰਦੀਆਂ ਹਨ।
ਇਹ ਪੁੱਛੇ ਜਾਣ ‘ਤੇ ਕਿ ਉਹ ਖੇਤੀ ਬਿੱਲਾਂ ‘ਤੇ ਵੋਟਿੰਗ ਦੌਰਾਨ ਸੰਸਦ ਵਿੱਚ ਹਾਜ਼ਰ ਕਿਉਂ ਨਹੀਂ ਸਨ, ਰਾਹੁਲ ਨੇ ਕਿਹਾ ਕਿ ਉਹ ਵੀ ਇੱਕ ਪੁੱਤਰ ਹਨ ਅਤੇ ਪੁੱਤਰ ਦੇ ਤੌਰ ‘ਤੇ ਆਪਣੀ ਮਾਂ ਪ੍ਰਤੀ ਉਨ੍ਹਾਂ ਦੇ ਫਰਜ਼ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਾਤਾ ਨੇ ਮੈਡੀਕਲ ਚੈੱਕਅੱਪ ਲਈ ਜਾਣਾ ਸੀ ਅਤੇ ਕਿਉਂ ਜੋ ਉਸਦੀ ਭੈਣ ਕੁਝ ਪਰਿਵਾਰਕ ਕਾਰਨਾਂ ਕਰਕੇ ਨਹੀਂ ਜਾ ਸਕਦੀ ਸੀ ਅਤੇ ਇਹ ਫਰਜ਼ ਨਿਭਾਉਣਾ ਉਸਦੀ ਜ਼ਿੰਮੇਵਾਰੀ ਸੀ।