ਤਰਨਤਾਰਨ/ਭਿੱਖੀਵਿੰਡ 20 ਅਗਸਤ (ਰਣਬੀਰ ਸਿੰਘ ) ਥਾਣਾ ਵਲਟੋਹਾ ਅਧੀਨ ਪੈਂਦੇ ਕਸਬਾ ਅਮਰਕੋਟ ਤੋਂ ਪੱਤਰਕਾਰ ਬਲਜੀਤ ਸਿੰਘ ਦੇ ਮਾਤਾ ਅਤੇ ਉਸ ਦੇ ਭਰਾ ਅਤੇ ਉਸ ਦੀ ਭਤੀਜੀ ਤੇ ਹਮਲਾ ਕਰਨ ਵਾਲੇ ਵਿਅਕਤੀਆਂ ਤੇ ਥਾਣਾ ਵਲਟੋਹਾ ਪੁਲਿਸ ਨੇ ਬਾਏ ਨੇਮ ਤਿੰਨ ਵਿਅਕਤੀਆਂ ਤੇ ਇੱਕ ਅਣਪਛਾਤੇ ਵਿਅਕਤੀ ਤੇ ਮਾਮਲਾ ਦਰਜ ਕਰ ਲਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਵਲਟੋਹਾ ਦੇ ਐੱਸ.ਐੱਚ.ਓ ਨਰਿੰਦਰ ਸਿੰਘ ਢੋਟੀ ਨੇ ਦੱਸਿਆ ਕਿ ਪੀੜਤ ਬਲਵਿੰਦਰ ਕੌਰ ਪਤਨੀ ਰਸ਼ਪਾਲ ਸਿੰਘ ਵਾਸੀ ਅਮਰਕੋਟ ਪਿੰਡ ਦਿਆਲਪੁਰ ਤੋਂ ਦਵਾਈ ਲੈ ਕੇ ਆਪਣੇ ਘਰ ਨੂੰ ਵਾਪਿਸ ਆ ਰਹੇ ਸਨ। ਤਾਂ ਜਦ ਉਹ ਪਿੰਡ ਵਾਡ਼ਾ ਤੇਲੀਆਂ ਦੇ ਨਜ਼ਦੀਕ ਪਹੁੰਚੇ ਤਾਂ ਅਲਗੋ ਕੋਠੀ ਦਾ ਰਹਿਣ ਵਾਲਾ ਸੁਖਵਿੰਦਰ ਸਿੰਘ ਉਰਫ਼ ਸੋਨੂ ਜੋ ਕਿ ਆਪਣੇ ਆਪ ਨੂੰ ਕਾਂਗਰਸ ਪਾਰਟੀ ਦਾ ਮੈਂਬਰ ਦੱਸਦਾ ਹੈ ਅਤੇ ਉਸ ਦਾ ਬੇਟਾ ਗੌਰਵਦੀਪ ਸਿੰਘ ਉਰਫ਼ ਗੋਰਾ ਅਤੇ ਉਸ ਦਾ ਛੋਟਾ ਬੇਟਾ ਮਨਦੀਪ ਸਿੰਘ ਉਰਫ ਮੋਨੂੰ ਪੁੱਤਰ ਸੁਖਵਿੰਦਰ ਸਿੰਘ ਅਤੇ ਉਸਦੇ ਭਰਾ ਦਾ ਲੜਕਾ ਜੋ ਕਿ ਗੱਡੀ ਅਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਵਾਡ਼ਾ ਤੇਲੀਆਂ ਦੇ ਕੋਲ ਰਸਤਾ ਰੋਕ ਕੇ ਉਨ੍ਹਾਂ ਦੀ ਗੱਡੀ ਉੱਤੇ ਹਮਲਾ ਕਰ ਦਿੱਤਾ । ਜਿਸ ਦੌਰਾਨ ਉਨ੍ਹਾਂ ਵੱਲੋਂ ਗੱਡੀ ਦੇ ਸ਼ੀਸ਼ੇ ਭੰਨੇ ਗਏ ਅਤੇ ਬਲਵਿੰਦਰ ਕੌਰ ਦੇ ਕੱਪੜੇ ਅਤੇ ਉਸ ਦੀ ਪੋਤਰੀ ਦੇ ਕੱਪੜੇ ਪਾੜੇ ਗਏ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਂਦੇ ਹੋਏ ਉੱਥੋਂ ਫ਼ਰਾਰ ਹੋ ਗਏ । ਉਨ੍ਹਾਂ ਦੱਸਿਆ ਕਿ ਇਸ ਸਾਰੀ ਘਟਨਾ ਸਬੰਧੀ ਪੀੜਤ ਪਰਿਵਾਰ ਵੱਲੋਂ ਤੁਰੰਤ ਪੁਲਿਸ ਚੌਕੀ ਅਲਗੋਂ ਕੋਠੀ ਵਿਖੇ ਇਤਲਾਹ ਦਿੱਤੀ ਗਈ। ਜਿਸ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਚੌਕੀ ਅਲਗੋਂ ਕੋਠੀ ਨੇ ਮੌਕੇ ਦਾ ਜਾਇਜ਼ਾ ਲੈਂਦੇ ਹੋਏ ਸਾਰੇ ਹਾਲਾਤਾਂ ਤੋਂ ਥਾਣਾ ਵਲਟੋਹਾ ਦੇ ਮੁਖੀ ਐੱਸ.ਐੱਚ.ਓ ਨਰਿੰਦਰ ਸਿੰਘ ਢੋਟੀ ਨੂੰ ਜਾਣੂ ਕਰਵਾਇਆ। ਜਿਸ ਤੋਂ ਬਾਅਦ ਵਲਟੋਹਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੁਖਵਿੰਦਰ ਸਿੰਘ ਉਰਫ ਸੋਨੂੰ ਪੁੱਤਰ ਜਗਤਾਰ ਸਿੰਘ ਗੁਰਪ੍ਰੀਤ ਸਿੰਘ ਉਰਫ ਗੋਰਾ ਪੁੱਤਰ ਸੁਖਵਿੰਦਰ ਸਿੰਘ ਮਨਦੀਪ ਸਿੰਘ ਉਰਫ ਮਨੂ ਪੁੱਤਰ ਸੁਖਵਿੰਦਰ ਸਿੰਘ ਅਤੇ ਉਸ ਦੇ ਭਰਾ ਦੇ ਲੜਕੇ ਤੇ ਮਾਮਲਾ ਦਰਜ ਕੀਤਾ ਹੈ। ਇੱਥੇ ਇਹ ਵੀ ਦੱਸਣਯੋਗ ਬਣਦਾ ਹੈ ਕਿ ਪੱਤਰਕਾਰ ਦੇ ਪਰਿਵਾਰ ਤੇ ਹੋਏ ਇਸ ਹਮਲੇ ਨਾਲ ਕਾਨੂੰਨੀ ਵਿਵਸਥਾ ਤੇ ਵੱਡੇ ਸਵਾਲ ਚੁੱਕੇ ਜਾ ਰਹੇ ਹਨ। ਕਿਉਂਕਿ ਹਮਲੇ ਤੋਂ 20 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਥਾਣਾ ਵਲਟੋਹਾ ਪੁਲਿਸ ਨੇ ਐੱਫ.ਆਈ.ਆਰ ਦਰਜ ਕਰਨ ਵਿਚ ਦੇਰੀ ਕੀਤੀ ਅਤੇ ਸਿਆਸੀ ਦਬਾਅ ਝਲਕਦਾ ਦਿਖਾਈ ਦਿੱਤਾ । ਜਿਸ ਤੋਂ ਬਾਅਦ ਪੱਤਰਕਾਰ ਯੂਨੀਅਨ ਵੱਲੋਂ ਧਰਨਾ ਦੇਣ ਤੱਕ ਦੀ ਨੌਬਤ ਆ ਗਈ ਸੀ। ਪਰ ਮੌਕੇ ਦੀ ਨਜ਼ਾਕਤ ਨੂੰ ਸਮਝਦੇ ਹੋਏ ਥਾਣਾ ਵਲਟੋਹਾ ਦੇ ਐੱਸ.ਐੱਚ.ਓ ਨੇ ਦੋਸ਼ੀਆਂ ਤੇ ਆਈ.ਪੀ.ਸੀ ਦੀ ਧਾਰਾ 341,427,506,354-B,34 ਤਹਿਤ ਪਰਚਾ ਦਰਜ ਕਰਕੇ ਪੱਤਰਕਾਰਾਂ ਨੂੰ ਸ਼ਾਂਤ ਕਰਵਾਇਆ ਅਤੇ ਦੋਸ਼ੀ ਵਿਅਕਤੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਕੇ ਸਲਾਖਾਂ ਪਿੱਛੇ ਡੱਕਣ ਦਾ ਪੱਤਰਕਾਰਾ ਨੂੰ ਵਿਸ਼ਵਾਸ਼ ਦਿਵਾਇਆ । ਉੱਥੇ ਹੀ ਇਸ ਸਬੰਧੀ ਪੱਤਰਕਾਰ ਯੂਨੀਅਨ ਪ੍ਰੈੱਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਹਲਕਾ ਖੇਮਕਰਨ ਤੋਂ ਪ੍ਰਧਾਨ ਰਾਣਾ ਬੁੱਗ ਨੇ ਚਿਤਾਵਨੀ ਦਿੱਤੀ ਕਿ ਸਿਆਸੀ ਦਬਾਅ ਤਹਿਤ ਪੱਤਰਕਾਰ ਅਤੇ ਪੱਤਰਕਾਰ ਦੇ ਪਰਿਵਾਰ ਤੇ ਹਮਲਾ ਕਰਨ ਵਾਲੇ ਅਜਿਹੇ ਸ਼ਰਾਰਤੀ ਅਨਸਰਾ ਨੂੰ ਕਿਸੇ ਵੀ ਕੀਮਤ ਤੇ ਬਖ਼ਸ਼ਿਆ ਨਹੀਂ ਜਾਵੇਗਾ ।
ADVERTISEMENT