* ਮਿਰਤਕਾ ਬਾਰ ਕੌਂਸਲ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਸਾਬਕਾ ਚੇਅਰਮੈਨ ਦੀ ਪਤਨੀ ਸੀ
* ਚੋਰੀ ਹੋਈਆਂ 40 ਲੱਖ ਰੁਪਏ ਦੇ ਮੁੱਲ ਦੀਆਂ ਵਸਤਾਂ ਵੀ ਬਰਾਮਦ
ਪਟਿਆਲਾ, 25 ਅਪ੍ਰੈਲ (ਪ੍ਰੈਸ ਕੀ ਤਾਕਤ ਬਿਊਰੋ) : ਪਟਿਆਲਾ ਪੁਲਿਸ ਨੇ 65 ਸਾਲਾਂ ਬਜ਼ੁਰਗ ਮਹਿਲਾ ਦੇ ਅੰਨ੍ਹੇ ਕਤਲ ਦੇ ਕੇਸ ਨੂੰ 96 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਸੁਲਝਾ ਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਮਰਹੂਮ ਐਡਵੋਕੇਟ ਨਰਿੰਦਰ ਸਿੰਗਲਾ, ਸਾਬਕਾ ਚੇਅਰਮੈਨ ਬਾਰ ਕੌਂਸਲ, ਪੰਜਾਬ, ਹਰਿਆਣਾ ਅਤੇ ਚੰਡੀਗੜ ਦੀ ਪਤਨੀ ਕਮਲੇਸ਼ ਸਿੰਗਲਾ ਦਾ ਚਾਰ ਦਿਨ ਪਹਿਲਾਂ ਉਸਦੇ ਘਰ ਵਿੱਚ, ਉਸਦੇ ਚਿਹਰੇ ਅਤੇ ਹੱਥਾਂ ਨੂੰ ਪੈਕਿੰਗ ਟੇਪ ਨਾਲ ਲਪੇਟ ਕੇ ਕਤਲ ਕਰ ਕੀਤਾ ਗਿਆ ਸੀ। ਦੋਸ਼ੀ ਕੀਮਤੀ ਚੀਜ਼ਾਂ, ਗਹਿਣਿਆਂ ਅਤੇ ਨਕਦੀ ਲੈ ਕੇ ਭੱਜ ਗਏ ਸਨ। ਇਸ ਸਬੰਧ ਵਿਚ 21.04.21 ਨੂੰ ਪੁਲਿਸ ਥਾਣਾ ਲਾਹੌਰੀ ਗੇਟ ਵਿਚ ਕੇਸ ਦਰਜ ਕੀਤਾ ਗਿਆ ਸੀ।
ਜਾਂਚ ਦੇ ਵੇਰਵੇ ਦਿੰਦਿਆਂ ਪਟਿਆਲਾ ਦੇ ਐਸ ਐਸ ਪੀ ਵਿਕਰਮ ਜੀਤ ਦੁੱਗਲ ਨੇ ਕਿਹਾ, “ਜਿਸ ਤਰੀਕੇ ਨਾਲ ਜੁਰਮ ਕਰਨ ਦੀ ਯੋਜਨਾ ਬਣਾਈ ਗਈ ਸੀ ਅਤੇ ਉਸ ਨੂੰ ਅੰਜਾਮ ਦਿੱਤਾ ਗਿਆ ਸੀ, ਉਸ ਤੋਂ ਸੰਕੇਤ ਮਿਲਦਾ ਸੀ ਕਿ ਹਮਲਾਵਰ ਘਰ ਦੇ ਆਲੇ-ਦੁਆਲੇ ਦਾ ਰਾਹ ਜਾਣਦੇ ਸਨ। ਜਾਂਚ ਲਈ ਐਸ ਆਈ ਟੀ ਦਾ ਗਠਨ ਕੀਤਾ ਗਿਆ ਸੀ। ਦੋਸ਼ੀ ਵਿਕਰਮ, ਜੋ ਕਿ ਪਠਾਣਾ ਵਾਲਾ ਮੁਹੱਲਾ, ਸਨੌਰ ਦਾ ਵਸਨੀਕ ਹੈ, ਮ੍ਰਿਤਕਾ ਦੇ ਵਕੀਲ ਪੁੱਤਰ ਹੈਰੀ ਸਿੰਗਲਾ ਨਾਲ ਮੁਨਸ਼ੀ ਵਜੋਂ ਕੰਮ ਕਰਦਾ ਸੀ, ਨੇ ਆਪਣੇ ਸਾਥੀਆਂ, ਅਮਰਿੰਦਰ ਵਾਸੀ ਲਲੋਚੀ ਅਤੇ ਗਗਨਦੀਪ ਵਾਸੀ ਸਨੌਰ ਨਾਲ ਮਿਲ ਕੇ ਇਹ ਸਾਜਿਸ਼ ਰਚੀ ਸੀ। ਉਨ੍ਹਾਂ ਦਾ ਮਕਸਦ ਮਹਿਲਾ ਨੂੰ ਖਤਮ ਕਰਕੇ, 40 ਲੱਖ ਰੁਪਏ ਮੁੱਲ ਦੀਆਂ ਕੀਮਤੀ ਵਸਤਾਂ ਦੀ ਲੁੱਟ ਕਰਨਾ ਸੀ। ਵਿਕਰਮ 5 ਸਾਲਾਂ ਤੋਂ ਵੀ ਵਧੇਰੇ ਸਮੇਂ ਤੋਂ ਪਰਿਵਾਰ ਨਾਲ ਜੁੜਿਆ ਹੋਇਆ ਸੀ ਅਤੇ ਉਸ ਦੀ ਘਰ ਤਕ ਪਹੁੰਚ ਸੀ। ਇਨ੍ਹਾਂ ਦਾ ਮਨੋਰਥ ਲਾਲਚ ਵਿੱਚ ਆ ਕੇ ਕੀਮਤੀ ਚੀਜ਼ਾਂ ਨੂੰ ਲੁੱਟਣਾ ਸੀ।
ਐਸ ਪੀ ਸਿਟੀ ਪਟਿਆਲਾ, ਵਰੁਣ ਸ਼ਰਮਾ, ਐਸ ਪੀ ਜਾਂਚ, ਹਰਮੀਤ ਸਿੰਘ ਹੁੰਦਲ, ਡੀ ਐਸ ਪੀ ਜਾਂਚ ਕ੍ਰਿਸ਼ਨ ਕੁਮਾਰ ਪੈਂਥੇ, ਡੀਐਸਪੀ ਘਨੌਰ ਜਸਵਿੰਦਰ ਸਿੰਘ ਟਿਵਾਣਾ ਅਤੇ ਸੀ ਆਈ ਏ ਇੰਚਾਰਜ ਰਾਹੁਲ ਕੌਸ਼ਲ ਤੇ ਅਧਾਰਿਤ ਵਿਸ਼ੇਸ਼ ਜਾਂਚ ਟੀਮ, ਵੱਲੋਂ ਕੀਤੇ ਗਏ ਜਾਂਚ ਕਾਰਜਾਂ ਦੀ ਸ਼ਲਾਘਾ ਕਰਦਿਆਂ, ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਸਾਰੇ ਐਸ.ਆਈ.ਟੀ. ਦੇ ਮੈਂਬਰਾਂ ਨੇ ਬੇਹਤਰੀਨ ਕੰਮ ਕੀਤਾ ਅਤੇ ਦਿਨ-ਰਾਤ ਮਿਹਨਤ ਕਰਕੇ, ਆਖਰਕਾਰ ਮੁਲਜ਼ਮਾਂ ਨੂੰ 96 ਘੰਟਿਆਂ ਤੋਂ ਘੱਟ ਦੇ ਸਮੇਂ ਵਿੱਚ ਸ਼ਨਾਖਤ ਕੇ ਲਿਆ।
“ਮੁਲਜ਼ਮਾਂ ਦੇ ਕਬਜ਼ੇ ਵਿਚੋਂ ਘਟਨਾ ਤੋਂ ਬਾਅਦ ਲੁੱਟਿਆ ਗਿਆ ਸਾਰਾ ਸਮਾਨ ਬਰਾਮਦ ਕਰ ਲਿਆ ਗਿਆ ਹੈ,” ਇਹ ਖੁਲਾਸਾ ਕਰਦਿਆਂ ਐਸ ਐਸ ਪੀ ਨੇ ਦੱਸਿਆ ਕਿ ਅਪਰਾਧ ਦੌਰਾਨ ਵਰਤਿਆ ਗਿਆ ਵਾਹਨ, ਹੀਰੋ ਸਪਲੈਂਡਰ ਮੋਟਰਸਾਈਕਲ, ਜੋ ਕਿ ਮੁਲਜ਼ਮ ਅਮਰਿੰਦਰ ਦਾ ਹੈ, ਵੀ ਬਰਾਮਦ ਕੀਤਾ ਗਿਆ ਹੈ।
ਐਸ ਐਸ ਪੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ/ਸੰਸਥਾਨਾਂ ਵਿੱਚ ਕੰਮ ਕਰਨ ਵਾਲੇ ਨੌਕਰਾਂ, ਕਾਮਿਆਂ, ਕਿਰਾਏਦਾਰਾਂ ਅਤੇ ਅਸਥਾਈ ਤੌਰ ਤੇ ਰਹਿਣ ਆਏ ਲੋਕਾਂ ਦੀ ਤਸਦੀਕ ਕਰਨ ਲਈ ਪਟਿਆਲਾ ਪੁਲਿਸ ਵੱਲੋਂ ਬਣਾਈ ਵੈਰੀਪਟਿਆਲਾ ਡਾਟ ਕਾਮ ਸਾਈਟ ਦੀ ਵਰਤੋਂ ਜ਼ਰੂਰ ਕਰਨ ਤਾਂ ਜੋ ਅਪਰਾਧਕ ਪਿਛੋਕੜ ਵਾਲੇ ਵਿਅਕਤੀਆਂ ਦਾ ਪਤਾ ਲੱਗ ਸਕੇ।