Web Desk- Harsimranjit Kaur
ਚੰਡੀਗੜ੍ਹ, 18 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਦੋ ਦਿਨਾਂ ਦੇ ਦਿੱਲੀ ਦੌਰੇ ਤੇ ਹਨ। ਚਰਚਾ ਹੈ ਕਿ ਕੈਪਟਨ ਨਵੀਂ ਸਿਆਸੀ ਪਾਰਟੀ ਬਣਾਉਣ ਜਾ ਰਹੇ ਹਨ। ਇਸ ਤੋਂ ਪਹਿਲਾਂ, ਕੈਪਟਨ ਦਿੱਲੀ ‘ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲ ਸਕਦੇ ਹਨ।
ਕੈਪਟਨ ਨੇ ਕਾਂਗਰਸ ਛੱਡਣ ਦਾ ਸੰਕੇਤ ਦੇ ਦਿੱਤਾ ਹੈ ਪਰ ਅਜੇ ਆਪਣੇ ਪੱਤੇ ਨਹੀਂ ਖੋਲ੍ਹੇ। ਉਨ੍ਹਾਂ ਦੀਆਂ ਗਤੀਵਿਧੀਆਂ ‘ਤੇ ਨਾ ਸਿਰਫ ਕਾਂਗਰਸ ਬਲਕਿ ਹੋਰ ਸਿਆਸੀ ਪਾਰਟੀਆਂ ਵੀ ਨੇੜਿਓਂ ਨਜ਼ਰ ਰੱਖ ਰਹੀਆਂ ਹਨ। ਪੰਜਾਬ ਦਾ ਸਰਹੱਦੀ ਖੇਤਰ 50 ਕਿਲੋਮੀਟਰ BSF ਅਧੀਨ ਆਉਣ ਤੋਂ ਬਾਅਦ ਕਾਂਗਰਸ ਤੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਦੋਸ਼ ਲਾਇਆ ਕਿ ਕੈਪਟਨ ਦੀ ਸਲਾਹ ਨਾਲ ਹੀ ਕੇਂਦਰ ਸਰਕਾਰ ਨੇ ਇਹ ਫੈਸਲਾ ਕੀਤਾ ਹੈ।
ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਇਹ ਕੈਪਟਨ ਅਮਰਿੰਦਰ ਦੀ ਤੀਜੀ ਦਿੱਲੀ ਫੇਰੀ ਹੋਵੇਗੀ। ਉਨ੍ਹਾਂ ਦੇ ਨੇੜਲੇ ਸੂਤਰਾਂ ਨੇ ਦੱਸਿਆ ਕਿ ਉਹ ਘੱਟੋ-ਘੱਟ ਦੋ ਦਿਨਾਂ ਲਈ ਰਾਸ਼ਟਰੀ ਰਾਜਧਾਨੀ ‘ਚ ਰਹਿਣਗੇ। ਪਿਛਲੇ ਕੁਝ ਦਿਨਾਂ ਤੋਂ ਕੈਪਟਨ ਆਪਣੇ ਵਫ਼ਾਦਾਰ ਨੇਤਾਵਾਂ ਨੂੰ ਨਵੀਂ ਰਾਜਨੀਤਕ ਪਾਰਟੀ ਦੇ ਗਠਨ ਬਾਰੇ ਵਿਚਾਰ ਜਾਣਨ ਲਈ ਬੁਲਾ ਰਹੇ ਹਨ।
ਪਿਛਲੇ ਮਹੀਨੇ ਸਾਬਕਾ ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਤਾਂ ਜੋ ਸਰਹੱਦੀ ਰਾਜ ਦੇ ਮੌਜੂਦਾ ਸੁਰੱਖਿਆ ਦ੍ਰਿਸ਼ ਤੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਬਾਰੇ ਚਰਚਾ ਕੀਤੀ ਜਾ ਸਕੇ। ਹਾਲਾਂਕਿ, ਇਹ ਅਜੇ ਸਪੱਸ਼ਟ ਨਹੀਂ ਹੋਇਆ ਕਿ ਕੈਪਟਨ ਨਵੀਂ ਸਿਆਸੀ ਪਾਰਟੀ ਕਦੋਂ ਬਣਾਉਂਦੇ ਹਨ, ਪਰ ਉਨ੍ਹਾਂ ਦੇ ਦਿੱਲੀ ਦੌਰੇ ਤੇ ਅਮਿਤ ਸ਼ਾਹ ਨਾਲ ਮੁਲਾਕਾਤਾਂ ਨੇ ਕਾਂਗਰਸ ਦੀ ਬੇਚੈਨੀ ਨੂੰ ਵਧਾ ਦਿੱਤਾ ਹੈ।