ਚੰਡੀਗੜ੍ਹ 17 ਦਸੰਬਰ – ਅਸ਼ੋਕ ਵਰਮਾ –
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਮੰਤਰੀ ਮੰਡਲ ਨੇ ਅੱਜ ਪਟਿਆਲਾ ਦੇ ਰੱਖੜਾ ਵਿੱਚ ਬੰਦ ਪਈ ਸਹਿਕਾਰੀ ਖੰਡ ਮਿੱਲ ਵਿਖੇ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ.ਓ.ਸੀ.ਐਲ.) ਦੁਆਰਾ ਇੱਕ ਕੰਪਰੈਸਡ ਬਾਇਓ ਗੈਸ (ਸੀ.ਬੀ.ਜੀ.) ਪਲਾਂਟ ਸਥਾਪਤ ਕਰਨ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ।
ਸ਼ੂਗਰਫੈੱਡ ਦੇ ਸਹਿਯੋਗ ਨਾਲ ਤਿਆਰ ਕੀਤੇ ਜਾ ਰਹੇ ਇਸ ਪਲਾਂਟ ਵਿੱਚ ਬਾਇਓ ਗੈਸ ਦੇ ਉਤਪਾਦਨ ਲਈ ਝੋਨੇ ਦੀ ਪਰਾਲੀ ਦੀ ਵਰਤੋਂ ਕੀਤੀ ਜਾਵੇਗੀ ਜਿਸ ਨਾਲ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਗਿਰਾਵਟ ਆਵੇਗੀ ਅਤੇ ਇਹ ਜੈਵਿਕ ਖਾਦ ਦੇ ਉਤਪਾਦਨ ਦੁਆਰਾ ਮਿੱਟੀ ਦੀ ਉਪਜ ਸ਼ਕਤੀ ਨੂੰ ਵੀ ਵਧਾਏਗਾ।
ਮੰਤਰੀ ਮੰਡਲ ਨੇ ਕੰਪਰੈਸਡ ਬਾਇਓ ਗੈਸ ਪਲਾਂਟ ਦੀ ਸਥਾਪਨਾ ਲਈ ਆਈ.ਓ.ਸੀ.ਐਲ. ਨੂੰ ਮੁਹੱਈਆ ਕਰਵਾਈ ਜਾਣ ਵਾਲੀ ਬੰਦ ਖੰਡ ਮਿੱਲ ਦੀ 25 ਏਕੜ ਜਾਂ ਇਸ ਤੋਂ ਵੱਧ ਜ਼ਮੀਨ ਦੇ ਸਬੰਧ ਵਿੱਚ ਲੈਂਡ ਲੀਜ਼ ਸਮਝੌਤੇ ਸਮੇਤ ਸਾਰੇ ਨਿਯਮਾਂ ਅਤੇ ਸ਼ਰਤਾਂ ਦਾ ਨਿਪਟਾਰਾ ਕਰਨ ਦੇ ਅਧਿਕਾਰ ਵੀ ਸਹਿਕਾਰਤਾ ਮੰਤਰੀ ਨੂੰ ਸੌਂਪੇ ਦਿੱਤੇ ਹਨ। ਸਹਿਕਾਰਤਾ ਮੰਤਰੀ ਨੂੰ ਮੁੱਖ ਮੰਤਰੀ ਦੀ ਮਨਜ਼ੂਰੀ ਨਾਲ ਲੀਜ਼ ਦੇ ਨਿਯਮ ਅਤੇ ਸ਼ਰਤਾਂ ਬਾਰੇ ਫੈਸਲਾ ਲੈਣ ਦਾ ਅਧਿਕਾਰ ਸੌਂਪਿਆ ਗਿਆ ਹੈ।
ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਅਨੁਸਾਰ ਸਥਾਪਤ ਕੀਤੇ ਜਾਣ ਵਾਲੇ ਇਸ ਸੀ.ਬੀ.ਜੀ. ਪਲਾਂਟ, ਜਿਸ ਨਾਲ ਸਿੱਧੇ ਅਤੇ ਅਸਿੱਧੇ ਤੌਰ ‘ਤੇ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ, ਵਿੱਚ 30 ਟਨ ਸੀ.ਬੀ.ਜੀ. (ਕੰਪਰੈਸਡ ਬਾਇਓ ਗੈਸ) ਉਤਪਾਦਨ ਦੀ ਸਮਰੱਥਾ ਹੋਵੇਗੀ ਅਤੇ ਇਸਦੀ ਪ੍ਰਤੀ ਦਿਨ ਫੀਡ ਸਟਾਕ ਸਮਰੱਥਾ ਕਰੀਬ 300 ਟਨ ਪਰਾਲੀ ਦੀ ਹੋਵੇਗੀ। ਇਹ ਪਲਾਂਟ ਲਗਭਗ 75,000 ਟਨ ਸਾਲਾਨਾ ਜੈਵਿਕ ਖਾਦ ਵੀ ਪੈਦਾ ਕਰੇਗਾ।
ਇਸ ਤੋਂ ਇਲਾਵਾ ਸੀ.ਬੀ.ਜੀ. ਦੇ ਇੱਕ ਵਾਤਾਵਰਨ-ਪੱਖੀ ਬਾਲਣ ਹੋਣ ਦੇ ਨਾਲ ਇਸ ਨਾਲ ਗਰੀਨ ਹਾਊਸ ਗੈਸ (ਜੀ.ਐਚ.ਜੀ.) ਦਾ ਨਿਕਾਸ 98 ਫੀਸਦੀ ਘਟਣ ਦੀ ਸੰਭਾਵਨਾ ਹੈ। ਇਹ ਪਲਾਂਟ ਜੈਵਿਕ ਬਾਲਣਾਂ ‘ਤੇ ਨਿਰਭਰਤਾ ਨੂੰ ਘਟਾਉਣ ਵਿਚ ਸਹਾਇਤਾ ਕਰੇਗਾ ਅਤੇ ਇਸ ਤਰ੍ਹਾਂ ਸਰਕੁਲਰ ਆਰਥਿਕਤਾ ਨੂੰ ਉਤਸ਼ਾਹਤ ਕਰਨ ਵਿਚ ਵੱਡਾ ਯੋਗਦਾਨ ਪਾਵੇਗਾ।
ਕੰਪਰੈਸਡ ਬਾਇਓ ਗੈਸ ਪਲਾਂਟ ਖੇਤਾਂ ਵਿਚ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਘਟਾਉਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ ਜਿਸ ਨਾਲ ਪੰਜਾਬ ਵਿਚ ਹਵਾ ਪ੍ਰਦੂਸ਼ਣ ਘਟੇਗਾ ਅਤੇ ਇਸ ਦੇ ਨਾਲ ਹੀ ਆਮ ਜਨ-ਜੀਵਨ ਦੇ ਹਾਲਾਤਾਂ ਵਿੱਚ ਵੀ ਸੁਧਾਰ ਹੋਵੇਗਾ। ਇਸ ਨਾਲ ਕਿਸਾਨਾਂ ਦੀ ਬਚਤ ਵਿੱਚ ਇਜ਼ਾਫ਼ਾ ਹੋਣ ਦੇ ਨਾਲ ਹੀ ਕਾਰਬਨ ਤੱਤਾਂ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ ਵਿੱਚ ਵੀ ਸਹਾਇਤਾ ਮਿਲੇਗੀ।
ਇਸ ਤੋਂ ਇਲਾਵਾ ਇਸ ਪ੍ਰਸਤਾਵਿਤ ਪਲਾਂਟ ਤੋਂ ਪੈਦਾ ਹੋਈ ਕੰਪਰੈਸਡ ਬਾਇਓ ਗੈਸ ਦੀ ਵਿਕਰੀ ‘ਤੇ ਜੀ.ਐਸ.ਟੀ. ਜ਼ਰੀਏ ਸੂਬਾ ਸਰਕਾਰ ਨੂੰ ਵਾਧੂ ਮਾਲੀਆ ਹਾਸਲ ਹੋਵੇਗਾ।
ਸਹਿਕਾਰਤਾ ਮੰਤਰੀ ਦੀ ਅਗਵਾਈ ਵਾਲੀ ਕੈਬਨਿਟ ਸਬ-ਕਮੇਟੀ ਦੀ ਬੈਠਕ ਵਿਚ ਆਈ.ਓ.ਸੀ.ਐਲ. ਨੇ ਦੱਸਿਆ ਸੀ ਕਿ ਪਹਿਲੇ ਪੜਾਅ ਅਧੀਨ ਇਸ ਪ੍ਰਾਜੈਕਟ ਵਿਚ 180 ਕਰੁੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਝੋਨੇ ਦੀ ਪਰਾਲੀ ਅਤੇ ਹੋਰ ਬਾਇਓਮਾਸ ਤੋਂ ਬਾਇਓ ਗੈਸ ਦਾ ਉਤਪਾਦਨ ਕਰਨਾ ਸ਼ਾਮਲ ਹੋਵੇਗਾ। ਆਈ.ਓ.ਸੀ.ਐਲ. ਸਹਿਕਾਰੀ ਸੁਸਾਇਟੀਆਂ ਰਾਹੀਂ ਕਿਸਾਨਾਂ ਤੋਂ ਝੋਨੇ ਦੀ ਪਰਾਲੀ ਦੀ ਖਰੀਦ ਕਰੇਗੀ। ਝੋਨੇ ਦੀ ਪਰਾਲੀ ਦੀ ਖਰੀਦ/ਸਪਲਾਈ ਦੀਆਂ ਕੀਮਤਾਂ ਆਪਸੀ ਗੱਲਬਾਤ ਤੋਂ ਬਾਅਦ ਤੈਅ ਕੀਤੀਆਂ ਜਾਣਗੀਆਂ।
ਕੈਬਨਿਟ ਸਬ ਕਮੇਟੀ ਨੇ ਬੰਦ ਪਈ ਸਹਿਕਾਰੀ ਮਿੱਲ ਵਾਲੀ ਥਾਂ ‘ਤੇ ਕਣਕ/ਝੋਨੇ ਦੀ ਪਰਾਲੀ ਨੂੰ ਨਵਿਆਉਣਯੋਗ ਊਰਜਾ ਵਿੱਚ ਤਬਦੀਲ ਕਰਨ ਲਈ ਬੀ.ਓ.ਟੀ. ਅਧਾਰ ‘ਤੇ ਜਨਤਕ ਨਿੱਜੀ ਭਾਈਵਾਲੀ (ਪੀ.ਪੀ.ਪੀ.) ਤਹਿਤ ਨਵੇਂ ਪ੍ਰਾਜੈਕਟ ਜਾਂ ਕੋਈ ਹੋਰ ਪ੍ਰਾਜੈਕਟ ਜੋ ਸੂਬੇ ਦੇ ਹਿੱਤ ਵਿੱਚ ਹੋਵੇ, ਸਥਾਪਤ ਕਰਨ ਦੀ ਸਿਫਾਰਸ਼ ਕੀਤੀ ਸੀ ਅਤੇ ਸ਼ੂਗਰਫੈਡ ਨੂੰ ਆਈ.ਓ.ਸੀ.ਐਲ. ਦੇ ਸਹਿਯੋਗ ਨਾਲ ਪਟਿਆਲਾ ਵਿਖੇ ਬਾਇਓ ਗੈਸ ਪ੍ਰਾਜੈਕਟ ਸਥਾਪਤ ਕਰਨ ਲਈ ਅੱਗੇ ਦੀ ਕਾਰਵਾਈ ਕਰਨ ਲਈ ਕਿਹਾ ਗਿਆ ਸੀ।