ਚੰਡੀਗੜ੍ਹ, 6 ਦਸੰਬਰ (ਸ਼ਿਵ ਨਾਰਾਇਣ ਜਾਗੜਾ)- ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ ‘ਤੇ ਰੋਣਾ ਸ਼ੁਰੂ ਹੋ ਗਿਆ। ਇਹ ਗੱਲ ਚੰਨੀ ਨੇ ਖੁਦ ਆਪਣੇ ਮੂੰਹੋਂ ਦੱਸੀ ਹੈ। ਦਰਅਸਲ, ਜਦੋਂ ਸੀਐਮ ਚਰਨਜੀਤ ਸਿੰਘ ਚੰਨੀ ਅੱਜ ਤਕ ਦੇ ਪ੍ਰੋਗਰਾਮ ‘ਏਜੰਡਾ ਅੱਜ ਤਕ’ ਵਿੱਚ ਸ਼ਾਮਲ ਹੋਏ ਤਾਂ ਇਸ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਿਹਾ ਜਾਂਦਾ ਹੈ ਕਿ ਤੁਸੀਂ ਪੰਜਾਬ ਦੇ ਸੀਐਮ ਬਣ ਕੇ ਰੋਣ ਲੱਗ ਪਏ ਸੀ। ਇਸ ‘ਤੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਾਂ, ਇਹ ਸੱਚ ਹੈ।
ਚੰਨੀ ਨੇ ਕਿਹਾ ਕਿ ਮੈਂ ਆਪਣੇ ਘਰ ਮੌਜੂਦ ਸੀ, ਅਚਾਨਕ ਮੈਨੂੰ ਚੰਡੀਗੜ੍ਹ ਪਹੁੰਚਣ ਦਾ ਫੋਨ ਆਇਆ, ਜਿਸ ਤੋਂ ਬਾਅਦ ਮੈਂ ਚੰਡੀਗੜ੍ਹ ਪਹੁੰਚ ਗਿਆ। ਇੱਥੇ ਪਹੁੰਚਣ ਤੋਂ ਬਾਅਦ ਮੈਨੂੰ ਰਾਹੁਲ ਗਾਂਧੀ ਜੀ ਦਾ ਫ਼ੋਨ ਆਇਆ ਅਤੇ ਉਨ੍ਹਾਂ ਕਿਹਾ ਕਿ ਤੁਹਾਨੂੰ ਪੰਜਾਬ ਦਾ ਸੀਐਮ ਬਣਾਇਆ ਜਾ ਰਿਹਾ ਹੈ।ਚੰਨੀ ਨੇ ਕਿਹਾ ਕਿ ਮੈਂ ਇਹ ਸੁਣ ਕੇ ਹੈਰਾਨ ਰਹਿ ਗਿਆ। ਮੈਂ ਤਾਂ ਇਸ ਦੌੜ ‘ਚ ਵੀ ਨਹੀਂ ਸੀ… ਮੈਂ ਕਿਹਾ ਤੁਸੀਂ ਕੀ ਕਰ ਰਹੇ ਹੋ, ਮੇਰਾ ਘੜਾ ਬਹੁਤ ਛੋਟਾ ਹੈ, ਤੁਸੀਂ ਇਸ ‘ਚ ਕਿੰਨਾ ਪਾਣੀ ਪਾਓਗੇ, ਯਾਨੀ ਚੰਨੀ ਨੇ ਕਿਹਾ ਕਿ ਮੈਂ ਪਾਰਟੀ ਦਾ ਛੋਟਾ ਵਰਕਰ ਹਾਂ, ਇੰਨੀ ਵੱਡੀ ਜ਼ਿੰਮੇਵਾਰੀ ਹੈ। ਸੀਐਮ ਚੰਨੀ ਨੇ ਅੱਗੇ ਦੱਸਿਆ ਕਿ ਮੈਂ ਉਨ੍ਹਾਂ ਨੂੰ ਕਿਹਾ ਕਿ ਕਿਸੇ ਹੋਰ ਨੂੰ ਸੀਐਮ ਬਣਾਓ, ਮੈਂ ਇਸ ਕਾਬਲ ਨਹੀਂ ਹਾਂ ਅਤੇ ਮੈਂ ਇਹ ਕਹਿ ਕੇ ਰੋਣ ਲੱਗ ਪਿਆ।ਪਰ ਮੈਨੂੰ ਦੱਸਿਆ ਗਿਆ ਕਿ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਬਹੁਤ ਧਿਆਨ ਨਾਲ ਬਣਾਇਆ ਜਾ ਰਿਹਾ ਹੈ। ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਤੋਂ ਬਾਅਦ ਪੰਜਾਬ ‘ਚ ਨਵੇਂ ਮੁੱਖ ਮੰਤਰੀ ਦੀ ਭਾਲ ਸ਼ੁਰੂ ਹੋ ਗਈ ਸੀ ਅਤੇ ਇਸ ਦੌਰਾਨ ਇਸ ਦੌੜ ‘ਚ ਕਈ ਨਾਂ ਸਾਹਮਣੇ ਆਏ ਪਰ ਪੰਜਾਬ ਦੇ ਮੁੱਖ ਮੰਤਰੀ ਲਈ ਚਰਨਜੀਤ ਸਿੰਘ ਚੰਨੀ ਦੇ ਨਾਂ ‘ਤੇ ਮੋਹਰ ਲੱਗ ਗਈ।