ਬਰਨਾਲਾ, 25 ਅਗਸਤ (ਰਾਕੇਸ਼ ਗੋਇਲ/ਰਾਹੁਲ ਬਾਲੀ):- ਪੰਜਾਬ ਸਰਕਾਰ ਵੱਲੋਂ ਕਰੋਨਾ ਵਾਇਰਸ ਖ਼ਿਲਾਫ਼ ਚਲਾਏ ਮਿਸ਼ਨ ਫਤਿਹ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਯੁਵਕ ਸੇਵਾਵਾਂ ਵਿਭਾਗ ਬਰਨਾਲਾ ਵੱਲੋਂ ਜ਼ਿਲਾ ਪ੍ਰਸ਼ਾਸਨ ਤਰਫੋਂ ਜ਼ਿਲੇ ਭਰ ’ਚ ਮਾਸਕ ਵੰਡਣ ਦੀ ਮੁਹਿੰਮ ਜਾਰੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਵਿਭਾਗ ਸ੍ਰੀ ਵਿਜਯ ਭਾਸਕਰ ਸ਼ਰਮਾ ਨੇ ਦੱਸਿਆ ਕਿ ਬਰਨਾਲਾ ਵਿਚ ਐਨਐਸਐਸ ਵਲੰਟੀਅਰਾਂ ਦੀਆਂ 6 ਟੀਮਾਂ ਤੋਂ ਇਲਾਵਾ ਹੋਰ ਵੱਖ ਵੱਖ ਸ਼ਹਿਰਾਂ ਵਿਚ ਵਲੰਟੀਅਰਾਂ ਦੀਆਂ ਟੀਮਾਂ ਵੱਲੋਂ ਮਾਸਕ ਵੰਡੇ ਜਾ ਰਹੇ ਹਨ। ਇਸ ਮੁਹਿੰਮ ਤਹਿਤ ਕੁੱਲ 3 ਹਜ਼ਾਰ ਦੇ ਮਾਸਕ ਵੰਡੇ ਜਾ ਚੁੱਕੇ ਹਨ। ਉਨਾਂ ਦੱਸਿਆ ਕਿ ਅੱਜ ਧਨੌਲਾ ਵਿਚ ਵਲੰਟੀਅਰਾਂ ਦੀਆਂ ਤਿੰਨ ਟੀਮਾਂ ਡਟੀਆਂ ਹੋਈਆਂ ਹਨ, ਜਿਨਾਂ ਵੱਲੋਂ ਧਨੌਲਾ ਵਿਚ ਕਰੀਬ 1000 ਮਾਸਕ ਵੰਡੇ ਗਏ ਹਨ। ਇਸ ਦੇ ਨਾਲ ਹੀ ਵਲੰਟੀਅਰਾਂ ਵੱਲੋਂ ਕਰੋਨਾ ਤੋਂ ਬਚਣ ਲਈ ਇਹਤਿਆਤਾਂ ਜਿਵੇਂ ਕਿ ਸਮਾਜਿਕ ਦੂਰੀ ਬਣਾਏ ਰੱਖਣ, ਵਾਰ ਵਾਰ ਸਾਬਣ ਨਾਲ ਹੱਥ ਧੋਣ ਤੇ ਮਾਸਕ ਦੀ ਵਰਤੋਂ ਕਰਨ ਆਦਿ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।