Web Desk- Harsimranjit Kaur
ਪਟਿਆਲਾ, 9 ਅਕਤੂਬਰ (ਪ੍ਰੈਸ ਕੀ ਤਾਕਤ ਬਿਊਰੋ)- ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਚੰਦਰ ਗੈਂਦ ਨੇ ਗਊ ਸੈਸ ਇਕੱਠਾ ਕਰਨ ਅਤੇ ਗਊਸ਼ਾਲਾਵਾਂ ਦੀ ਉਚਿਤ ਸੰਭਾਲ ਲਈ ਇਹ ਸੈਸ ਕਮੇਟੀਆਂ ਨੂੰ ਸਮੇਂ ਸਿਰ ਸੌਂਪਣ ਦੀ ਪ੍ਰਕ੍ਰਿਆ ਦਾ ਜਾਇਜ਼ਾ ਲੈਣ ਲਈ ਨੋਡਲ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਗੌਤਮ ਜੈਨ, ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਅਵਿਕੇਸ਼ ਗੁਪਤਾ, ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਨੁਮਾਇੰਦੇ, ਜ਼ਿਲ੍ਹੇ ਦੀਆਂ ਨਗਰ ਪਾਲਿਕਾਵਾਂ ਤੇ ਨਗਰ ਪੰਚਾਇਤਾਂ ਦੇ ਕਾਰਜ ਸਾਧਕ ਅਫ਼ਸਰਾਂ ਤੇ ਪੀ.ਐਸ.ਪੀ.ਸੀ.ਐਲ., ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ ਸਮੇਤ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨਾਲ ਇੱਕ ਬੈਠਕ ਕੀਤੀ।
ਇਸ ਮੌਕੇ ਸ੍ਰੀ ਚੰਦਰ ਗੈਂਦ ਨੇ ਕਈ ਵਿਭਾਗਾਂ ਵੱਲੋਂ ਗਊ ਸੈਸ ਇਕੱਤਰ ਕਰਨ ਅਤੇ ਇਸਨੂੰ ਅੱਗੇ ਕਮੇਟੀਆਂ ਨੂੰ ਸੌਂਪਣ ਪ੍ਰਤੀ ਅਵੇਸਲਾਪਣ ਵਰਤਣ ਦਾ ਨੋਟਿਸ ਲੈਂਦਿਆਂ ਅਧਿਕਾਰੀਆਂ ਨੂੰ ਸਖ਼ਤ ਹਦਾਇਤ ਕੀਤੀ ਕਿ ਗਊ ਸੈਸ ਇਕੱਠਾ ਕਰਕੇ ਗਊਸ਼ਾਲਾਵਾਂ ਦੀ ਸੇਵਾ ਸੰਭਾਲ ਲਈ ਤੁਰੰਤ ਕਮੇਟੀਆਂ ਨੂੰ ਸੌਂਪਿਆ ਜਾਵੇ। ਉਨ੍ਹਾਂ ਕਿਹਾ ਕਿ ਸਾਲ 2018 ਤੋਂ ਗਊ ਸੈਸ ਲਾਗੂ ਹੈ ਜਿਸ ਲਈ ਇਕੱਤਰ ਕੀਤਾ ਗਊ ਸੈਸ ਕਮੇਟੀਆਂ ਨੂੰ ਤਬਦੀਲ ਕਰਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਇਕੱਤਰ ਕੀਤਾ ਗਊ ਸੈਸ ਗਊਸ਼ਾਲਾਵਾਂ ਨੂੰ ਭੇਜਣ ‘ਚ ਕੋਈ ਦੇਰੀ ਨਾ ਕੀਤੀ ਜਾਵੇ।
ਸ੍ਰੀ ਚੰਦਰ ਗੈਂਦ ਨੇ ਦੱਸਿਆ ਕਿ ਗਊ ਸੈਸ ਨੋਟੀਫਿਕੇਸ਼ਨ ਮੁਤਾਬਕ ਵਾਹਨਾਂ ਦੀ ਰਜਿਸਟ੍ਰੇਸ਼ਨ, ਬਿਜਲੀ, ਸੀਮੇਂਟ, ਮੈਰਿਜ ਪੈਲੇਸ ‘ਤੇ ਪ੍ਰਤੀ ਸਮਾਗਮ ਕਾਓ ਸੈਸ, ਸਮੇਤ ਹੋਰ ਕਈ ਮੱਦਾਂ ‘ਤੇ ਲਾਗੂ ਕਾਓ ਸੈਸ ਕਮੇਟੀਆਂ ਵੱਲੋਂ ਆਪਣੇ ਪੱਧਰ ‘ਤੇ ਵਸੂਲਿਆ ਜਾਣਾ ਹੁੰਦਾ ਹੈ ਪ੍ਰੰਤੂ ਇਸ ਨੂੰ ਵਸੂਲਣ ਦੇ ਕੰਮ ‘ਚ ਹੋਰ ਤੇਜੀ ਲਿਆਉਣ ਦੀ ਲੋੜ ਹੈ ਤਾਂ ਕਿ ਰਾਜ ਅੰਦਰ ਗਊਸ਼ਾਲਾਵਾਂ ‘ਚ ਗਊਧਨ ਦੀ ਸੰਭਾਂਲ ਚੰਗੇ ਤਰੀਕੇ ਨਾਲ ਕੀਤੀ ਜਾ ਸਕੇ।