ਪਟਿਆਲਾ, 1 ਸਤੰਬਰ (ਕੰਵਲਜੀਤ ਕੰਬੋਜ)- ਪਟਿਆਲਾ ਦੇ ਬਿਜਲੀ ਬੋਰਡ ਦਫਤਰ ਦੇ ਬਾਹਰ ਬਿਜਲੀ ਬੋਰਡ ਦੇ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਿਕ ਮੈਂਬਰਾਂ ਵਲੋਂ ਨੌਕਰੀ ਅਤੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਵਿਚ ਬਿਜਲੀ ਬੋਰਡ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰ ਰਹੇ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰਿਕ ਮੈਂਬਰਾਂ ਨੇ ਆਖਿਆ ਕਿ ਸਾਡੇ ਮਾਤਾ-ਪਿਤਾ ਨੇ ਇੱਥੇ ਕਈ ਸਾਲ ਕੰਮ ਕੀਤਾ ਹੈ, ਪਰ ਉਨ੍ਹਾਂ ਦੀ ਮੌਤ ਮਗਰੋਂ ਸਰਕਾਰ ਵੱਲੋਂ ਸਾਨੂੰ ਨਾ ਤਾਂ ਸਾਨੂੰ ਕੋਈ ਪੈਨਸ਼ਨ ਦਿੱਤੀ ਗਈ ਨਾ ਹੀ ਕੋਈ ਸਰਕਾਰੀ ਨੌਕਰੀ। ਇਸ ਕਰਕੇ ਸਾਡੀ ਸੂਬਾ ਸਰਕਾਰ ਤੋਂ ਇਹ ਮੰਗ ਹੈ ਕਿ ਸਾਡੇ ਮਾਤਾ ਪਿਤਾ ਨੇ ਇੱਥੇ ਇੰਨੀ ਦੇਰ ਕੰਮ ਕੀਤਾ ਹੈ, ਕੰਮ ਦੇ ਦੌਰਾਨ ਉਨ੍ਹਾਂ ਦੀ ਮੌਤ ਹੋਈ ਹੈ ਇਸ ਕਰਕੇ ਸਾਨੂੰ ਉਨ੍ਹਾਂ ਦੀ ਜਗ੍ਹਾ ਤੇ ਨੌਕਰੀ ਦਿੱਤੀ ਜਾਵੇ। ਅਸੀਂ ਪੜ੍ਹੇ-ਲਿਖੇ ਲੋਕ ਹਾਂ,ਜੇਕਰ ਸੂਬਾ ਸਰਕਾਰ ਦੇਣੀ ਚਾਹੇ ਤਾਂ ਸਾਨੂੰ ਆਸਾਨੀ ਦੇ ਨਾਲ ਨੌਕਰੀ ਮਿਲ ਸਕਦੀ ਹੈ। ਸਾਨੂੰ ਨੌਕਰੀ ਦੇ ਪਿੱਛੇ ਧੱਕੇ ਖਾਂਦੇ ਨੂੰ ਕਈ ਸਾਲ ਹੋ ਚੁੱਕੇ ਹਨ। ਇਸ ਕਰਕੇ ਸਾਡੀ ਮੰਗ ਹੈ ਸਾਨੂੰ ਨੌਕਰੀ ਦਿੱਤੀ ਜਾਵੇ ਜਿੰਨੀ ਦੇਰ ਤੱਕ ਸਾਡੀ ਇਹ ਮੰਗ ਨਹੀਂ ਮੰਨੀ ਜਾਂਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।