* ਐਸ.ਡੀ.ਐਮ. ਅਤੇ ਏ.ਐਸ.ਪੀ. ਨੇ ਬਜ਼ਾਰਾਂ ਵਿੱਚ ਖੁਦ ਉਤਰ ਕੇ ਸੰਭਾਲੀ ਕਮਾਨ
ਸੁਨਾਮ ਊਧਮ ਸਿੰਘ ਵਾਲਾ, 26 ਜੂਨ (ਸੁਭਾਸ਼ ਭਾਰਤੀ):
ਨਿੱਤ ਕੋਰੋਨਾ ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਥਾਨਕ ਐਸਡੀਐਮ ਮਨਜੀਤ ਕੌਰ, ਏਐਸਪੀ ਡਾ. ਮਹਿਤਾਬ ਸਿੰਘ ਦੀ ਪ੍ਰਧਾਨਗੀ ਹੇਠ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਵਿੱਚ ਫਲੈਗ ਮਾਰਚ ਕੱਢਿਆ ਗਿਆ ਅਤੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਪ੍ਰਬੰਧਕੀ ਆਹੁਦੇਦਾਰਾਂ ਨੇ ਦਸਤਕ ਦੇ ਕੇ ਲੋਕਾਂ ਨੂੰ ਜਿੱਥੇ ਇਸ ਮਹਾਮਾਰੀ ਤੋਂ ਬਚਾਅ ਲਈ ਮਾਸਕ ਪਾ ਕੇ ਰੱਖਣ ਅਤੇ ਸੋਸ਼ਲ ਡਿਸਟੈਂਸਿੰਗ ਬਣਾਏ ਰੱਖਣ ਲਈ ਜਾਗਰੂਕ ਕੀਤਾ ਗਿਆ ਉਥੇ ਹੀ ਸਰਕਾਰੀ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਅਤੇ ਦੁਕਾਨਦਾਰਾਂ ਦੇ ਚਲਾਨ ਵੀ ਕੀਤੇ ਗਏ।
ਇਸ ਦੌਰਾਨ ਐਸਡੀਐਮ ਮਨਜੀਤ ਕੌਰ ਅਤੇ ਏਐਸਪੀ ਡਾ. ਮਹਿਤਾਬ ਸਿੰਘ ਨੇ ਖੁਦ ਬਾਜ਼ਾਰਾਂ ਵਿੱਚ ਉਤਰ ਕੇ ਮੌਜੂਦਾ ਹਾਲਾਤਾਂ ਦਾ ਜਾਇਜਾ ਵੀ ਲਿਆ। ਇਸ ਸਮੇਂ ਐਸਡੀਐਮ ਮਨਜੀਤ ਕੌਰ ਨੇ ਕਿਹਾ ਕਿ ਅੱਜ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਮਿਲ ਕੇ ਬਾਜ਼ਾਰਾਂ ਦਾ ਦੌਰਾ ਕਰਕੇ ਜਾਇਜਾ ਲਿਆ ਗਿਆ ਹੈ ਅਤੇ ਲੋਕਾਂ ਨੂੰ ਜਨਤਕ ਸਥਾਨਾਂ ਉੱਤੇ ਆਉਣ ਸਮੇਂ ਮਾਸਕ ਪਾ ਕੇ ਰੱਖਣ ਅਤੇ ਸੋਸ਼ਲ ਡਿਸਟੈਂਸਿੰਗ ਬਣਾਏ ਰੱਖਣ ਲਈ ਪ੍ਰੇਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਦੌਰੇ ਦੌਰਾਨ ਕੁੱਝ ਥਾਵਾਂ ਉੱਤੇ ਜਿੱਥੇ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕੀਤੀ ਜਾ ਰਹੀ ਸੀ ਉੱਥੇ ਦੇ ਦੁਕਾਨਦਾਰਾਂ ਅਤੇ ਵਾਹਨ ਚਾਲਕਾਂ ਦੇ ਚਲਾਨ ਵੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਖਾਸ ਤੌਰ `ਤੇ ਪੰਜਾਬ ਰਾਜ ਵਿੱਚ ਨਿੱਤ ਫੈਲ ਰਹੇ ਕੋਵਿਡ-19 ਨੂੰ ਹਲਕੇ ਵਿੱਚ ਨਾ ਲੈਣ ਅਤੇ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੇਂ-ਸਮੇਂ ਤੇ ਜਾਰੀ ਹੋਣ ਵਾਲੀ ਹਦਾਇਤਾਂ ਦਾ ਪਾਲਣ ਕੀਤਾ ਜਾਵੇ ਅਤੇ ਇਹਨਾਂ ਹਦਾਇਤਾਂ ਦੇ ਪਾਲਣ ਅਤੇ ਅਮਲ ਨਾਲ ਹੀ ਇਸ ਮਹਾਮਾਰੀ ਤੋਂ ਬਚਾਅ ਸੰਭਵ ਹੈ। ਉਨ੍ਹਾਂ ਸਰਕਾਰੀ ਨਿਰਦੇਸ਼ਾਂ ਨੂੰ ਨਜ਼ਰਅੰਦਾਜ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਵੀ ਆਖੀ। ਇਸ ਮੌਕੇ ਐਸਐਚਓ ਜਤਿੰਦਰਪਾਲ ਸਿੰਘ, ਤਹਿਸੀਲਦਾਰ ਕੁਲਦੀਪ ਸਿੰਘ, ਨਾਇਬ ਤਹਿਸੀਲਦਾਰ (ਚੀਮਾ) ਅਮਿਤ ਕੁਮਾਰ, ਟ੍ਰੈਫਿਕ ਇੰਚਾਰਜ਼ ਨਰਿੰਦਰਪਾਲ ਸਿੰਘ ਵੀ ਆਪਣੀ ਟੀਮ ਸਮੇਤ ਮੌਜੂਦ ਸਨ।
ADVERTISEMENT