ਮਾਪੇ ਮੋਬਾਈਲ ’ਤੇ ਸੰਪਰਕ ਕਰ ਕੇ ਕਰਵਾ ਸਕਦੇ ਨੇ ਬੱਚਿਆਂ ਦਾ ਦਾਖਲਾ
ਬਰਨਾਲਾ, 8 ਅਗਸਤ (ਰਾਕੇਸ਼ ਗੋਇਲ/ਰਾਹੁਲ ਬਾਲੀ):- ਸੂਬੇ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕਿ੍ਰਸ਼ਨ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸਕੂਲਾਂ ਨੂੰ ਸਮੇਂ ਦੇ ਹਾਣੀ ਬਣਾਉਣ ਦਾ ਤਹੱਈਆ ਵੱਡੀ ਪੱਧਰ ’ਤੇ ਸਫਲ ਹੋਇਆ ਹੈ।
ਜ਼ਿਲਾ ਸਿੱਖਿਆ ਅਫਸਰ (ਸੈਕੰਡਰੀ) ਸ. ਸਰਬਜੀਤ ਸਿੰਘ ਤੂਰ ਅਤੇ ਜ਼ਿਲਾ ਸਿੱਖਿਆ ਅਫਸਰ (ਐਲੀਮੈਂਟਰੀ) ਸ੍ਰੀਮਤੀ ਮਨਿੰਦਰ ਕੌਰ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਦੌਰ ’ਚ ਸਰਕਾਰੀ ਸਕੂਲਾਂ ਨੇ ਜਿੱਥੇ ਵਿਦਿਆਰਥੀਆਂ ਦੀ ਪੜਾਈ ਦਾ ਆਨਲਾਈਨ ਅਮਲ ਜਾਰੀ ਰੱਖਿਆ ਹੈ, ਉੱਥੇ ਹੀ ਮਾਪਿਆਂ ਨੂੰ ਬਹੁਤ ਵੱਡੀ ਆਰਥਿਕ ਰਾਹਤ ਵੀ ਦਿੱਤੀ ਹੈ। ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਸੂਬਾ ਸਰਕਾਰ ਦੇ ਫੈਸਲੇ ਅਨੁਸਾਰ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਬਾਰਵੀਂ ਜਮਾਤ ਤੱਕ ਦੀ ਪੜਾਈ ਬਿਲਕੁਲ ਮੁਫਤ ਹੈ। ਉਨਾਂ ਦੱਸਿਆ ਕਿ ਲਾਜ਼ਮੀ ਸਿੱਖਿਆ ਅਧਿਕਾਰ ਕਾਨੂੰਨ ਅਨੁਸਾਰ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਪੜਾਈ ਪਹਿਲਾਂ ਹੀ ਮੁਫਤ ਹੈ ਅਤੇ ਹੁਣ ਕੋਰੋਨਾ ਮਹਾਂਮਾਰੀ ਕਾਰਨ ਮਾਪਿਆਂ ਨੂੰ ਪੈਦਾ ਹੋਈਆਂ ਆਰਥਿਕ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਨੌਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਤੋਂ ਵੀ ਕਿਸੇ ਕਿਸਮ ਦਾ ਫੰਡ ਜਾਂ ਫੀਸ ਨਹੀਂ ਵਸੂਲੀ ਜਾ ਰਹੀ। ਉਨਾਂ ਦੱਸਿਆ ਕਿ ਫੀਸ ਮੁਆਫੀ ਦੇ ਨਾਲ ਨਾਲ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਮਿਡ ਡੇਅ ਮੀਲ ਤਹਿਤ ਘਰੋ ਘਰੀ ਅਨਾਜ ਪਹੁੰਚਾਇਆ ਜਾ ਰਿਹਾ ਹੈ ਅਤੇ ਕੁਕਿੰਗ ਰਕਮ ਖਾਤਿਆਂ ਵਿੱਚ ਜਮਾਂ ਕਰਵਾਈ ਜਾ ਰਹੀ ਹੈ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਹੁਤ ਸਾਰੀਆਂ ਸਕੀਮਾਂ ਤਹਿਤ ਵਜ਼ੀਫੇ ਵੀ ਮੁਹੱਈਆ ਕਰਵਾਏ ਜਾ ਰਹੇ ਹਨ। ਉਨਾਂ ਅੱਗੇ ਦੱਸਿਆ ਕਿ ਜ਼ਿਲੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਸਰਕਾਰੀ ਸਕੂਲਾਂ ਦੇ ਬੋਰਡ ਜਮਾਤਾਂ ਦੇ ਆਏ ਸ਼ਾਨਦਾਰ ਨਤੀਜਿਆਂ ਨੇ ਸਰਕਾਰੀ ਸਕੂਲਾਂ ਪ੍ਰਤੀ ਮਾਪਿਆਂ ਦੇ ਵਿਸਵਾਸ਼ ਵਿੱਚ ਹੋਰ ਵਾਧਾ ਕੀਤਾ ਹੈ।
ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਹਰਕੰਵਲਜੀਤ ਕੌਰ ਅਤੇ ਉਪ ਜਿਲਾ ਅਫਸਰ ਐਲੀਮੈਂਟਰੀ ਸ੍ਰੀਮਤੀ ਵਸੁੰਧਰਾ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਬਾਰਵੀਂ ਤੱਕ ਦੀਆਂ ਸਾਰੀਆਂ ਜਮਾਤਾਂ ਦੇ ਦਾਖਲੇ ਜਾਰੀ ਹਨ। ਉਹਨਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀ ਆਪਣੀ ਮਰਜ਼ੀ ਅਨੁਸਾਰ ਅੰਗਰੇਜ਼ੀ ਮਾਧਿਅਮ ਵਿੱਚ ਵੀ ਪੜਾਈ ਕਰ ਸਕਦਾ ਹੈ।ਵਿਭਾਗ ਦੇ ਜਿਲਾ ਮੀਡੀਆ ਕੋਆਰਡੀਨੇਟਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ‘ਚ ਆਪਣੇ ਬੱਚੇ ਦਾ ਦਾਖਲਾ ਕਰਵਾਉਣ ਦੇ ਚਾਹਵਾਨ ਮਾਪੇ ਆਪਣੇ ਪਿੰਡ ਦੇ ਸਰਕਾਰੀ ਸਕੂਲ ਦੇ ਮੁਖੀ ਜਾਂ ਕਿਸੇ ਵੀ ਹੋਰ ਅਧਿਆਪਕ ਨਾਲ ਮੋਬਾਈਲ ‘ਤੇ ਸੰਪਰਕ ਕਰ ਸਕਦੇ ਹਨ। ਬੱਚੇ ਦੇ ਦਾਖਲੇ ਬਾਬਤ ਕਿਸੇ ਕਿਸਮ ਦੀ ਜਾਣਕਾਰੀ ਲਈ ਜਿਲਾ ਸਿੱਖਿਆ ਦਫਤਰ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।