ਪਟਿਆਲਾ, 3 ਮਈ (ਅਮਰਜੀਤ ਸਿੰਘ ਲਾਂਬਾ) : ਭਾਰਤੀ ਫ਼ੌਜ ਨੇ ਅੱਜ ਕੋਰੋਨਾਵਾਇਰਸ ਦੀ ਮਹਾਂਮਾਰੀ ਖ਼ਿਲਾਫ਼ ਜੰਗ ਲੜ ਰਹੇ ਫਰੰਟ ਲਾਇਨ ਯੋਧਿਆਂ ਨੂੰ ਸਲਾਮ ਕੀਤਾ। ਇੱਥੇ ਸਰਕਾਰੀ ਮੈਡੀਕਲ ਕਾਲਜ ਵਿਖੇ ਭਾਰਤੀ ਫ਼ੌਜ ਦੇ ਪਟਿਆਲਾ ਮਿਲਟਰੀ ਸਟੇਸ਼ਨ ਵੱਲੋਂ ਮਿਲਟਰੀ ਬੈਂਡ ਨਾਲ ਸ਼ਾਨਦਾਰ ਧੁਨਾਂ ਵਜਾ ਕੇ ਡਾਕਟਰਾਂ, ਪੈਰਾ ਮੈਡੀਕਲ ਅਮਲੇ, ਪੁਲਿਸ ਅਤੇ ਸਫ਼ਾਈ ਕਰਮਚਾਰੀਆਂ ਨੂੰ ਸਨਮਾਨ ਭੇਟ ਕੀਤਾ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਪਟਿਆਲਾ ਮਿਲਟਰੀ ਸਟੇਸ਼ਨ ਦੇ ਸੀਨੀਅਰ ਫ਼ੌਜੀ ਅਧਿਕਾਰੀਆਂ ਨੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਅਤੇ ਪਟਿਆਲਾ ਦੇ ਐਸ.ਪੀ ਸਿਟੀ ਸ੍ਰੀ ਵਰੁਣ ਸ਼ਰਮਾ ਨੂੰ ਸਮੁੱਚੇ ਡਾਕਟਰਾਂ ਅਤੇ ਪੁਲਿਸ ਨੂੰ ਸਨਮਾਨ ਭੇਟ ਕਰਨ ਲਈ ਰਸਮੀ ਤੌਰ ‘ਤੇ ਫ਼ਲਾਂ ਦੀਆਂ ਟੋਕਰੀਆਂ ਭੇਟ ਕੀਤੀਆਂ। ਫ਼ੌਜ ਦੇ ਅਧਿਕਾਰੀਆਂ ਨੇ ਡਾਕਟਰਾਂ, ਪੁਲਿਸ ਅਤੇ ਸਫ਼ਾਈ ਕਰਮਚਾਰੀਆਂ ਸਮੇਤ ਹੋਰ ਖੇਤਰਾਂ ਦੇ ਕੋਵਿਡ-19 ਯੋਧਿਆਂ ਦਾ ਧੰਨਵਾਦ ਕੀਤਾ, ਜਿਹੜੇ ਦੇਸ਼ ਨੂੰ ਇਸ ਸੰਕਟ ਦੀ ਘੜੀ ‘ਚ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਆਪਣਾ ਯੋਗਦਾਨ ਪਾ ਰਹੇ ਹਨ।
ਇਸ ਤੋਂ ਬਾਅਦ ਮੈਡੀਕਲ ਕਾਲਜ ਦਾ ਮਾਹੌਲ ਉਸ ਵੇਲੇ ਪੂਰੇ ਜੋਸ਼ ਨਾਲ ਭਰ ਗਿਆ ਜਦੋਂ ਮਿਲਟਰੀ ਬੈਂਡ ਨੇ ਵੱਖ-ਵੱਖ ਧੁਨਾਂ ਵਜਾ ਕੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮਿਲਟਰੀ ਬੈਂਡ ਨੇ ‘ਸਾਰੇ ਜਹਾਂ ਸੇ ਅੱਛਾ’, ‘ਕਦਮ ਕਦਮ ਬੜਾਏ ਜਾ’,ਸ਼ਬਦ ‘ਦੇਹਿ ਸ਼ਿਵਾ ਵਰ ਮੋਹਿ ਇਹੈ’ ਅਤੇ ‘ਮਾਂ ਤੁਝੇ ਸਲਾਮ’ ਗੀਤਾਂ ਦੀਆਂ ਧੁਨਾਂ ਵਜਾ ਕੇ ਕੋਰੋਨਾ ਯੋਧਿਆਂ ਨੂੰ ਸਨਮਾਨ ਭੇਟ ਕੀਤਾ।
ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਹਰਜਿੰਦਰ ਸਿੰਘ ਨੇ ਪਟਿਆਲਾ ਮਿਲਟਰੀ ਸਟੇਸ਼ਨ ਦੇ ਅਧਿਕਾਰੀਆਂ ਵੱਲੋਂ ਇਸ ਸਨਮਾਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਭਰੋਸਾ ਦਿਵਾਇਆ ਕਿ ਸਮੁੱਚਾ ਮੈਡੀਕਲ ਸਟਾਫ਼ ਕੋਰੋਨਾ ਵਾਇਰਸ ਵਿਰੁੱਧ ਜੰਗ ਨੂੰ ਜਿੱਤਣ ਲਈ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ 24 ਘੰਟੇ ਮਰੀਜਾਂ ਦੀ ਸੇਵਾ ‘ਚ ਤਤਪਰ ਹਨ।
ਇਸ ਦੌਰਾਨ ਪਟਿਆਲਾ ਮਿਲਟਰੀ ਸਟੇਸ਼ਨ ਦੇ ਵੱਡੀ ਗਿਣਤੀ ਸੀਨੀਅਰ ਅਧਿਕਾਰੀਆਂ ਸਮੇਤ ਰਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਪਾਰਸ ਪਾਂਡਵ, ਡਿਪਟੀ ਮੈਡੀਕਲ ਸੁਪਰਡੈਂਟ ਵਿਨੋਦ ਡੰਗਵਾਲ, ਮੈਡੀਸਨ ਹੈਡ ਡਾ. ਆਰ.ਪੀ.ਐਸ. ਸਿਬੀਆ, ਡਾ. ਵਿਸ਼ਾਲ ਚੋਪੜਾ, ਡਾ. ਸਚਿਨ ਕੌਸ਼ਲ, ਕੋਵਿਡ-19 ਟੈਸਟ ਕਰ ਰਹੇ ਲੈਬ ਦੇ ਇੰਚਾਰਜ ਡਾ. ਰੁਪਿੰਦਰ ਕੌਰ ਗਿੱਲ ਸਮੇਤ ਸਟਾਫ਼ ਨਰਸਾਂ, ਲੈਬਾਰਟਰੀ ਸਟਾਫ਼, ਦਰਜਾ ਚਾਰ, ਸੁਰੱਖਿਆ ਕਰਮਚਾਰੀ ਵੀ ਮੌਜੂਦ ਸਨ।