ਬਰਨਾਲਾ,18 ਮਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਰੌਸ਼ਨੀ ਵਿਚ ਜ਼ਿਲ੍ਹਾ ਬਰਨਾਲਾ ਦੀ ਹਦੂਦ ਅੰਦਰ 18 ਮਈ ਤੋਂ 31 ਮਈ 2020 ਤੱਕ ਲਾਕਡਾਊਨ (ਤਾਲਾਬੰਦੀ) ਰਹੇਗਾ। ਇਸ ਤੋਂ ਇਲਾਵਾ ਸ਼ਾਮ 7 ਵਜੇ ਤੋਂ ਸਵੇਰ 7 ਵਜੇ ਤੱਕ ਕਰਫਿਊ ਤੱਕ ਕਰਫਿਊ ਰਹੇਗਾ। ਇਸ ਸਮੇਂ ਦੌਰਾਨ ਆਮ ਨਾਗਰਿਕਾਂ ਨੂੰ ਗੈਰ ਜ਼ਰੂਰੀ ਗਤੀਵਿਧੀਆਂ ਲਈ ਘੁੰਮਣ-ਫਿਰਨ ਦੀ ਮਨਾਹੀ ਰਹੇਗੀ।
ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਵੱਲੋਂ ਜਾਰੀ ਤਾਲਾਬੰਦੀ ਦੇ ਹੁਕਮਾਂ ਤਹਿਤ ਸਕੂਲ, ਕਾਲਜ, ਹੋਰ ਵਿਦਿਅਕ ਅਦਾਰੇ ਤੇ ਕੋਚਿੰਗ ਇੰਸਟੀਚਿਊਟ ਵਿਦਿਆਰਥੀਆਂ ਲਈ ਬੰਦ ਰਹਿਣਗੇ। ਉਹ ਹੋਟਲ ਅਤੇ ਹੋਰ ਪ੍ਰਾਹੁਣਚਾਰੀ ਸੇਵਾਵਾਂ ਜੋ ਪੰਜਾਬ ਸਰਕਾਰ ਵੱਲੋਂ ਏਕਾਂਤਵਾਸ ਸੈਂਟਰਾਂ ਜਾਂ ਏਕਾਂਤਵਾਸ ਤੇ ਹੋਰ ਫਸੇ ਹੋਏ ਵਿਅਕਤੀਆਂ ਦੀ ਸਹੂਲਤ ਲਈ ਵਰਤੀਆਂ ਜਾ ਰਹੀਆਂ ਹਨ, ਤੋਂ ਬਿਨਾਂ ਬਾਕੀਆਂ ਨੂੰ ਪ੍ਰਵਾਨਗੀ ਨਹੀਂ। ਸਿਨੇਮਾ ਹਾਲ, ਮਾਲ, ਸ਼ਾਪਿੰਗ ਕੰਪਲੈਕਸ, ਜਿਮ, ਸਵਿੰਮਿੰਗ ਪੂਲ, ਐਂਟਰਟੇਨਮੈਂਟ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅਸੈਂਬਲੀ ਹਾਲ ਆਦਿ ਬੰਦ ਰਹਿਣਗੇ। ਸਮਾਜਿਕ, ਰਾਜਨੀਤਿਕ, ਖੇਡ ਮਨੋਰੰਜਨ, ਅਕਾਦਮਿਕ, ਸੱਭਿਆਚਾਰਕ ਤੇ ਧਾਰਮਿਕ ਸਮਾਗਮਾਂ ਤੇ ਅਜਿਹੇ ਹੋਰ ਇਕੱਠਾਂ ਦੀ ਪ੍ਰਵਾਨਗੀ ਨਹੀਂ।
ਕਿਹੜੀਆਂ ਗਤੀਵਿਧੀਆਂ ਦੀ ਪ੍ਰਵਾਨਗੀ ?
ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਸਵੇਰੇ 7 ਤੋਂ ਸ਼ਾਮ 6 ਵਜੇ ਤੱਕ ਮੁੱਖ ਬਾਜ਼ਾਰਾਂ ਵਿਚ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਖੇਡ ਕੰਪਲੈਕਸ ਤੇ ਸਟੇਡੀਅਮ ਦਰਸ਼ਕਾਂ ਤੋਂ ਬਿਨਾਂ ਸੂਬਾਈ ਖੇਡ ਵਿਭਾਗ ਅਤੇ ਸਿਹਤ ਵਿਭਾਗ ਦੀਆਂ ਸ਼ਰਤਾਂ ਅਨੁਸਾਰ ਖੋਲ੍ਹੇ ਜਾ ਸਕਣਗੇ। ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ਸਾਰੇ ਤਰ੍ਹਾਂ ਦੀਆਂ ਉਦਯੋਗਿਕ ਅਤੇ ਉਸਾਰੀ ਗਤੀਵਿਧੀਆਂ ਦੀ ਪ੍ਰਵਾਨਗੀ ਹੋਵੇਗੀ। ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਅਤੇ ਵੈਰਟਰਨਰੀ ਸੇਵਾਵਾਂ ਦੀ ਇਜਾਜ਼ਤ ਹੋਵੇਗੀ। ਸਾਰੇ ਤਰ੍ਹਾਂ ਦੀਆਂ ਵਸਤਾਂ ਲਈ ਈ-ਕਾਮਰਸ ਦੀ ਇਜਾਜ਼ਤ ਹੈ। ਸਰਕਾਰੀ ਅਤੇ ਪ੍ਰਾਈਵੇਟ ਦਫਤਰ ਖੋਲ੍ਹੇ ਜਾ ਸਕਣਗੇ। ਇਸ ਦੌਰਾਨ ਦਫਤਰਾਂ ’ਚੋਂ ਘੱਟ ਤੋਂ ਘੱਟ ਲੋੜੀਂਦਾ ਸਟਾਫ ਯਕੀਨੀ ਬਣਾਇਆ ਜਾਵੇ ਤੇ ਦੂਜਿਆਂ ਤੋਂ ਘਰ ਤੋਂ ਕੰਮ ਲਿਆ ਜਾ ਸਕਦਾ ਹੈ। ਵਿਦਿਅਕ ਅਦਾਰਿਆਂ ਨੂੰ ਦਫ਼ਤਰੀ ਕੰਮ, ਆਨਲਾਈਨ ਟੀਚਿੰਗ ਤੇ ਕਿਤਾਬਾਂ ਦੀ ਵੰਡ ਦੀ ਇਜਾਜ਼ਤ ਹੋਵੇਗੀ। ਇਸ ਤੋਂ ਇਲਾਵਾ ਹਜਾਮਤ ਦੀਆਂ ਦੁਕਾਨਾਂ ਅਤੇ ਸੈਲੂਨ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਖੁੱਲ੍ਹ ਸਕਣਗੇ। ਬੈਂਕਾਂ ਦਾ ਸਮਾਂ ਵੀ ਆਮ ਵਾਂਗ ਰਹੇਗਾ, ਪਰ ਬੈਂਕ ਵਿਚ ਘੱਟੋ ਘੱਟ ਸਟਾਫ ਯਕੀਨੀ ਬਣਾਇਆ ਜਾਵੇ। ਰੈਸਟਰੋਰੈਂਟਾਂ ਨੂੰ ਸਿਰਫ ਹੋਮ ਡਿਲਿਵਰੀ ਅਤੇ ਪੈਕ ਕਰ ਕੇ ਦੇਣ ਦੀ ਪ੍ਰਵਾਨਗੀ ਹੋਵੇਗੀ।
ਕਿਹੜੀ ਮੂਵਮੈਂਟ ਦੀ ਹੈ ਪ੍ਰਵਾਨਗੀ?
ਐਮਐਚਏ ਵੱਲੋਂ 17 ਮਈ ਨੂੰ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਅਨੁਲਗ-1 ਦੇ ਸਟੈਂਡਰਡ ਆਫ ਪ੍ਰੋਸ਼ੀਜ਼ਰ (ਐਸਓਪੀ) ਤਹਿਤ ਸੂਬਿਆਂ ਦੀ ਆਪਸੀ ਸਹਿਮਤੀ ਅਨੁਸਾਰ ਹੀ ਵਾਹਨਾਂ ਅੰਤਰਰਾਜੀ ਆਵਾਜਾਈ ਦੀ ਇਜਾਜ਼ਤ ਹੋਵੇਗੀ। ਇਸੇ ਤਰ੍ਹਾਂ ਸੂਬੇ ਅੰਦਰ ਜਨਤਕ ਆਵਾਜਾਈ ਵਾਹਨ ਸਰਕਾਰ ਵੱਲੋਂ ਜਾਰੀ ਐਸਓਪੀ ਅਤੇ ਐਮਐਚਏ ਦੀਆਂ ਹਦਾਇਤਾਂ ਮੁਤਾਬਕ ਚੱਲਣਗੇ। ਇਸੇ ਤਰ੍ਹਾਂ ਟੈਕਸੀਆਂ, ਕੈਬ, ਰਿਕਸ਼ਿਆਂ, ਈ –ਰਿਕਸ਼ਿਆਂ, ਦੋ ਪਹੀਆ ਅਤੇ 4 ਪਹੀਆ ਵਾਹਨਾਂ ਦੀ ਆਵਾਜਾਈ ਵੀ ਬਾਰੇ ਸੂਬਾਈ ਟਰਾਂਸਪੋਰਟ ਵਿਭਾਗ, ਪੰਜਾਬ ਸਰਕਾਰ ਦੇ ਐਸਓਪੀ/ਸ਼ਰਤਾਂ ਤਹਿਤ ਹੋਵੇਗੀ।
ਕੀ ਹਨ ਹੋਰ ਜ਼ਰੂਰੀ ਰਿਆਇਤਾਂ ਤੇ ਸਲਾਹਕਾਰੀ ?
ਉਦਯੋਗਿਕ ਅਤੇ ਹੋਰ ਸਬੰਧਤ ਇਕਾਈਆਂ ਨੂੰ ਆਪਣੇ ਕੰਮ ਸ਼ੁਰੂ ਕਰਨ ਲਈ ਕੋਈ ਵੱਖਰੀ ਪ੍ਰਵਾਨਗੀ ਦੀ ਇਜਾਜ਼ਤ ਨਹੀਂ ਹੋਵੇਗੀ। ਪ੍ਰਵਾਨਤ ਗਤੀਵਿਧੀਆਂ ਜਿਵੇਂ ਸ਼ਾਪਿੰਗ, ਦਫਤਰੀ ਜਾਣ ਤੇ ਹੋਰ ਕੰਮ ਦੀਆਂ ਥਾਵਾਂ ’ਤੇ ਜਾਣ ਲਈ ਪਾਸ ਜ਼ਰੂਰੀ ਨਹੀਂ ਹੋਵੇਗਾ। ਸਰਕਾਰੀ ਦਫਤਰਾਂ ਦੇ ਮੁਲਾਜ਼ਮ, ਪ੍ਰਾਈਵੇਟ ਦਫਤਰਾਂ ਦੇ ਮੁਲਾਜ਼ਮ ਤੇ ਹੋਰ ਜ਼ਰੂਰੀ ਕੰਮ ਦੀਆਂ ਥਾਵਾਂ ’ਤੇ ਜਾਣ ਵਾਲੇ ਰਾਤ 7 ਵਜੇ ਤੋਂ ਸਵੇਰੇ 7 ਵਜੇ ਦੌਰਾਨ ਪਾਸ ਤੋਂ ਬਿਨਾਂ ਜਾ ਸਕਣਗੇ। 65 ਸਾਲ ਤੋਂ ਵੱਡੀ ਉਮਰ ਦੇ ਬਜ਼ੁਰਗਾਂ, ਗਰਭਵਤੀ ਔਰਤਾਂ, 10 ਸਾਲ ਤੋਂ ਛੋਟੇ ਬੱਚਿਆਂ, ਗੰਭੀਰ ਬਿਮਾਰੀ ਵਾਲਿਆਂ ਨੂੰ ਬਹੁਤ ਜ਼ਰੂਰੀ ਕੰਮਾਂ ਤੋਂ ਬਿਨਾਂ ਘਰੋਂ ਨਾ ਨਿਕਲਣ ਦੀ ਸਲਾਹ ਦਿੱਤੀ ਜਾਂਦੀ ਹੈ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨਸਾਰ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ ਡਿਜ਼ਾਜ਼ਸਟਰ ਮੈਨੇਜਮੈਂਟ ਐਕਟ 2005 ਦੀ ਧਾਰਾ 51 ਤੋਂ 60 ਤੋਂ ਇਲਾਵਾ ਧਾਰਾ 188 ਆਈਪੀਸੀ ਤਹਿਤ ਕਾਰਵਾਈ ਕੀਤੀ ਜਾਵੇਗੀ।