ਫਿਰੋਜ਼ਪੁਰ, 6 ਅਕਤੂਬਰ (ਸੰਦੀਪ ਟੰਡਨ)- ਕੇਂਦਰ ਸਰਕਾਰ ਵੱਲੋਂ ਖੇਤੀ ਨਾਲ ਸਬੰਧਤ ਤਿੰਨ ਕਾਲੇ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੀ ਚੰਗੀ ਸਿਹਤ ਲਈ ਕੋਟ ਕਰੋੜ ਕਲਾਂ ਟੋਲ ਪਲਾਜੇ ਤੇ ਬੈਠੇ ਕਿਸਾਨਾਂ ਲਈ ਸੰਨੀ ਬਰਾੜ ਹਸਪਤਾਲ ਮੋਗਾ ਵੱਲੋਂ ਇਕ ਮੈਡੀਕਲ ਕੈਂਪ ਲਗਾਇਆ ਗਿਆ। ਇਸ ਮੌਕੇ ਹਸਪਤਾਲ 100 ਦੇ ਕਰੀਬ ਕਿਸਾਨਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਜ਼ਰੂਰਤ ਮੁਤਾਬਕ ਦਵਾਈਆਂ ਵੀ ਦਿੱਤੀਆਂ ਗਈਆਂ ਹਨ। ਇਸ ਮੌਕੇ ਮੈਡੀਕਲ ਟੀਮ ਦੇ ਮੁਖੀ ਡਾ. ਸਰਬਜੀਤ ਕੌਰ ਬਰਾੜ ਨੇ ਦੱਸਿਆ ਕਿ ਇਹ ਸਾਡੇ ਹਸਪਤਾਲ ਵੱਲੋਂ ਇਸ ਟੋਲ ਪਲਾਜ਼ੇ ਤੇ 27ਵਾਂ ਕੈਂਪ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ ਦਾ ਅੰਨਦਾਤਾ ਸੰਕਟ ਵਿਚ ਹੈ ਤੇ ਆਪਣੇ ਹੱਕਾਂ ਖਾਤਰ ਲੜਾਈ ਲੜ ਰਿਹਾ ਹੈ, ਇਸ ਲਈ ਸਾਡਾ ਸਭ ਦਾ ਫਰਜ ਹੈ ਕਿ ਇਸ ਸੰਘਰਸ਼ ਵਿਚ ਅਸੀਂ ਆਪਣਾ ਬਣਦਾ ਯੋਗਦਾਨ ਪਾਈਏ। ਇਸ ਮੌਕੇ ਕੁੱਝ ਕਿਸਾਨਾਂ ਵੱਲੋਂ ਮੈਡੀਕਲ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੁਨੀਤਾ ਅਹੂਜਾ, ਸ਼ਰਨਜੀਤ ਕੌਰ ਢੁਡੀਕੇ, ਹਰਪ੍ਰੀਤ ਸਿੰਘ ਅਤੇ ਹੋਰ ਸਟਾਫ ਵੀ ਮੌਜ਼ੂਦ ਸੀ।