ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ):ਪੰਜਾਬ ਸਰਕਾਰ ਵੱਲੋਂ ਰਾਜ ਦੇ ਸਰਕਾਰੀ ਸਕੂਲਾਂ ਦੇ ਮਿਆਰ ‘ਚ ਵਾਧਾ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਜਿਲ੍ਹੇ ਦੇ ਸਕੂਲਾਂ ‘ਚ ਚੱਲ ਰਹੇ ਵਿਕਾਸ ਕਾਰਜਾਂ ਸਬੰਧੀ, ਜਿਲ੍ਹਾ ਸਿੱਖਿਆ ਅਫਸਰ (ਐਲੀ.) ਇੰਜੀ. ਅਮਰਜੀਤ ਸਿੰਘ ਨੇ ਇੱਕ ਬੈਠਕ ਕਰਕੇ ਸਮੀਖਿਆ ਕੀਤੀ। ਜਿਸ ਵਿੱਚ ਜਿਲ੍ਹੇ ਦੇ 16 ਸਿੱਖਿਆ ਬਲਾਕਾਂ ‘ਚ ਤੈਨਾਤ ਅਕਾਊਂਟੈਟਾਂ ਨੇ ਸ਼ਿਰਕਤ ਕੀਤੀ। ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਜਿਲ੍ਹੇ 1376 ਸਰਕਾਰੀ ਸੈਕੰਡਰੀ, ਹਾਈ, ਮਿਡਲ ਤੇ ਪ੍ਰਾਇਮਰੀ ਸਕੂਲਾਂ ‘ਚ ਵੱਖ-ਵੱਖ ਤਰ੍ਹਾਂ ਵਿਕਾਸ ਕਾਰਜ ਚੱਲ ਰਹੇ ਹਨ। ਜਿੰਨ੍ਹਾਂ ‘ਚ ਸਮਾਰਟ ਕਲਾਸ ਰੂਮਜ਼, ਪਖਾਨੇ, ਪੀਣ ਵਾਲੇ ਪਾਣੀ ਦਾ ਪ੍ਰਬੰਧ, ਚਾਰਦੀਵਾਰੀਆਂ ਦਾ ਨਿਰਮਾਣ, ਬਾਲਾ ਵਰਕ ਰਾਹੀਂ ਸਕੂਲਾਂ ਨੂੰ ਵਿੱਦਿਅਕ ਦਿੱਖ ਦੇਣਾ, ਮੁਰੰਮਤ ਅਤੇ ਫਰਨੀਚਰ ਆਦਿ ਦੇ ਪ੍ਰਬੰਧ ਕਰਨਾ ਸ਼ਾਮਲ ਹੈ।
ਇੰਜੀ. ਅਮਰਜੀਤ ਸਿੰਘ ਨੇ ਦੱਸਿਆ ਕਿ ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਅਗਵਾਈ ‘ਚ ਚੱਲ ਰਹੇ ਉਪਰੋਕਤ ਕਾਰਜਾਂ ਨੂੰ ਸਮੇਂ ਸਿਰ ਨੇਪਰੇ ਚਾੜ੍ਹਨ ਅਤੇ ਇੰਨ੍ਹਾਂ ਦਾ ਨਿਰੀਖਣ ਕਰਨ ਸਬੰਧੀ, ਜਿਲ੍ਹੇ ਦੇ ਵੱਖ-ਵੱਖ ਬਲਾਕਾਂ ‘ਚ ਤੈਨਾਤ ਅਕਾਊਟੈਂਟਸ ਨੂੰ ਵਿਭਾਗੀ ਆਦੇਸ਼ ਜਾਰੀ ਕੀਤੇ ਗਏ। ਡੀ.ਈ.ਓ. (ਐਲੀ.) ਨੇ ਕਿਹਾ ਕਿ ਅਕਾਊਟੈਂਟਸ ਨੂੰ ਸਕੂਲਾਂ ‘ਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਤੇ ਸੁਚਾਰੂ ਰੂਪ ‘ਚ ਨੇਪਰੇ ਚਾੜ੍ਹਨ ਲਈ ਸਿਖਲਾਈ ਵੀ ਦਿੱਤੀ ਗਈ। ਇਸ ਦੇ ਨਾਲ ਹੀ ਅਕਾਊਟੈਂਟਸ ਨੂੰ ਆ ਰਹੀਆਂ ਮੁਸ਼ਕਲਾਂ ਦਾ ਨਿਪਟਾਰਾ ਵੀ ਕੀਤਾ ਗਿਆ। ਇੰਜੀ. ਅਮਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਸਾਰੇ ਵਿਕਾਸ ਕਾਰਜ ਚਾਲੂ ਵਿੱਤੀ ਸਾਲ ਦੀ ਸਮਾਪਤੀ ਤੱਕ ਨੇਪਰੇ ਚਾੜ੍ਹਨ ਦਾ ਹੈ।
ਤਸਵੀਰ:- ਡੀ.ਈ.ਓ. (ਐਲੀ.) ਅਮਰਜੀਤ ਸਿੰਘ, ਅਕਾਊਟੈਂਟਸ ਨਾਲ ਮੀਟਿੰਗ ਕਰਦੇ ਹੋਏ।