ਚੰਡੀਗੜ੍ਹ, 13 ਜੂਨ (ਸ਼ਿਵ ਨਾਰਾਇਣ ਜਾਂਗੜਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਵਾਲੀਬਾਲ ਟੀਮ ਦੀ ਸਾਬਕਾ ਕਪਤਾਨ ਅਤੇ ਮਹਾਨ ਅਥਲੀਟ ਉਡਣਾ ਸਿੱਖ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹ ਮੁਹਾਲੀ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਅੱਜ ਸ਼ਾਮ ਕੋਰੋਨਾ ਮਹਾਂਮਾਰੀ ਨਾਲ ਜੂਝਣ ਉਪਰੰਤ ਚੱਲ ਵੱਸੇ। ਉਹ ਆਪਣੇ ਪਿੱਛੇ ਪਤੀ, ਇਕ ਬੇਟਾ ਤੇ ਤਿੰਨ ਬੇਟੀਆਂ ਛੱਡ ਗਏ।ਉਨ੍ਹਾਂ ਦਾ ਬੇਟਾ ਜੀਵ ਮਿਲ਼ਖਾ ਸਿੰਘ ਚੋਟੀ ਦਾ ਗੌਲਫਰ ਹੈ।
ਆਪਣੇ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਨਿਰਮਲ ਮਿਲਖਾ ਸਿੰਘ ਦੇ ਤੁਰ ਜਾਣ ਨਾਲ ਖੇਡ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਹ ਪੰਜਾਬ ਵਿੱਚ ਔਰਤਾਂ ਲਈ ਖੇਡ ਵਿਭਾਗ ਦੇ ਡਾਇਰੈਕਟਰ ਵੀ ਰਹੇ ਹਨ।
ਦੁਖੀ ਪਰਿਵਾਰ, ਸਾਕ-ਸਨੇਹੀਆਂ ਅਤੇ ਦੋਸਤਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਇਸ ਦੁੱਖ ਦੀ ਘੜੀ ਵਿਚ ਪਿੱਛੇ ਪਰਿਵਾਰਕ ਮੈਂਬਰਾਂ ਅਤੇ ਸਕੇ ਸਬੰਧੀਆਂ ਨੂੰ ਬਲ ਬਖ਼ਸ਼ਣ ਦੀ ਅਰਦਾਸ ਕੀਤੀ।