ਚੰਡੀਗੜ੍ਹ, 9 ਜੂਨ (ਸ਼ਿਵ ਨਾਰਾਇਣ ਜਾਂਗੜਾ): ਪੰਜਾਬ ਸਾਂਸਦਾ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਤੇ ਕਿਹਾ ਕਿ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਤੇ ਪੰਜਾਬ ਪ੍ਰਤੀ ਉਨ੍ਹਾਂ ਦੀ ਸੁਚਾਰੂ ਸੋਚ ‘ਤੇ ਪੂਰਾ ਵਿਸ਼ਵਾਸ ਹੈ ਤੇ ਸਰਕਾਰ ਵੱਲੋਂ ਪੰਜਾਬ ਵਾਸੀਆਂ ਲਈ ਚੱਲ ਰਹੇ ਮੌਜੂਦਾ ਵਿਕਾਸ ਏਜੰਡਿਆਂ ਨਾਲ ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਿਲ ਕਰੇਗੀ।
ਅੱਜ ਇੱਥੇ ਜਾਰੀ ਇੱਕ ਬਿਆਨ ਵਿੱਚ ਪਟਿਆਲਾ ਤੋਂ ਸਾਂਸਦ ਪਰਨੀਤ ਕੌਰ, ਖਡੂਰ ਸਾਹਿਬ ਤੋਂ ਸਾਂਸਦ ਜਸਬੀਰ ਸਿੰਘ ਗਿੱਲ, ਜਲੰਧਰ ਤੋਂ ਸਾਂਸਦ ਸੰਤੋਖ ਸਿੰਘ ਚੌਧਰੀ, ਫ਼ਤਹਿਗੜ੍ਹ ਸਾਹਿਬ ਤੋਂ ਸਾਂਸਦ ਡਾ. ਅਮਰ ਸਿੰਘ ਤੇ ਫਰੀਦਕੋਟ ਤੋਂ ਸਾਂਸਦ ਮੁਹੰਮਦ ਸਦੀਕ ਜੋ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਆਏ ਸਨ ਨੇ ਕਿਹਾ ਕਿ ਉਹ ਇੱਥੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ ਸਬੰਧੀ ਵਿਚਾਰ ਵਟਾਂਦਰਾ ਕਰਨ ਆਏ ਸਨ ਤੇ ਪੰਜਾਬ ਵਾਸੀ ਸਿਰਫ਼ ਤੇ ਸਿਰਫ਼ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਅਗਲੀ ਵਾਰ ਆਪਣਾ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਨ।
ਪੰਜਾਬ ਸਾਂਸਦਾਂ ਨੇ ਕਿਹਾ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਕਾਂਗਰਸ ਦੇ ਬਰਾਬਰ ਹੋਰ ਕੋਈ ਨਹੀਂ ਹੈ ਤੇ ਪੰਜਾਬੀ ਇੱਕ ਵਾਰ ਫਿਰ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਤੇ ਸੁਚਾਰੂ ਸੋਚ ‘ਤੇ ਆਪਣੀ ਮੋਹਰ ਲਗਾਉਣਗੇ ਤੇ ਉਨ੍ਹਾਂ ਨੂੰ ਸਾਲ 2022 ‘ਚ ਭਾਰੀ ਵੋਟਾਂ ਨਾਲ ਜਿਤਾਉਣਗੇ। ਕੋਈ ਵੀ ਅਜਿਹਾ ਨਹੀਂ ਹੈ ਜੋ ਕੈਪਟਨ ਅਮਰਿੰਦਰ ਸਿੰਘ ਦੇ ਚੰਗੇ ਸ਼ਾਸਨ ਪ੍ਰਬੰਧਨ ਦੇ ਰਿਕਾਰਡ, ਪ੍ਰਸ਼ਾਸਕੀ ਤਜ਼ਰਬੇ ਤੇ ਮਹਾਰਤ ਦੇ ਨੇੜੇ-ਤੇੜੇ ਵੀ ਹੋਵੇ ਤੇ ਉਨ੍ਹਾਂ ਦੇ ਇਸੇ ਤਜ਼ਰਬੇ ਦੀ ਲੋੜ ਪੰਜਾਬ ਨੂੰ ਇਸ ਔਖੇ ਸਮੇਂ ਵਿੱਚ ਕੋਵਿਡ ਖਿਲਾਫ਼ ਲੜਾਈ ਤੇ ਪੰਜਾਬ ਦੀ ਆਰਥਿਕ ਹਾਲਤ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਹੈ।
ਸਾਂਸਦਾ ਨੇ ਅੱਗੇ ਕਿਹਾ ਕਿ ਅਗਾਮੀ ਚੋਣਾਂ ਕਾਂਗਰਸ ਪਾਰਟੀ ਇਕਜੁੱਟ ਹੋ ਕੇ ਲੜੇਗੀ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਅਤੇ ਨੀਤੀਆਂ ਨੂੰ ਜ਼ਮੀਨੀ ਪੱਧਰ ‘ਤੇ ਵਧੇਰੇ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇਗਾ।