ਭਿੱਖੀਵਿੰਡ, 29 ਅਗਸਤ (ਰਣਬੀਰ ਸਿੰਘ)- ਖੇਮਕਰਨ ‘ਚ ਬੀਤੇ ਡੇਢ ਮਹੀਨਾ ਪਹਿਲਾਂ ਬਲਦੇਵ ਸਿੰਘ ਤੇ ਕੁਲਦੀਪ ਸਿੰਘ ਦੋ ਭਰਾਵਾਂ ਦੇ ਘਰਾਂ ‘ਚ ਹੋਈ ਕਰੀਬ 20 ਲੱਖ ਤੋਂ ਵੱਧ ਦੀ ਚੋਰੀ ਦੇ ਮਾਮਲੇ ਵਿਚ ਅਜੇ ਤੱਕ ਕੋਈ ਹੱਲ ਨਾ ਨਿਕਲਦਾ ਵੇਖ ਤੇ ਚੋਰੀ ਦਾ ਕੋਈ ਵੀ ਸੁਰਾਗ ਸਥਾਨਕ ਪੁਲਿਸ ਵੱਲੋਂ ਕੱਢਣ ਕਾਰਨ ਪੀੜਤ ਪਰਿਵਾਰਕ ਮੈਂਬਰਾਂ ਇਲਾਕਾ ਵਾਸੀਆਂ ਤੇ ਕਿਸਾਨਾਂ ਵੱਲੋਂ ਇਕੱਠੇ ਹੋ ਕੇ ਪੁਲਿਸ ਥਾਣਾ ਖੇਮਕਰਨ ਦੇ ਬਾਹਰ ਧਰਨਾ ਲਗਾ ਕੇ ਪੰਜਾਬ ਪੁਲਿਸ ਦੇ ਖ਼ਿਲਾਫ਼ ਜੰਮ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ । ਇਸ ਦੌਰਾਨ ਉਨ੍ਹਾਂ ਖੇਮਕਰਨ ਵਿੱਚ ਸ਼ਰ੍ਹੇਆਮ ਵਿਕ ਰਹੇ ਨਸ਼ੇ ਦੇ ਮਾਮਲੇ ਨੂੰ ਗੰਭੀਰਤਾ ਨਾਲ ਚੁੱਕਿਆ ਤੇ ਪੁਲਿਸ ‘ਤੇ ਮੂਕ ਦਰਸ਼ਕ ਬਣੇ ਰਹਿਣ ਦਾ ਦੋਸ਼ ਲਗਾਇਆ । ਧਰਨਾ ਦੇ ਰਹੇ ਸਥਾਨਕ ਰਾਜਸੀ ਆਗੂ ਕਿੱਕਰ ਸਿੰਘ ਚੱਠੂ ਨੇ ਦੱਸਿਆ ਕਿ ਇਸ ਚੋਰੀ ਸਬੰਧੀ ਪੁਲਿਸ ਨੂੰ ਪੂਰਾ ਸਹਿਯੋਗ ਦਿੱਤਾ ਗਿਆ ਤੇ ਪੁਲਿਸ ਨੂੰ ਕਾਫ਼ੀ ਸਬੂਤ ਵੀ ਮਿਲੇ । ਇਥੇ ਤਾਇਨਾਤ ਮਹਿਲਾ ਐੱਸ.ਐੱਚ.ਓ. ਨੇ ਸ਼ੁਰੂ-ਸ਼ੁਰੂ ‘ਚ ਭਰੋਸਾ ਦਿੱਤਾ ਸੀ ਕਿ ਤੁਹਾਡੀ ਚੋਰੀ ਕਰਨ ਵਾਲੇ ਪੁਲਿਸ ਨੇ ਲਗਪਗ ਟਰੇਸ ਕਰ ਲਏ ਹਨ । ਅਸੀਂ ਕਾਬੂ ਕਰਨ ‘ਚ ਲੱਗੇ ਹਾ, ਪਰ ਅਚਾਨਕ ਬਾਅਦ ‘ਚ ਪਤਾ ਨਹੀਂ ਕੀ ਹੋਇਆ ਕਿ ਉਹ ਇਸ ਮਾਮਲੇ ਦੀ ਟਾਲ-ਮਟੌਲ ਕਰਨ ਲੱਗ ਪਏ ਤੇ ਉਨ੍ਹਾਂ ਲਗਪਗ ਚੋਰੀ ਦਾ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਹੈ। ਜਿਸ ਦੇ ਰੋਸ ਵਜੋਂ ਅੱਜ ਇਹ ਧਰਨਾ ਇਲਾਕਾ ਵਾਸੀਆਂ ਵਲੋਂ ਲਗਾਇਆ ਗਿਆ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਕਸਬਾ ਖੇਮਕਰਨ ਨਸ਼ਿਆਂ ਵਿੱਚ ਵੀ ਗ਼ਲਤਾਨ ਹੋਇਆ ਪਿਆ ਹੈ ਸ਼ਰ੍ਹੇਆਮ ਚਿੱਟਾ ਵਿੱਕ ਰਿਹਾ ਹੈ।ਅਨੇਕਾਂ ਨੌਜਵਾਨ ਟੀਕਿਆਂ ਨਾਲ ਮੌਤ ਦੇ ਮੂੰਹ ‘ਚ ਚਲੇ ਗਏ ਹਨ । ਉਨ੍ਹਾਂ ਦੋਸ਼ ਲਗਾਇਆ ਕਿ ਇਸ ਲਈ ਸਿੱਧੀ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਜਿੰਮੇਵਾਰ ਹੈ । ਇਹ ਧਰਨਾ ਲਗਾਤਾਰ ਡੇਢ ਦੋ ਘੰਟੇ ਚੱਲਿਆ ਤੇ ਧਰਨਾਕਾਰੀਆਂ ਪੁਲਿਸ ਵਿਰੁੱਧ ਨਾਅਰੇਬਾਜ਼ੀ ਕੀਤੀ । ਬਾਅਦ ਵਿੱਚ ਥਾਣਾ ਖੇਮਕਰਨ ਦੇ ਨਵ-ਨਿਯੁਕਤ ਥਾਣਾ ਮੁਖੀ ਕਵਲਜੀਤ ਰਾਏ ਨੇ ਧਰਨਾਕਾਰੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਨਵੀਂ ਨਿਯੁਕਤੀ ਹੋਣ ਕਾਰਨ ਉਨ੍ਹਾਂ ਅੱਜ ਪਹਿਲੇ ਦਿਨ ਹੀ ਥਾਣੇ ਦਾ ਚਾਰਜ ਸੰਭਾਲਿਆ ਹੈ । ਤੁਸੀਂ ਸਹਿਯੋਗ ਦਿਓ, ਪੁਲਿਸ ਵੱਲੋਂ ਇਕ ਹਫ਼ਤੇ ਦੇ ਅੰਦਰ ਚੋਰਾਂ ਨੂੰ ਫੜ ਲਿਆ ਜਵੇਗਾ, ਜਿਸ ‘ਤੋਂ ਬਾਅਦ ਧਰਨਾਕਾਰੀਆ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ । ਇਸ ਮੌਕੇ ਪਰਮਜੀਤ ਸਿੰਘ ਸੰਧੂ ਸਾਬਕਾ ਪ੍ਰਧਾਨ ਨਗਰ ਪੰਚਾਇਤ ਖੇਮਕਰਨ, ਸਾਬਕਾ ਸਰਪੰਚ ਹਰਮੰਦਰ ਸਿੰਘ ਕਲਸ ਅਕਾਲੀ ਆਗੂ, ਯੂਥ ਅਕਾਲੀ ਆਗੂ ਗਗਨਦੀਪ ਸਿੰਘ ਗੋਲਡੀ ਬਾਜਵਾ, ਨੰਬਰਦਾਰ ਮੇਜਰ ਸਿੰਘ ਚੱਠੂ, ਮਨਜੀਤ ਸਿੰਘ ਜੰਡ, ਪੂਰਨ ਸਿੰਘ ਜੀਉਬੱਗਾ, ਬਲਕਾਰ ਸਿੰਘ ਸਰਹਾਲੀ, ਬਲਵਿੰਦਰ ਸਿੰਘ ਮਨਾਂਵਾ, ਗਗਨਦੀਪ ਸਿੰਘ ਬੀਨੂ, ਪਿਆਰਾ ਸਿੰਘ ਸਰਹਾਲੀ, ਗੁਲਾਬ ਸਿੰਘ ਸੇਖੋਂ ਕਿਸਾਨ ਆਗੂ, ਗੁਰਦਿਆਲ ਸਿੰਘ ਚੱਠੂ, ਸਾਬਕਾ ਸਰਪੰਚ ਬੋਹੜ ਸਿੰਘ ਚੱਠੂ, ਪ੍ਰਗਟ ਸਿੰਘ ਮਹਿਦੀਪੁਰ, ਪਿਸ਼ੌਰਾ ਸਿੰਘ ਸੋਖੋ, ਹਰਜਿੰਦਰ ਸਿੰਘ ਬਿੱਟੂ, ਜਰਨੈਲ ਸਿੰਘ ਸਾਬਕਾ ਸਰਪੰਚ, ਸੁਖਦੇਵ ਸ਼ਰਮਾ ਆਦਿ ਤੋਂ ਇਲਾਵਾ ਭਾਰੀ ਗਿਣਤੀ ‘ਚ ਇਲਾਕਾ ਵਾਸੀ ਹਾਜ਼ਰ ਸਨ ।