ਅੰਮ੍ਰਿਤਸਰ:,17 ਅਗਸਤ (ਪ੍ਰੈਸ ਕੀ ਤਾਕਤ ਬਿਊਰੋ)- ਆਪਣੀ ਜੇਬ ‘ਚੋਂ ਹੀ ਕਰੋੜਾਂ ਰੁਪਏ ਖ਼ਰਚ ਕਰਕੇ ਮਿਸਾਲੀ ਸੇਵਾ ਨਿਭਾਉਣ ਵਾਲੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਅਤੇ ਦੁਬਈ ਦੇ ਉੱਘੇ ਕਾਰੋਬਾਰੀ ਡਾ.ਐੱਸ.ਪੀ. ਸਿੰਘ ਓਬਰਾਏ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਸਥਾਪਿਤ ਕੀਤੇ ਗਏ ਬਹੁ-ਸਮਰੱਥਾ ਵਾਲੇ ਆਕਸੀਜਨ ਪਲਾਂਟ ਦਾ ਉਦਘਾਟਨ ਅੱਜ ਟਰੱਸਟ ਮੁੱਖੀ ਡਾ.ਐੱਸ.ਪੀ.ਸਿੰਘ ਓਬਰਾਏ ਦੀ ਮੌਜੂਦਗੀ ‘ਚ ਕੀਤਾ ਗਿਆ।
ਆਕਸੀਜਨ ਪਲਾਂਟ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਮੁੱਖੀ ਡਾ. ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਉਨ੍ਹਾਂ ਨੇ ਕਰੀਬ ਦੋ ਮਹੀਨੇ ਪਹਿਲਾਂ ਸੂਬੇ ‘ਚ 5 ਵੱਡੇ ਆਕਸੀਜਨ ਪਲਾਂਟ ਲਾਉਣ ਦੇ ਕੀਤੇ ਗਏ ਆਪਣੇ ਵਾਅਦੇ ਪੂਰੇ ਕਰਦਿਆਂ ਸ੍ਰੀ ਗੁਰੂ ਨਾਨਕ ਦੇਵ ਮੈਡੀਕਲ ਕਾਲਜ ਤੇ ਹਸਪਤਾਲ ਅੰਮ੍ਰਿਤਸਰ, ਬਾਬਾ ਫ਼ਰੀਦ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਫ਼ਰੀਦਕੋਟ, ਰਾਜਿੰਦਰਾ ਮੈਡੀਕਲ ਕਾਲਜ ਪਟਿਆਲਾ ਅਤੇ ਡਾ: ਬੀ.ਆਰ.ਅੰਬੇਦਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਮੋਹਾਲੀ ਵਿਖੇ 5 ਬਹੁ-ਸਮਰੱਥਾ ਵਾਲੇ ਆਕਸੀਜਨ ਪਲਾਂਟ ਸਥਾਪਤ ਕਰ ਦਿੱਤੇ ਹਨ, ਜਿਨ੍ਹਾਂ ‘ਚੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਖੇ ਲੱਗੇ ਦੋ ਆਕਸੀਜਨ ਪਲਾਂਟਾਂ ਦਾ ਉਦਘਾਟਨ ਦੋ ਦਿਨ ਪਹਿਲਾਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸ ਰਾਹੀਂ ਤੇ ਉਨ੍ਹਾਂ ਵੱਲੋਂ ਫ਼ਰੀਦਕੋਟ ਵਿਖੇ ਪਹੁੰਚ ਕੇ ਰਸਮੀ ਤੌਰ ‘ਤੇ ਕਰ ਦਿੱਤਾ ਗਿਆ ਸੀ ਜਦ ਕਿ ਬਾਕੀ ਬਚਦੇ 2 ਪਲਾਂਟਾਂ ਦਾ ਉਦਘਾਟਨ ਵੀ ਇਕ ਹਫ਼ਤੇ ਦੇ ਅੰਦਰ ਹੀ ਹੋ ਜਾਵੇਗਾ। ਟਰੱਸਟ ਵੱਲੋਂ ਸਥਾਪਤ ਕੀਤਾ ਗਿਆ ਨਾਮਵਰ ਵਿਦੇਸ਼ੀ ਕੰਪਨੀ ਦਾ ਬਣਿਆ ਹਰੇਕ ਅਤਿ ਆਧੁਨਿਕ ਪਲਾਂਟ 1 ਮਿੰਟ ‘ਚ 1 ਹਜ਼ਾਰ ਲੀਟਰ ਆਕਸੀਜਨ ਪੈਦਾ ਕਰਨ ਦੀ ਸਮਰੱਥਾ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਬੇਸ਼ੱਕ ਇਨ੍ਹਾਂ ਪਲਾਂਟਾਂ ਦੁਆਰਾ ਹਸਪਤਾਲ ‘ਚ ਦਾਖ਼ਲ ਮਰੀਜ਼ਾਂ ਦੇ ਬੈੱਡਾਂ ‘ਤੇ ਸਿੱਧੀ ਆਕਸੀਜਨ ਦੀ ਸਪਲਾਈ ਦਿੱਤੀ ਜਾਂਦੀ ਹੈ ਪਰ ਉਨ੍ਹਾਂ ਵੱਲੋਂ ਇਨ੍ਹਾਂ ਸਾਰੇ ਪਲਾਂਟਾਂ ‘ਤੇ ਵਿਸ਼ੇਸ਼ ਬੂਸਟਰ ਵੀ ਲਗਵਾਏ ਗਏ ਹਨ ਤਾਂ ਜੋ ਲੋੜ ਪੈਣ ‘ਤੇ ਸਿਲੰਡਰ ਵੀ ਭਰੇ ਜਾ ਸਕਣ।
ਉਨ੍ਹਾਂ ਦੱਸਿਆ ਕਿ ਇਨ੍ਹਾਂ 5 ਆਕਸੀਜਨ ਪਲਾਂਟਾਂ ਰਾਹੀਂ ਹਰ ਰੋਜ਼ 1500 ਸਿਲੰਡਰ ਭਰੇ ਜਾ ਸਕਦਾ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਭਵਿੱਖ ‘ਚ ਜ਼ਰੂਰਤ ਪੈਂਦੀ ਹੈ ਤਾਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ 1000 ਆਕਸੀਜਨ ਸਿਲੰਡਰ ਵੀ ਮੁਫ਼ਤ ਦਿੱਤੇ ਜਾਣਗੇ।