ਚੰਡੀਗੜ੍ਹ, 04 ਦਸੰਬਰ 2021, ਪ੍ਰੈਸ ਕੀ ਤਾਕਤ ਬਿਊਰੋ-
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਣ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਹਨ। ਸਿੱਧੂ ਮੂਸੇਵਾਲਾ ਨੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਆਪਣਾ ਪੱਖ ਰੱਖਿਆ। ਸਿੱਧੂ ਮੂਸੇਵਾਲਾ ਨੇ ਕਿਹਾ ਕਿ ਜੇਕਰ ਉਹ ਕਾਂਗਰਸ ਛੱਡ ਕੇ ਦੂਜੀ ਪਾਰਟੀ ‘ਚ ਜਾਂਦੇ ਤਾਂ ਲੋਕਾਂ ਨੇ ਕਹਿਣਾ ਸੀ ਕਿ ਤੁਸੀਂ ਬੇਅਦਬੀ ਵਾਲਿਆਂ ਨਾਲ ਮਿਲੇ ਫਿਰਦੇ ਹੋ। ਉਨ੍ਹਾਂ ਕਿਹਾ ਕਿ ਜੇਕਰ ਉਹ ਭਾਜਪਾ ‘ਚ ਜਾਂਦੇ ਤਾਂ ਲੋਕਾਂ ਨੇ ਕਹਿਣਾ ਸੀ ਕਿ ਇਹ ਕਿਸਾਨਾਂ ਦੀ ਵਿਰੋਧੀ ਪਾਰਟੀ ਹੈ।
ਸਿੱਧੂ ਮੂਸੇਵਾਲਾ ਨੇ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਕੋਈ ਕਦਮ ਚੁੱਕ ਰਿਹਾ ਹੈ ਤਾਂ ਉਹ ਬੇਵਕੂਫ਼ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਘਰ ਬੈਠਿਆਂ 3 ਸਾਲਾਂ ‘ਚ ਮੇਰੇ ‘ਤੇ 6 ਪਰਚੇ ਹੋ ਚੁੱਕੇ ਹਨ ਅਤੇ ਜੇਕਰ ਮੇਰੇ ਨਾਲ ਇਹ ਸਭ ਕੁੱਝ ਹੋ ਰਿਹਾ ਹੈ ਤਾਂ ਫਿਰ ਆਮ ਲੋਕਾਂ ਨਾਲ ਕੀ ਹੁੰਦਾ ਹੋਵੇਗਾ।
ਇਹ ਵੀ ਪੜ੍ਹੋ– ਸਾਬਕਾ ਡੀਜੀਪੀ ਵਿਰਕ, ਸਰਬਜੀਤ ਮੱਕੜ ਸਮੇਤ ਪੰਜਾਬ ਦੇ 24 ਆਗੂ ਸ਼ੁੱਕਰਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋ ਗਏ।
ਉਨ੍ਹਾਂ ਕਿਹਾ ਕਿ ਜੇਕਰ ਮੈਂ ਆਜ਼ਾਦ ਖੜ੍ਹਾ ਹੋ ਜਾਂਦਾ ਹੈ ਤਾਂ ਵੀ ਲੋਕਾਂ ਨੇ ਸਵਾਲ ਚੁੱਕਣੇ ਸੀ। ਉਨ੍ਹਾਂ ਨੇ ਸਵਾਲ ਚੁੱਕਣ ਵਾਲਿਆਂ ਨੂੰ ਕਿਹਾ ਕਿ ਉਹ ਮੈਨੂੰ ਦੱਸ ਦੇਣ ਕਿ ਮੇਰੇ ਲਈ ਕੀ ਸਹੀ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਜੋ ਕੁੱਝ ਵੀ ਕੀਤਾ ਹੈ, ਸਹੀ ਕੀਤਾ ਹੈ ਅਤੇ ਉਨ੍ਹਾਂ ਨੂੰ ਸਿਰਫ ਆਪਣੇ ਪਰਿਵਾਰ ਨਾਲ ਹੀ ਕੋਈ ਫ਼ਰਕ ਪੈਂਦਾ ਹੈ ਅਤੇ ਪਰਿਵਾਰ ਲਈ ਉਨ੍ਹਾਂ ਵੱਲੋਂ ਹਰ ਚੀਜ਼ ਨੂੰ ਕਲੀਅਰ ਕਰਨਾ ਬਣਦਾ ਹੈ। ਉਨ੍ਹਾਂ ਕਿਹਾ ਕਿ ਆਪਣੇ ਖ਼ਿਲਾਫ਼ ਬੋਲਣ ਵਾਲੇ ਲੋਕਾਂ ਦੇ ਸਰਟੀਫਿਕੇਟ ਦੀ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਹਿੰਮਤ ਰੱਖਦਾ ਹਾਂ ਅਤੇ ਜੋ ਗੱਲ ਕਹੀ ਹੈ, ਉਸ ‘ਤੇ ਕਾਇਮ ਰਹਾਂਗਾ।
ਸਿੱਧੂ ਮੂਸੇਵਾਲਾ ਨੇ ਕਿਹਾ ਕਿ ਜਿਹੜੀ ਗੱਲ ਗਲਤ ਹੈ, ਉਸ ਨੂੰ ਠੋਕ ਕੇ ਗਲਤ ਕਹਾਂਗਾ। ਉਨ੍ਹਾਂ ਕਿਹਾ ਕਿ ਜੇਕਰ ਚੁੱਪ ਹੀ ਕਰਨਾ ਹੁੰਦਾ ਤਾਂ ਹੁਣ ਵੀ ਉਹ ਲਾਈਵ ਨਾ ਹੁੰਦੇ।