ਖੰਨਾ, 9 ਅਗਸਤ (ਪ੍ਰੈਸ ਕੀ ਤਾਕਤ ਬਿਉਰੋ): ਕੋਰੋਨਾ ਕਾਲ ਦੌਰਾਨ ਖੰਨਾ ਦੇ ਲਲਹੇੜੀ ਰੋਡ ‘ਤੇ ਰਹਿਣ ਵਾਲੀ 12ਵੀਂ ਜਮਾਤ ਦੀ ਵਿਦਿਆਰਥਣ ਰਸ਼ਮਿਨ ਭਾਰਦਵਾਜ 16 ਸਾਲ ਦੀ ਇਕ ਹੁਨਰਮੰਦ ਬੱਚੀ ਨੇ ਵੱਡੀ ਮਿਸਾਲ ਕਾਇਮ ਕੀਤੀ ਹੈ ਜਦੋਂ ਬੱਚੇ ਮੋਬਾਇਲਾਂ ਅਤੇ ਹੋਰਨਾਂ ਗੈਜੇਟਸ ਦੇ ਨਾਲ ਆਪਣਾ ਸਮਾਂ ਬਿਤਾਉਂਦੇ ਸਨ, ਉਸ ਸਮੇਂ ਇਸ ਬੱਚੀ ਨੇ ਅੰਗਰੇਜ਼ੀ ਭਾਸ਼ਾ ‘ਚ ਇਕ 90 ਪੰਨਿਆਂ ਵਾਲੀ ਕਿਤਾਬ ਲਿਖ ਦਿੱਤੀ ਅਤੇ ਅਮਰੀਕਾ ਦੇ ਰਹਿਣ ਵਾਲੇ ਇਕ ਪਬਲਿਸ਼ਰ ਨੇ ਉਸ ਦੀ ਲਿਖਤ ਪੜ੍ਹ ਕੇ ਉਸ ਨੂੰ ਛਾਪਣ ਦੇ ਨਾਲ-ਨਾਲ ਹੀ ਉਸ ਦੇ ਅਧਿਕਾਰ ਵੀ ਸੁਰੱਖਿਅਤ ਕਰਵਾ ਕੇ ਦਿੱਤੇ। ਇਸ ਤਰ੍ਹਾਂ 16 ਸਾਲ ਦੀ ਇਕ ਹੁਨਰਮੰਦ ਬੱਚੀ ਦੂਜਿਆਂ ਲਈ ਪ੍ਰੇਰਣਾ ਬਣੀ ਹੈ। ਰਸ਼ਮਿਨ ਭਾਰਦਵਾਜ ਜਨਮ ਤੋਂ ਹੀ ਇਕ ਹੱਥ ਤੋਂ ਅਪਾਹਜ ਹੈ ਪਰ ਉਸ ਨੇ ਕਦੇ ਵੀ ਆਪਣੀ ਸਰੀਰਕ ਕਮਜ਼ੋਰੀ ਨੂੰ ਆਪਣੇ ਦਿਲ ਅਤੇ ਦਿਮਾਗ ‘ਤੇ ਹਾਵੀ ਨਹੀਂ ਹੋਣ ਦਿੱਤਾ। ਰਸ਼ਮਿਨ ਭਾਰਦਵਾਜ ਵੱਲੋਂ ਭਾਰਤੀ ਸੇਕੁਲਰਿਜ਼ਮ ‘ਤੇ ਲਿਖੀ ਗਈ ਕਿਤਾਬ ਦਾ ਨਾਂ ‘ਦਿ ਕੈਲੇਜੀਨਿਅਸ ਲਾਈਟ’ (ਮੱਧਮ ਰੌਸ਼ਨੀ) ਹੈ, ਜੋ ਕਿ ਅੰਗਰੇਜ਼ੀ ਭਾਸ਼ਾ ‘ਚ ਲਿਖੀ ਗਈ ਹੈ। ਅਮਰੀਕਾ ਦੇ ਪਬਲਿਸ਼ਰ ਨੇ ਇਸ ਕਿਤਾਬ ਨੂੰ ਛਾਪਣ ਲਈ ਕੋਈ ਵੀ ਖਰ਼ਚ ਨਹੀਂ ਲਿਆ, ਸਗੋਂ ਹੁਣ ਕਿਤਾਬ ਦੀ ਵਿਕਰੀ ‘ਤੇ ਰਾਇਲਟੀ ਵੀ ਰਸ਼ਮਿਨ ਨੂੰ ਮਿਲੇਗੀ। ਰਸ਼ਮਿਨ ਇਕ ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਦੀ ਹੈ ਅਤੇ ਉਸ ਨੇ ਦੱਸਿਆ ਕਿ ਉਸ ਦੇ ਇਸ ਸ਼ੌਂਕ ਲਈ ਉਸ ਦਾ ਪਰਿਵਾਰ ਅਤੇ ਉਸ ਦੇ ਅਧਿਆਪਕ ਪੂਰਾ ਸਾਥ ਦਿੰਦੇ ਹਨ।