ਨਵੀਂ ਦਿੱਲੀ, 27 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ): ਦੇਸ਼ ‘ਚ ਕੋਰੋਨਾ ਵਾਇਰਸ ਮਹਾਂਮਾਰੀ ਦਾ ਕਹਿਰ ਦਿਨੋ-ਦਿਨ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ ਅਤੇ ਇਸ ਦੌਰਾਨ 31 ਜੁਲਾਈ ‘ਅਨਲਾਕ-2’ ਪੜਾਅ ਦੇ ਖ਼ਤਮ ਹੋਣ ‘ਤੇ ‘1 ਅਗਸਤ 2020 ਤੋਂ ਅਨਲਾਕ-3’ ਦੀ ਸ਼ੁਰੂਆਤ ਹੋਵੇਗੀ, ਜਿਸ ਦੌਰਾਨ ਲੋਕਾਂ ਦੀਆਂ ਸਹੂਲਤਾਂ ‘ਚ ਵਾਧਾ ਹੋ ਸਕਦਾ ਹੈ ਪਰ ਕੋਰੋਨਾ ਦੇ ਪਾਸਾਰ ਕਾਰਨ ਦਹਿਸ਼ਤ ਦਾ ਮਾਹੌਲ ਵੀ ਬਣਿਆ ਹੋਇਆ ਹੈ।
ਅਨਲਾਕ-3 ‘ਚ 1 ਅਗਸਤ 2020 ਤੋਂ ਸਮਾਜਿਕ ਦੂਰੀ ਨਾਲ ਸਿਨੇਮਾ ਹਾਲ, ਜਿਮ ਤੇ ਸ਼ਾਪਿੰਗ ਮਾਲ ਖੁੱਲ੍ਹ ਸਕਦੇ ਹਨ। ਸਿਨੇਮਾ ਹਾਲ ਖੋਲ੍ਹਣ ਬਾਰੇ ਸੂਚਨਾ ਪ੍ਰਸਾਰਨ ਮੰਤਰਾਲੇ ਵਲੋਂ ਗ੍ਰਹਿ ਮੰਤਰਾਲੇ ਨੂੰ ਪ੍ਰਸਤਾਵ ਭੇਜਿਆ ਜਾ ਚੁੱਕਾ ਹੈ। ਸਿਨੇਮਾ ਮਾਲਕਾਂ ਤੇ ਸੂਚਨਾ ਪ੍ਰਸਾਰਨ ਮੰਤਰਾਲੇ ਵਿਚਾਲੇ ਹੋਈ ਬੈਠਕ ‘ਚ ਸਿਨੇਮਾ ਮਾਲਕਾਂ ਵਲੋਂ 25 ਤੋਂ 50 ਫ਼ੀਸਦੀ ਦਰਸ਼ਕਾਂ ਨਾਲ ਮਲਟੀਪਲੈਕਸ ਤੇ ਸਿੰਗਲ ਸਕਰੀਨ ਸਿਨੇਮਾ ਘਰ ਖੋਲ੍ਹਣ ਦਾ ਪ੍ਰਸਤਾਵ ਦਿੱਤਾ ਗਿਆ ਹੈ। ਅਨਲਾਕ-3 ਦੌਰਾਨ ਜਿਮ ਤੇ ਸ਼ਾਪਿੰਗ ਮਾਲ ਤਾਂ ਖੁੱਲ੍ਹ ਸਕਦੇ ਹਨ, ਪਰ ਮੈਟਰੋ ਤੇ ਸਕੂਲਾਂ ‘ਤੇ ਪਾਬੰਦੀ ਜਾਰੀ ਰਹਿਣ ਦੀ ਸੰਭਾਵਨਾ ਹੈ।