ਚੰਡੀਗੜ੍ਹ 13 ਮਈ:ઠਪੰਜਾਬ ਵਿਜੀਲੈਂਸ ਬਿਊਰੋ ਨੇ ਨੈਸ਼ਨਲ ਹਾਈਵੇਅ ਅਥਾਰਟੀ, ਸੈਂਟਰਲ ਡਵੀਜਨ ਨੰਬਰ -2, ਲੋਕ ਨਿਰਮਾਣ ਵਿਭਾਗ, ਜਿਲਾ ਬਠਿੰਡਾ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ ਹਨੀ ਬਾਂਸਲ ਨੂੰ ਰਿਸ਼ਵਤ ਲੈਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ ਅਤੇ ਇਸੇ ਕੇਸ ਵਿਚ ਸ਼ਾਮਲ ਦੂਜੇ ਜੇ.ਈ ਖਿਲਾਫ਼ ਵੀ ਰਿਸ਼ਵਤ ਲੈਣ ਸਬੰਧੀ ਮੁਕੱਦਮਾ ਦਰਜ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਜੇ.ਈ ਹਨੀ ਬਾਂਸਲ ਨੂੰ ਸ਼ਿਕਾਇਤਕਰਤਾ ਜਗਰੂਪ ਸਿੰਘ ਵਾਸੀ ਪਿੰਡ ਘੋਲੀਆ ਖੁਰਦ, ਜਿਲਾ ਮੋਗਾ ਦੀ ਸ਼ਿਕਾਇਤ ‘ਤੇ 80,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਕਿ ਉਸ ਦੇ ਹੋਟਲ ਦੀ ਜਮੀਨ ਜੋ ਕਿ ਕੌਮੀ ਸ਼ਾਹਰਾਹ 254 ਨੂੰ ਚੌੜੀ ਕਰਨ ਦੀ ਸਕੀਮ ਵਿਚ ਆ ਗਈ ਸੀ ਉਸ ਦੀ ਕੀਮਤ ਵੱਧ ਨਿਰਧਾਰਤ ਕਰਨ ਬਦਲੇ ਦੋਵੇ ਜੇ.ਈ ਹਨੀ ਬਾਂਸਲ ਅਤੇ ਅਮਰਜੀਤ ਸਿੰਘ ਵਲੋ ਜਮੀਨ ਦੀ ਕੁੱਲ ਕੀਮਤ ਦਾ 10 ਫੀਸਦੀ ਹਿੱਸਾ ਭਾਵ 4,70,000 ਰੁਪਏ ਦੀ ਮੰਗ ਕੀਤੀ ਗਈ ਹੈ ਅਤੇ ਜਿਸ ਵਿਚੋ ਉਹ ਵਲੋ 3,50,000 ਰੁਪਏ ਪਹਿਲੀ ਕਿਸ਼ਤ ਵਜੋ ਦੇ ਚੁੱਕਾ ਹੈ।
ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਜੇ.ਈ ਹਨੀ ਬਾਂਸਲ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਦੂਸਰੀ ਕਿਸ਼ਤ ਦੇ 80,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ।
ਬੁਲਾਰੇ ਨੇ ਦੱਸਿਆ ਕਿ ਉਕਤ ਦੋਹਾਂ ਦੋਸ਼ੀਆਂ ਖਿਲਾਫ਼ ਵਿਜੀਲੈਂਸ ਬਿਓਰੋ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਫਿਰੋਜਪੁਰ ਸਥਿਤ ਵਿਜੀਲੈਂਸ ਬਿਓਰੋ ਦੇ ਥਾਣੇ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।