ਫਿਰੋਜ਼ਪੁਰ 13 ਸਤੰਬਰ (ਸੰਦੀਪ ਟੰਡਨ): ਥਾਣਾ ਘੱਲ ਖੁਰਦ ਦੇ ਅਧੀਨ ਆਉਂਦੇ ਪਿੰਡ ਹਕੂਮਤ ਸਿੰਘ ਵਾਲਾ ਦੀ ਇਕ 23 ਸਾਲਾ ਨੌਜਵਾਨ ਲੜਕੀ ਵਲੋਂ ਆਈਲੈਟਸ ਦੇ ਘੱਟ ਬੈਂਡ ਆਉਣ ਤੋਂ ਪ੍ਰੇਸ਼ਾਨ ਹੋ ਕੇ ਖੁਦਕੁਸੀ ਕਰਨ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਪਵਨਦੀਪ ਕੌਰ ਪੁੱਤਰੀ ਕਮਲਜੀਤ ਸਿੰਘ ਵਾਸੀ ਹਕੂਮਤ ਸਿੰਘ ਵਾਲਾ ਵੱਲੋਂ ਬੀਤੇ ਦਿਨ ਸਲਫਾਸ ਦੀਆਂ ਗੋਲੀਆਂ ਨਿਗਲ ਲਈਆਂ ਗਈਆਂ, ਜਿਸ ਦੇ ਚੱਲਦਿਆਂ ਉਸ ਨੂੰ ਇਲਾਜ ਲਈ ਮੁੱਦਕੀ ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਦਯਾ ਨੰਦ ਮੈਡੀਕਲ ਕਾਲਜ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ ਅਤੇ ਇਲਾਜ ਦੌਰਾਨ ਬੀਤੀ ਰਾਤ ਉਸ ਨੇ ਦਮ ਤੋੜ ਦਿੱਤਾ। ਇਸ ਸਬੰਧੀ ਪੁਲਿਸ ਕੋਲ ਬਿਆਨ ਕਲਮਬੱਧ ਕਰਵਾਉਂਦਿਆਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਪਵਨਦੀਪ ਕੌਰ ਵਿਦੇਸ਼ ਵਿਚ ਪੜ੍ਹਨ ਲਈ ਜਾਣਾ ਚਾਹੁੰਦੀ ਸੀ, ਜਿਸ ਲਈ ਉਸ ਨੇ ਦੋ-ਤਿੰਨ ਵਾਰ ਆਈਲੈਟਸ ਦੀ ਪ੍ਰੀਖਿਆ ਦਿੱਤੀ, ਪਰ ਲੋੜੀਂਦੇ ਬੈਂਡ ਨਾ ਆਏ। ਕੁਝ ਦਿਨ ਪਹਿਲਾਂ ਵੀ ਉਸ ਨੇ ਆਈਲੈਟਸ ਦਾ ਇਮਤਿਹਾਨ ਦਿੱਤਾ ਸੀ, ਜਿਸ ਦਾ ਬੀਤੇ ਦਿਨ ਨਤੀਜਾ ਆਇਆ ਤਾਂ ਉਸ ਬੈਂਡ ਘੱਟ ਆ ਗਏ, ਜਿਸ ਨੂੰ ਲੈ ਕੇ ਮਾਨਸਿਕ ਪ੍ਰੇਸ਼ਾਨੀ ਦੀ ਹਾਲਤ ਵਿਚ ਕਣਕ ਵਿਚ ਪਾਉਣ ਵਾਲੀਆਂ ਸਲਫਾਸ ਦੀਆਂ ਗੋਲੀਆਂ ਖਾ ਲਈਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਘੱਲ ਖੁਰਦ ਦੇ ਏਐੱਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।
ADVERTISEMENT