ਪਟਿਆਲਾ, 15 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ)- ਪਟਿਆਲਾ ਵਿਖੇ ਪੰਜਾਬ ਵਾਲੀਬਾਲ ਐਸੋਸੀਏਸ਼ਨ ਦੀ ਚੋਣ ਲਈ ਹੋਏ ਵਿਸ਼ੇਸ਼ ਸਮਾਗਮ ਦੌਰਾਨ ਹਲਕਾ ਫਰੀਦਕੋਟ ਦੇ ਵਿਧਾਇਕ ਤੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੂੰ ਸਰਬਸੰਮਤੀ ਨਾਲ ਪੰਜਾਬ ਵਾਲੀਬਾਲ ਐਸੋਸੀਏਸ਼ਨ ਦਾ ਪ੍ਰਧਾਨ ਚੁਣ ਲਿਆ ਗਿਆ। ਅੱਜ ਗਰੈਂਡ ਅਜੂਬਾ ਹੋਟਲ ਪਟਿਆਲਾ ਵਿਖੇ ਇਸ ਚੋਣ ਦੀ ਸ਼ੁਰੂਆਤ ਐਸੋਸੀਏਸ਼ਨ ਦੇ ਪ੍ਰਧਾਨ ਤੇ ਪ੍ਰਜ਼ਾਈਡਿੰਗ ਅਫ਼ਸਰ ਸ. ਹਰਚਰਨ ਸਿੰਘ ਭੁੱਲਰ ਆਈ.ਪੀ.ਐੱਸ ਵੱਲੋਂ ਕਰਵਾਈ ਗਈ। ਸਮਾਗਮ ਵਿੱਚ ਪੰਜਾਬ ਉਲੰਪਿਕ ਸੰਘ ਵੱਲੋਂ ਕੇ.ਵੀ.ਐਸ.ਸਿੱਧੂ, ਸਪੋਰਟਸ ਕੌਂਸਲ ਚੰਡੀਗੜ੍ਹ ਵੱਲੋਂ ਸ੍ਰੀ ਯੋਗਰਾਜ ਜਿਲ੍ਹਾ ਖੇਡ ਅਫ਼ਸਰ ਸੰਗਰੂਰ ਅਤੇ ਵੀ.ਐਫ.ਆਈ ਵੱਲੋਂ ਸ਼੍ਰੀ ਜੰਗੀਰ ਸਿੰਘ ਬਤੌਰ ਆਬਜ਼ਰਵਰ ਸ਼ਾਮਲ ਹੋਏ। ਇਸ ਚੋਣ ਵਿੱਚ ਪੰਜਾਬ ਵਾਲੀਵਾਲ ਐਸੋਸੀਏਸ਼ਨ ਦੇ ਸਾਰੇ ਅਹੁਦੇਦਾਰਾਂ ਨੇ ਭਾਗ ਲਿਆ। ਇਹਨਾਂ ਖੇਡ ਅਧਿਕਾਰੀਆਂ ਦੀ ਦੇਖ ਰੇਖ ‘ਚ ਸੁਖਪਾਲ ਸਿੰਘ ਬਰਾੜ (ਪਾਲੀ) ਅਰਜਨਾ ਐਵਾਰਡੀ ਐੱਸ.ਪੀ. ਪੰਜਾਬ ਪੁਲੀਸ ਨੂੰ ਸਰਬਸੰਮਤੀ ਨਾਲ ਜਨਰਲ ਸਕੱਤਰ ਅਤੇ ਬਲਵਿੰਦਰ ਸਿੰਘ ਫ਼ਰੀਦਕੋਟ ਖਜ਼ਾਨਚੀ ਚੁਣਿਆ ਗਿਆ।
ਚੋਣ ਉਪਰੰਤ ਨਵੇਂ ਬਣੇ ਪ੍ਰਧਾਨ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਕਿਹਾ ਕਿ ਉਹ ਪੰਜਾਬ ਵਿੱਚ ਖੇਡਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਆਪਣਾ ਬਣਦਾ ਯੋਗਦਾਨ ਪਾਉਦੇ ਰਹਿਣਗੇ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਹੋਣਹਾਰ ਖਿਡਾਰੀਆਂ ਨੂੰ ਅੱਗੇ ਲਿਜਾਣ ਲਈ ਗੰਭੀਰ ਯਤਨ ਕਰਨਗੇ ਤਾਂ ਕਿ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕਰਕੇ ਸੂਬੇ ਤੇ ਦੇਸ਼ ਦਾ ਨਾਮ ਰੌਸ਼ਨ ਕੀਤਾ ਜਾ ਸਕੇ। ਚੋਣ ਅਬਜ਼ਰਵਰ ਸ੍ਰੀ ਕੇ.ਵੀ. ਸਿੱਧੂ, ਜੰਗੀਰ ਸਿੰਘ ਅਤੇ ਸ੍ਰੀ ਯੋਗਰਾਜ ਨੇ ਹਾਜਰ ਨੁਮਾਇੰਦਿਆਂ ਨਾਲ ਵਾਲੀਬਾਲ ਦੇ ਨਾਲ-ਨਾਲ ਖੇਡ ਜਗਤ ਦੀਆਂ ਬਰੀਕਿਆਂ, ਤਜ਼ਰਬੇ ਤੇ ਨੁਕਤੇ ਸਾਂਝੇ ਕੀਤੇ ਅਤੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਜਨਰਲ ਸਕੱਤਰ ਸੁਖਪਾਲ ਸਿੰਘ ਪਾਲੀ ਨੇ ਕਿਹਾ ਕਿ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਇਕ ਸੁਲਝੇ ਸਿਆਸਤਦਾਨ ਹੋਣ ਦੇ ਨਾਲ-ਨਾਲ ਇੱਕ ਖੇਡ ਪ੍ਰੇਮੀ ਵੀ ਹਨ ਜਿੰਨ੍ਹਾਂ ਆਪਣੇ ਖੇਤਰ ਵਿੱਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਵੱਡਮੁੱਲਾ ਯੋਗਦਾਨ ਪਾਇਆ ਹੈ। ਉਹਨਾਂ ਨੇ ਖਿਡਾਰੀਆਂ ਲਈ ਗਰਾਉਂਡ ਬਣਾਏ ਅਤੇ ਵੱਖ-ਵੱਖ ਖੇਡਾਂ ਨੂੰ ਵੱਡੀ ਪੱਧਰ ‘ਤੇ ਖੇਡਾਂ ਕਿੱਟਾਂ ਵੀ ਮੁਹੱਈਆ ਕਰਵਾਈਆਂ ਹਨ।
ਸ੍ਰੀ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਕਿਹਾ ਕਿ ਖਿਡਾਰੀਆਂ ਦੀਆਂ ਸਮੱਸਿਆਵਾਂ ਸਮਝਣ ਅਤੇ ਇਹਨਾਂ ਦੇ ਹੱਲ ਕਰਨ ਲਈ ਸੁਖਪਾਲ ਸਿੰਘ ਪਾਲੀ ਨੂੰ ਐਸੋਸੀਏਸ਼ਨ ਦਾ ਜਨਰਲ ਸਕੱਤਰ ਚੁਣਿਆ ਗਿਆ ਹੈ। ਉਹਨਾਂ ਕਿਹਾ ਕਿ ਸੁਖਪਾਲ ਸਿੰਘ ਪਾਲੀ ਨੇ ਖੇਡਾਂ ਦੇ ਖੇਤਰ ਵਿੱਚ ਸੂਬੇ ਤੇ ਇਲਾਕੇ ਦਾ ਬਹੁਤ ਮਾਣ ਵਧਾਇਆ ਅਤੇ ਉਹ ਖੁਦ ਭਾਰਤੀ ਟੀਮ ਦੇ ਕੈਪਟਨ ਰਹਿ ਚੁੱਕੇ ਹਨ। ਸ੍ਰੀ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਕਿਹਾ ਕਿ ਉਹਨਾਂ ਦੀ ਖੇਡਾਂ ਪ੍ਰਤੀ ਦੂਰ ਅੰਦੇਸ਼ੀ ਸੋਚ ਕਾਰਨ ਉਹਨਾਂ ਜਨਰਲ ਸਕੱਤਰ ਚੁਣਿਆ ਗਿਆ ਹੈ। ਵਿਧਾਇਕ ਸ੍ਰੀ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਦੱਸਿਆ ਕਿ ਇਹ ਚੋਣ ਚਾਰ ਸਾਲ ਬਾਅਦ ਹੁੰਦੀ ਹੈ। ਸ੍ਰੀ ਢਿੱਲੋਂ ਨੇ ਭਰੋਸਾ ਦਿੱਤਾ ਕਿ ਉਹ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਐਸੋਸੀਏਸ਼ਨ ਦਾ ਪੰਜਾਬ ਵਿੱਚ ਪਹਿਲਾਂ ਵਾਲਾ ਮਾਣ ਬਹਾਲ ਕਰਨ ਲਈ ਆਪਣਾ ਯੋਗਦਾਨ ਪਾਉਣਗੇ।
ਇਸ ਮੌਕੇ ਅੰਤਰਰਾਸ਼ਟਰੀ ਖਿਡਾਰੀ ਹਰਮੰਦਰ ਸਿੰਘ ਮਿਨਹਾਸ, ਗੁਰਪ੍ਰੀਤ ਸਿੰਘ, ਨਿਰਮਲ ਸਿੰਘ ਦਿਓਲ, ਹਰਿੰਦਰ ਸਿੰਘ ਬਰਾੜ, ਪ੍ਰੋ. ਸ਼ਮੀ ਸ਼ਰਮਾ, ਰਤਨ ਸਿੰਘ, ਸ਼ਮਸ਼ੇਰ ਸਿੰਘ, ਪ੍ਰੋ. ਗੁਰਵੀਰ ਸਿੰਘ, ਦਰਸ਼ਨ ਸਿੰਘ ਮਾਨਸਾ, ਜਗਰੂਪ ਸਿੰਘ, ਜਗਦੀਪ ਸਿੰਘ, ਸੂਰਜ ਪ੍ਰਕਾਸ਼, ਗੁਰਵਿੰਦਰ ਸਿੰਘ, ਪ੍ਰਿਤਪਾਲ ਸਿੰਘ, ਕੋਚ ਦਲ ਸਿੰਘ, ਗੁਰਦੀਪ ਸਿੰਘ, ਗੁਰਜੀਤ ਸਿੰਘ, ਪ੍ਰਿੰ. ਗੁਰਦੇਵ ਸਿੰਘ, ਦਲਜੀਤ ਸਿੰਘ, ਪਰਮਿੰਦਰ ਸਿੰਘ, ਗੁਰਨੈਬ ਸਿੰਘ ਬਰਾੜ, ਅਨਿਲ ਕੁਮਾਰ, ਪ੍ਰੋ. ਗੁਰਦੇਵ ਸਿੰਘ, ਜਸਦੇਵ ਸਿੰਘ ਆਦਿ ਵੀ ਹਾਜਰ ਸਨ।