* 2 ਲੱਖ ਕਰੋੜ ਡਾਲਰ ਦਾ ‘ਕੋਰੋਨਾ ਵਾਇਰਸ ਰਿਲੀਫ਼ ਬਿੱਲ’ ਸੈਨੇਟ ਵਲੋਂ ਪਾਸ
* ਆਮ ਲੋਕਾਂ ਨੂੰ 12 ਸੌ ਡਾਲਰ ਪ੍ਰਤੀ ਵਿਅਕਤੀ ਮਿਲੇਗੀ ਸਹਾਇਤਾ
ਵਾਸ਼ਿੰਗਟਨ , 27 ਮਾਰਚ (ਪ੍ਰੈਸ ਕੀ ਤਾਕਤ ਬਿਊਰੋ):)- ਅਮਰੀਕਾ ‘ਚ ਕੋਰੋਨਾ ਵਾਇਰਸ ਨਾਲ ਮੌਤਾਂ ਦਾ ਅੰਕੜਾ ਬੜੀ ਹੀ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ | ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ‘ਚ ਤਕਰੀਬਨ 350 ਲੋਕਾਂ ਦੀ ਮੌਤ ਨਾਲ, ਮੌਤਾਂ ਦਾ ਅੰਕੜਾ 1050 ਤੋਂ ਪਾਰ ਹੋ ਗਿਆ ਅਤੇ ਮਰੀਜ਼ਾਂ ਦੀ ਗਿਣਤੀ 68 ਹਜ਼ਾਰ ਤੋਂ ਪਾਰ ਹੋ ਗਈ | ਇਸ ਲਗਾਤਾਰ ਵਧਦੇ ਅੰਕੜੇ ਨਾਲ ਲੋਕਾਂ ‘ਚ ਸਹਿਮ ਦਾ ਮਾਹੌਲ ਹੈ ਤੇ ਲੋਕ ਬਹੁਤ ਜ਼ਿਆਦਾ ਡਰੇ ਹੋਏ ਹਨ | ਅੱਜ ਵਾਸ਼ਿੰਗਟਨ ਸਟੇਟ ‘ਚ ਮਰਨ ਵਾਲਿਆਂ ਦੀ ਗਿਣਤੀ 132 ਤੇ ਮਰੀਜ਼ਾਂ ਦੀ ਗਿਣਤੀ 2600 ਤੋਂ ਪਾਰ ਹੋ ਗਈ | ਅੱਜ ਵਾਈਟ ਹਾਊਸ ਵਿਖੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਬੀਤੀ ਰਾਤ ਸੈਨੇਟ ਨੇ 2 ਟਿ੍ਲੀਅਨ (2 ਲੱਖ ਕਰੋੜ) ਡਾਲਰ ਦਾ ‘ਕੋਰੋਨਾ ਵਾਇਰਸ ਰਿਲੀਫ ਬਿੱਲ’ ਪਾਸ ਕਰ ਦਿੱਤਾ, ਜਿਸ ਨਾਲ ਆਮ ਲੋਕਾਂ 12 ਸੌ ਡਾਲਰ ਪ੍ਰਤੀ ਵਿਅਕਤੀ, 5 ਸੌ ਡਾਲਰ ਪ੍ਰਤੀ ਬੱਚਾ ਅਗਲੇ ਦੋ ਹਫ਼ਤਿਆਂ ‘ਚ ਲੋਕਾਂ ਦੇ ਘਰਾਂ ‘ਚ ਚੈੱਕ ਪਹੁੰਚ ਜਾਣਗੇ | ਇਸ ਦੇ ਨਾਲ ਵੱਡੀਆਂ ਕੰਪਨੀਆਂ ਨੂੰ ਬਚਾਉਣ ਲਈ, ਹੈਲਥ ਇੰਸ਼ੋਰੈਂਸ, ਛੋਟੇ ਕਾਰੋਬਾਰੀਆਂ ਤੇ ਹੋਰ ਬਹੁਤ ਸਾਰੇ ਖੇਤਰਾਂ ਨੂੰ ਬਚਾਉਣ ਲਈ ਇਹ ਪੈਸਾ ਖ਼ਰਚ ਕੀਤਾ ਜਾਵੇਗਾ | ਇਸ ਬਿੱਲ ਨੂੰ ਪਾਸ ਕਰਨ ਲਈ ਉਨ੍ਹਾਂ ਡੈਮੋਕਰੇਟ ਤੇ ਰਿਪਬਲਿਕਨ ਪਾਰਟੀ ਦਾ ਧੰਨਵਾਦ ਕੀਤਾ | ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਨ੍ਹਾਂ ਨੰੂ ਪਤਾ ਹੈ ਕਿ ਸੰਕਟ ਬਹੁਤ ਵੱਡਾ ਹੈ ਤੇ ਸਭ ਨੂੰ ਬਚਾਉਣਾ ਉਨ੍ਹਾਂ ਦਾ ਫ਼ਰਜ਼ ਹੈ |
ਅਸੀਂ ਬਹੁਤ ਤੇਜ਼ੀ ਨਾਲ ਇਸ ਵਾਇਰਸ ਦੀ ਦਵਾਈ ਬਣਾਉਣ ‘ਚ ਲੱਗੇ ਹੋਏ ਹਾਂ ਪਰ ਜਦੋਂ ਤੱਕ ਇਸ ਦੀ ਸਹੀ ਵੈਕਸਿੰਗ ਨਹੀਂ ਆ ਜਾਂਦੀ ਤਦ ਤਕ ਸਭ ਨੂੰ ਬਚਾਉਣਾ ਸਾਡਾ ਫ਼ਰਜ਼ ਹੈ | ਇਸ ਵੇਲੇ ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਸਟੇਟਾਂ ‘ਚ ਨੰਬਰ ਇਕ ‘ਤੇ ਨਿਊਯਾਰਕ, ਦੂਜੇ ਨੰਬਰ ‘ਤੇ ਨਿਊ ਜਰਸੀ ਤੇ ਤੀਜੇ ‘ਤੇ ਕੈਲੀਫੋਰਨੀਆ ਤੇ ਚੌਥੇ ‘ਤੇ ਵਾਸ਼ਿੰਗਟਨ ਸਟੇਟ ਹੈ, ਜਿੱਥੇ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ | ਅੱਜ ਤੋਂ ਵਾਸ਼ਿੰਗਟਨ ਸਟੇਟ ਵਿਚ ‘ਸਟੇਅ ਟੂ ਹੋਮ’ ਦਾ ਆਰਡਰ ਲਾਗੂ ਹੋ ਗਿਆ ਹੈ | ਹੁਣ ਲੋਕ ਅਗਲੇ ਦੋ ਹਫ਼ਤਿਆਂ ਲਈ ਘਰਾਂ ਅੰਦਰ ਹੀ ਰਹਿਣਗੇ | ਬਹੁਤ ਜ਼ਰੂਰੀ ਚੀਜ਼ ਲੈਣ ਲਈ ਕੋਈ ਬਾਹਰ ਆ ਸਕਦਾ ਹੈ |
ਇਸੇ ਦੌਰਾਨ ਇੱਥੋਂ ਦੀਆਂ ਕੁਝ ਸਿੱਖ ਜਥੇਬੰਦੀਆਂ ਜਿਨ੍ਹਾਂ ਵਿਚ ਯੂਨਾਈਟਿਡ ਸਿੱਖਸ, ਦੇਗ ਤੇਗ਼ ਫ਼ਤਹਿ ਕਿਚਨ ਤੇ ਕੁਝ ਹੋਰ ਸੰਸਥਾਵਾਂ ਨੇ ਮਿਲ ਕੇ ਖਾਣਾ ਤਿਆਰ ਕਰਕੇ ਸਿਆਟਲ ਵਿਖੇ ਬੇਘਰੇ ਲੋਕਾਂ ਨੂੰ ਵੰਡਿਆ | ਇਨ੍ਹਾਂ ਜਥੇਬੰਦੀਆਂ ਨੇ ਕਿਹਾ ਕਿ ਜਿੰਨੇ ਦਿਨ ਇਹ ਔਖੀ ਘੜੀ ਚੱਲ ਰਹੀ ਹੈ, ਓਨੇ ਦਿਨ ਉਹ ਬੇਘਰੇ ਤੇ ਲੋੜਵੰਦੇ ਲੋਕਾਂ ਤੱਕ ਖਾਣਾ ਪਹੁੰਚਾਉਣਗੇ |