ਪਟਿਆਲਾ, 15 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ): ਬਾਗਬਾਨੀ ਵਿਭਾਗ, ਪੰਜਾਬ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਆਪਣਾ ਆਲਾ ਦੁਆਲਾ ਫ਼ੁੱਲਾਂ ਨਾਲ ਸੁੰਦਰ ਤੇ ਮਨਮੋਹਕ ਬਨਾਉੁਣ ਲਈ ਲੋਕਾਂ ਨੂੰ ਉਤਸ਼ਾਹਤ ਕਰਨ ਹਿੱਤ ਸਥਾਨਕ ਬਾਰਾਂਦਰੀ ਬਾਗ ਵਿਖੇ ਲਗਾਈ ਗਈ ਗੁਲਦਾਊਦੀ ਦੇ ਫੁੱਲਾਂ ਦੀ ਤੀਸਰੀ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਨੂੰ ਪਟਿਆਲਵੀਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਇਸ ਪ੍ਰਦਰਸ਼ਨੀ ਨੂੰ ਪਟਿਆਲਾ ਵਾਸੀਆਂ ਵੱਲੋਂ ਦਿੱਤੇ ਭਰਵੇਂ ਹੁੰਗਾਰੇ ਦੇ ਮੱਦੇਨਜ਼ਰ ਇਹ ਪ੍ਰਦਰਸ਼ਨੀ ਜੋ ਕਿ 12 ਤੇ 13 ਦਸੰਬਰ ਨੂੰ ਦੋ ਦਿਨ ਲਈ ਲਗਾਈ ਗਈ ਸੀ ਨੂੰ ਵਧਾ ਕੇ ਚਾਰ ਦਿਨ ਕੀਤਾ ਗਿਆ ਅਤੇ ਅੱਜ ਇਸ ਗੁਲਦਾਊਦੀ ਸ਼ੋਅ ਦੀ ਸਮਾਪਤੀ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਮੈਂਬਰ ਪਾਰਲੀਮੈਂਟ ਸ੍ਰੀਮਤੀ ਪਰਨੀਤ ਕੌਰ ਦੀ ਸਪੁੱਤਰੀ ਬੀਬਾ ਜੈਇੰਦਰ ਕੌਰ ਨੇ ਪੁੱਜਕੇ ਬਾਗਬਾਨੀ ਵਿਭਾਗ ਵੱਲੋਂ ਲਗਾਈ ਗਈ ਇਸ ਪ੍ਰਦਰਸ਼ਨੀ ਦੀ ਸ਼ਲਾਘਾ ਕੀਤੀ।
ਬੀਬਾ ਜੈਇੰਦਰ ਕੌਰ ਨੇ ਇਸ ਮੌਕੇ ਗੁਲਦਾਊਦੀ ਸ਼ੋਅ ਦੀ ਸਰਾਹਨਾਂ ਕਰਦਿਆਂ ਕਿਹਾ ਕਿ ਅਜਿਹੀਆਂ ਪ੍ਰਦਰਸ਼ਨੀਆਂ ਸਾਡੇ ਆਲੇ ਦੁਆਲੇ ਨੂੰ ਖੂਬਸੂਰਤ ਵਧਾਉਣ ਲਈ ਪ੍ਰੇਰਣਾ ਸ੍ਰੋਤ ਦਾ ਕੰਮ ਕਰਦੀਆਂ ਹਨ ਅਤੇ ਉਨ੍ਹਾਂ ਪਿਛਲੇ ਦਿਨੀ ਅਖਬਾਰਾਂ ਵਿੱਚ ਲੱਗੀਆਂ ਗੁਲਦਾਊਦੀ ਸ਼ੋਅ ਦੀਆਂ ਤਸਵੀਰਾਂ ਤੋਂ ਪ੍ਰਭਾਵਿਤ ਹੋਕੇ ਇਸ ਸ਼ੋਅ ਨੂੰ ਦੇਖਣ ਦਾ ਮਨ ਬਣਾਇਆ। ਉਨ੍ਹਾਂ ਇਸ ਸਫ਼ਲ ਸ਼ੋਅ ਲਈ ਬਾਗਬਾਨੀ ਵਿਭਾਗ ਦੇ ਅਧਿਕਾਰੀ ਨੂੰ ਵਧਾਈ ਦਿੰਦਿਆ ਕਿਹਾ ਕਿ ਬਾਗਬਾਨੀ ਵਿਭਾਗ ਨੇ ਜਿਥੇ ਸ਼ਹਿਰ ਵਿਚ ਗੁਲਦਾਊਦੀ ਸ਼ੋਅ ਲਗਾਕੇ ਸ਼ਹਿਰ ਦੀ ਖੂਬਸੂਰਤੀ ਨੂੰ ਹੋਰ ਨਿਖਾਰਿਆ ਹੈ ਉਥੇ ਹੀ ਵੱਖ-ਵੱਖ ਖੇਤੀ ਉਤਪਾਦਾਂ, ਫ਼ਲਾਂ ਤੇ ਸਬਜ਼ੀਆਂ ਦੇ ਸਟਾਲ ਲਗਾ ਕੇ ਲੋਕਾਂ ਨੂੰ ਸਿਹਤ ਵਰਧਕ ਵਸਤਾਂ ਵੱਲ ਪ੍ਰੇਰਿਤ ਕਰਨ ਲਈ ਇਕ ਚੰਗਾ ਉਪਰਾਲਾ ਕੀਤਾ ਹੈ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ ਨੇ ਗਲਦਾਊਦੀ ਸ਼ੋਅ ਦੀ ਸਰਹਾਨਾਂ ਕਰਦਿਆ ਕਿਹਾ ਕਿ ਬਾਗਬਾਨੀ ਵਿਭਾਗ ਵੱਲੋਂ ਲਗਾਈ ਗਈ ਇਹ ਪ੍ਰਦਰਸ਼ਨੀ ਇਕ ਚੰਗਾ ਉਪਰਾਲਾ ਹੈ ਜੋ ਸਾਨੂੰ ਆਪਣਾ ਆਲਾ-ਦੁਆਲਾ ਖੂਬਸੂਰਤ ਬਣਾਉਣ ਲਈ ਪ੍ਰੇਰਿਤ ਕਰਦੀ ਹੈ।
ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਸਵਰਨ ਸਿੰਘ ਮਾਨ ਨੇ ਦੱਸਿਆ ਕਿ ਇਸ ਤੀਸਰੇ ਗੁਲਦਾਊਦੀ ਸ਼ੋਅ ਵਿਚ ਗੁਲਦਾਊਦੀ ਦੀਆਂ ਕਰੀਬ 100 ਕਿਸਮਾਂ ਨੂੰ ਸ਼ਾਮਲ ਕੀਤਾ ਗਿਆ ਸੀ ਜਿਸ ਨੂੰ ਪਟਿਆਲਾ ਵਾਸੀਆਂ ਨੇ ਭਰਵਾਂ ਪਿਆਰ ਦਿੱਤਾ ਜਿਸ ਸਦਕਾ ਇਹ ਦੋ ਦਿਨ ਦਾ ਸ਼ੋਅ ਵਧਾਕੇ ਚਾਰ ਦਿਨ ਦਾ ਕੀਤਾ ਗਿਆ। ਇਸ ਮੌਕੇ ਐਸ.ਡੀ.ਐਮ. ਪਟਿਆਲਾ ਸ. ਚਰਨਜੀਤ ਸਿੰਘ, ਕੌਸ਼ਲਰ ਸ੍ਰੀਮਤੀ ਗੁਰਿੰਦਰ ਕੌਰ ਕਾਲੇਕਾ, ਬਾਗਬਾਨੀ ਵਿਕਾਸ ਅਫ਼ਸਰ ਡਾ. ਕੁਲਵਿੰਦਰ ਸਿੰਘ, ਸਰਬਮਿੱਤਰ ਫਾਊਡੇਸ਼ਨ ਦੇ ਚੇਅਰਪਰਸਨ ਸ੍ਰੀਮਤੀ ਰੋਜੀ ਸਰੀਨ, ਪਾਵਰ ਹਾਊਸ ਯੂਥ ਕਲੱਬ ਦੇ ਮੈਂਬਰ ਸ੍ਰੀ ਹਰਦੀਪ ਸਿੰਘ ਹੈਰੀ, ਬਾਗਬਾਨੀ ਵਿਭਾਗ ਦੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਸਮੇਤ ਪਟਿਆਲਵੀਆਂ ਨੇ ਸ਼ਮੂਲੀਅਤ ਕੀਤੀ ਅਤੇ ਫੁੱਲਾਂ ਦਾ ਅਨੰਦ ਮਾਣਿਆਂ।