ਪਟਿਆਲਾ 3 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਟੀਚਰਜ਼ ਫਾ਼ਰ ਸੋਸਾਇਟੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਅਮਰੀਕਨ ਪਰਵਾਸ ਦੀਆਂ ਸਮੱਸਿਆਵਾਂ ਬਾਰੇ ਵਿਸ਼ੇਸ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਲੈਕਚਰ ਦੇ ਮੁੱਖ ਵਕਤਾ ਡਾ. ਪ੍ਰੀਤਕਮਲ ਕੌਰ ਚੀਮਾ ਸਨ ਜੋ ਅਮਰੀਕਾ ਵਿਖੇ ਸੀਐਟਲ ਦੇ ਇੱਕ ਹਸਪਤਾਲ ਵਿਚ ਗਾਈਨਾਕਾਲੋਜੀ ਵਿਭਾਗ ਦੇ ਮੁਖੀ ਹਨ। ਉਨ੍ਹਾਂ ਦਸਿਆ ਕਿ ਨੇ ਅਮਰੀਕਾ ਵਿਖੇ ਹੇਠਲੀਆਂ ਨੌਕਰੀਆਂ ਕਰਨ ਸਮੇਂ ਆ ਰਹੀਆਂ ਕਠਿਨਾਈਆਂ ਬਾਰੇ ਚਰਚਾ ਕੀਤੀ। ਉਨ੍ਹਾਂ ਦਸਿਆ ਕਿ ਕਿਸ ਤਰ੍ਹਾਂ ਡਾਲਰ ਕਮਾਉਣ ਦੀ ਖ਼ਾਤਰ ਪੰਜਾਬੀ ਲੋਕ ਸਰੀਰਕ ਤੇ ਮਾਨਸਿਕ ਰੋਗਾਂ ਦਾ ਸਿ਼ਕਾਰ ਹੁੰਦੇ ਹਨ।1980 ਦੇ ਦਹਾਕੇ ਵਿਚ ਪੰਜਾਬ ਅਤੇ ਭਾਰਤ ਤੋਂ ਹੁਨਰਵਾਨ ਲੋਕ ਅਮਰੀਕਾ ਗਏ ਜਿਹਨਾਂ ਵਿਚ ਡਾਕਟਰ, ਇੰਜੀਨੀਅਰ ਤੇ ਮੈਨੇਜਮੈਂਟ ਖੇਤਰ ਦੇ ਵਿਅਕਤੀ ਪ੍ਰਮੁੱਖ ਸਨ। 1990 ਦੇ ਦਹਾਕੇ ਵਿਚ ਮੱਧਿਅਮ ਪੜ੍ਹੇ-ਲਿਖੇ ਲੋਕ ਉਥੇ ਗਏ ਪਰ ਹੁਣ ਅਜਿਹੇ ਖੇਤਰਾਂ ਵਿਚ ਖੜੋਤ ਆ ਗਈ ਹੈ। ਉਹਨਾਂ ਕਿਹਾ ਕਿ ਘੱਟ ਤਨਖਾਹ ਵਾਲੀਆਂ ਨੌਕਰੀਆਂ ਹੀ ਬਚੀਆਂ ਹਨ। ਪੰਜਾਬੀ ਨੌਜਵਾਨ ਧੜਾ-ਧੜ ਆਈਲਟ ਕਰਕੇ ਵਿਦੇਸ਼ ਜਾ ਰਹੇ ਹਨ ਅਤੇ ਉਥੇ ਚਾਕਰੀ ਦਾ ਸਿ਼ਕਾਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਵਾਰ ਬਾਹਰ ਜਾਣ ਖਾਤਰ ਪੰਜਾਬੀ ਮਰਦ ਤੇ ਔਰਤਾਂ ਦੇ ਅਣਜੋੜ ਵਿਆਹ ਹੋ ਰਹੇ ਹਨ ਤੇ ਔਰਤਾਂ ਘਰੇਲੂ ਹਿੰਸਾ ਦਾ ਸਿ਼ਕਾਰ ਵੀ ਹੁੰਦੀਆਂ ਹਨ। ਉਹਨਾਂ ਅਨੁਸਾਰ ਪੀ.ਆਰ. ਦਾ ਅਰਥ ਹੁਣ ਪਰਮਾਨੈੱਟ ਰਿਸੋਰਸਲੈਸ ਹੋ ਗਿਆ ਹੈ ਭਾਵ ਪੰਜਾਬੀ ਆਪਣੀ ਮਲਕੀਅਤ ਦੇ ਸਾਰੇ ਵਸੀਲੇ ਖ਼ਤਮ ਕਰ ਲੈਂਦੇ ਹਨ।
ਮੰਚ-ਸੰਚਾਲਨ ਡਾ. ਨਿਵੇਦਿਤਾ ਸਿੰਘ ਨੇ ਕਰਦੇ ਹੋਏ ਪਰਵਾਸ ਬਾਰੇ ਕਈ ਤੱਥ ਸਾਂਝੇ ਕੀਤੇ। ਸਮਾਗਮ ਦਾ ਆਰੰਭ ਵਿਦਿਆਰਥੀਆਂ ਸ਼ਾਇਰਪਾਲ ਅਤੇ ਰਾਜ ਕਪੂਰੀ ਦੇ ਗੀਤ-ਸੰਗੀਤ ਨਾਲ ਹੋਇਆ। ਸੁਆਲ-ਜਆਬ ਦੇ ਦੌਰ ਵਿੱਚ ਸ. ਦਲੀਪ ਸਿੰਘ ਉੱਪਲ, ਡਾ. ਜਸਵੀਰ ਕੌਰ, ਸ. ਕਸ਼ਮੀਰ ਸਿੰਘ ਤੇ ਕਈ ਵਿਦਿਆਰਥੀਆਂ ਤੇ ਖੋਜਾਰਥੀਆਂ ਨੇ ਭਾਗ ਲਿਆ। ਉਪਰੰਤ ਪ੍ਰਧਾਨਗੀ ਮੰਡਲ ਵਿਚ ਬੈਠੇ ਡਾ. ਸਵਰਾਜ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਰਵਾਸ ਇਸ ਵੇਲੇ ਬਲਕਿ ਪੱਛਮੀ ਦੇਸ਼ਾਂ ਦੀ ਜ਼ਰੂਰਤ ਬਣਿਆ ਹੋਇਆ ਹੈ।ਪੰਜਾਬ ਦੇ ਮਨੁੱਖੀ ਵਸੀਲੇ ਅਤੇ ਧਨ ਧੜਾ-ਧੜ ਵਿਦੇਸ਼ਾਂ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਾਡਾ ਬੁੱਧੀਜੀਵੀ ਵਰਗ ਖ਼ਾਮੋਸ ਹੈ ਅਤੇ ਸਿੱਖ ਤੇ ਮਾਰਕਸਵਾਦੀ ਵਿਦਵਾਨ ਇੱਕ ਦੂਜੇ ਦੇ ਵਿਰੋਧ ਵਿਚ ਖੜੇ ਹਨ। ਇਸ ਮੌਕੇ ਡਾ. ਪਰਮਵੀਰ ਸਿੰਘ ਅਤੇ ਡਾ. ਦਰਸ਼ਨ ਆਸ਼ਟ ਨੇ ਵੀ ਆਪਣੇ ਵਿਚਾਰ ਰੱਖੇ।ਅੰਤ ਵਿਚ ਟੀਚਰਜ਼ ਫਾਰ ਸੋਸਾਇਟੀ ਦੇ ਕਨਵੀਨਰ ਡਾ. ਭੀਮ ਇੰਦਰ ਸਿੰਘ ਨੇ ਆਏ ਸ੍ਰੋਤਿਆਂ ਦਾ ਧੰਨਵਾਦ ਕੀਤਾ।ਇਸ ਮੌਕੇ ਗੁਰਦੀਪ ਸਿੰਘ ਸਾਬਕਾ ਏ.ਆਈ.ਜੀ, ਪ੍ਰਾਣ ਸਭਰਵਾਲ ਉੱਘੇ ਰੰਗਕਰਮੀ, ਡਾ. ਅਲੰਕਾਰ ਸਿੰਘ, ਸੁਖਰਾਜ ਤੇ ਹਰਜੀਤ ਚੀਮਾ, ਮੁਜਤਬਾ ਹੁਸੈਨ ਆਦਿ ਨੇ ਵਿਸੇ਼ਸ਼ ਰੂਪ ਵਿਚ ਸਿਰਕਤ ਕੀਤੀ।