ਪਟਿਆਲਾ, 13 ਅਗਸਤ:
ਪਿਛਲੇ ਦਿਨੀਂ ਪਈ ਬਰਸਾਤ ਦੌਰਾਨ ਪਿੰਡ ਲੋਹ ਸਿੰਬਲੀ ਦੇ ਸਰਕਾਰੀ ਸਕੂਲ ਵਿਚ ਖੜ੍ਹੇ ਪਾਣੀ ਦਾ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਗੰਭੀਰ ਨੋਟਿਸ ਲੈਂਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਹੈ ਕਿ ਜ਼ਿਲ੍ਹੇ ਦੇ ਸਕੂਲਾਂ ਦਾ ਸਰਵੇ ਕਰਕੇ ਜਲਦੀ ਹੀ ਅਜਿਹੇ ਸਕੂਲਾਂ ਦੀ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਭੇਜੀ ਜਾਵੇ, ਜਿਨ੍ਹਾਂ ਸਕੂਲਾਂ ਵਿੱਚ ਬਰਸਾਤਾਂ ਦੇ ਮੌਸਮ ਵਿੱਚ ਪਾਣੀ ਖੜ੍ਹਨ ਦੀ ਸਮੱਸਿਆ ਆਉਂਦੀ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਜਿਨ੍ਹਾਂ ਸਕੂਲਾਂ ਵਿੱਚ ਬਰਸਾਤਾਂ ਦੇ ਮੌਸਮ ਵਿੱਚ ਪਾਣੀ ਖੜ੍ਹਨ ਦੀ ਸਮੱਸਿਆ ਹੈ, ਉਨ੍ਹਾਂ ਸਕੂਲਾਂ ਵਿੱਚ ਲੋੜ ਮੁਤਾਬਕ ਰੀਚਾਰਜਿੰਗ ਵੈਲ ਬਣਾਏ ਜਾਣਗੇ ਤਾਂ ਜੋ ਇਸ ਸਮੱਸਿਆ ਦਾ ਸਥਾਈ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਪਾਣੀ ਖੜ੍ਹਨ ਦੀ ਸਮੱਸਿਆ ਦਾ ਹੱਲ ਹੋਵੇਗਾ, ਉਥੇ ਹੀ ਜ਼ਮੀਨੀ ਪਾਣੀ ਦੇ ਡਿੱਗਦੇ ਪੱਧਰ ਨੂੰ ਰੋਕਣ ਵਿਚ ਵੀ ਸਹਾਇਤਾ ਮਿਲੇਗੀ।
ਉਨ੍ਹਾਂ ਕਿਹਾ ਕਿ ਖੜ੍ਹੇ ਪਾਣੀ ਨਾਲ ਬਿਮਾਰੀਆਂ ਫੈਲਣ ਦਾ ਵੀ ਖਦਸ਼ਾ ਹੁੰਦਾ ਹੈ, ਇਸ ਲਈ ਸਰਵੇ ਕਰਕੇ ਪ੍ਰਭਾਵਿਤ ਸਕੂਲਾਂ ਵਿਚੋਂ ਤੁਰੰਤ ਪਾਣੀ ਕੱਢਣ ਲਈ ਕਾਰਵਾਈ ਅਰੰਭੀ ਜਾਵੇ ਅਤੇ ਇਸ ਦੀ ਰਿਪੋਰਟ ਡਿਪਟੀ ਕਮਿਸ਼ਨਰ ਦਫ਼ਤਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ। ਇਸ ਮੌਕੇ ਉਨ੍ਹਾਂ ਸਕੂਲਾਂ ਦੀਆਂ ਪਾਣੀ ਵਾਲੀਆਂ ਟੈਂਕੀਆਂ ਦੀ ਸਫ਼ਾਈ ਕਰਵਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਬਰਸਾਤੀ ਮੌਸਮ ਵਿੱਚ ਮੱਛਰਾਂ ਕਾਰਨ ਬਿਮਾਰੀਆਂ ਫੈਲਣ ਦਾ ਡਰ ਹੁੰਦਾ ਹੈ, ਇਸ ਲਈ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।