ਪਟਿਆਲਾ, 5 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕਲਾ ਭਵਨ ਵਿਖੇ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਕਰਵਾਾਏ ਜਾ ਰਹੇ ਛੇਵੇਂ ਨੌਰ੍ਹਾ ਰਿਚਰਡਜ਼ ਨੈਸ਼ਨਲ ਥੀਏਟਰ ਫੈਸਟੀਵਲ ਦੇ ਛੇਵੇਂ ਦਿਨ ਰੂਪਕ ਕਲਾ ਕੇਂਦਰ, ਚੰਡੀਗੜ੍ਹ ਦੀ ਟੀਮ ਵੱਲੋਂ ਮਹਿੰਦਰ ਰਿਸ਼ਮ ਵੱਲੋਂ ਲਿਖਿਤ ਅਤੇ ਸੰਗੀਤਾ ਗੁਪਤਾ ਵੱਲੋਂ ਨਿਰਦੇਸਿ਼ਤ ਨਾਟਕ ‘ਮੈਟਰੀਮੋਨੀਅਲ’ ਦੀ ਪੇਸ਼ਕਾਰੀ ਕੀਤੀ। ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ, ਉੱਤਰ ਖੇਤਰੀ ਸਭਿਆਚਾਰਕ ਕੇਂਦਰ, ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ ਅਤੇ ਪੰਜਾਬੀ ਅਕਾਦਮੀ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਮੇਲੇ ਦੇ ਛੇਵੇਂ ਦਿਨ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਵੀ ਸਿ਼ਰਕਤ ਕੀਤੀ। ਇਸ ਮੌਕੇ ਬੋਲਦਿਆਂ ਡਾ. ਘੁੰਮਣ ਨੇ ਕਿਹਾ ਕਿ ਅਜਿਹੇ ਮੇਲਿਆਂ ਦਾ ਨਿਰੰਤਰ ਆਯੋਜਨ ਕਰਵਾਉਂਦੇ ਰਹਿਣਾ ਹੀ ਪੰਜਾਬੀ ਯੂਨੀਵਰਸਿਟੀ ਦਾ ਇਕ ਵਖਰਾ ਰੰਗ ਹੈ ਜੋ ਕਿਸੇ ਹੋਰ ਯੂਨੀਵਰਸਿਟੀ ਵਿਚ ਨਹੀਂ ਮਿਲਦਾ। ਇਸ ਮੌਕੇ ਪੰਜਾਬੀ ਫਿਲਮਾਂ ਦੇ ਲੇਖਕ ਜਸ ਗਰੇਵਾਲ ਅਤੇ ਅਦਾਕਾਰ ਰਾਣਾ ਜੰਗ ਬਹਾਦਰ ਵੀ ਪਹੁੰਚੇ ਜਿਨ੍ਹਾਂ ਨੇ ਪੇਸ਼ਕਾਰੀ ਉਪਰੰਤ ਦਰਸ਼ਕਾਂ ਨੂੰ ਸੰਬੋਧਨ ਵੀ ਕੀਤਾ।
ਇਸ ਨਾਟਕ ਦਾ ਵਿਸ਼ਾ ਆਪਣੀਆਂ ਸ਼ਰਤਾਂ ਤੇ ਜਿਉਣ ਵਾਲੀ ਇਕ ਬੇਬਾਕ ਕੁੜੀ ਤੇ ਕੇਂਦਰਿਤ ਹੈ ਜੋ ਕਿਸੇ ਵੀ ਕੀਮਤ ਉੱਪਰ ਸਮਝੌਤਾ ਨਹੀਂ ਕਰਨਾ ਚਾਹੁੰਦੀ। ਉਸ ਨੂੰ ਆਪਣੀ ਮਾਂ ਨਾਲ ਹੋਏ ਧੱਕੇ ਦਾ ਬਹੁਤ ਮਲਾਲ ਹੈ ਜਿਸ ਕਾਰਨ ਉਹ ਖੁਦ ਆਪਣੀਆਂ ਸ਼ਰਤਾਂ ਉੱਪਰ ਜਿਉਣਾ ਚਾਹੁੰਦੀ ਹੈ। ਉਹ ਨੌਕਰੀ ਕਰਦੀ ਹੈ ਅਤੇ ਉਸ ਦੀ ਉਮਰ ਪੈਂਤੀ ਸਾਲ ਦੀ ਹੋ ਚੁੱਕੀ ਹੈ। ਪਿਛਲੇ ਕਈ ਸਾਲਾਂ ਤੋਂ ਉਹ ਅਖਬਾਰ ਵਿਚ ਮੈਟਰੀਮੋਨੀਅਲ ਭਾਵ ਵਿਆਹ ਸੰਬੰਧੀ ਇਸ਼ਤਿਹਾਰ ਦਿੰਦੀ ਆ ਰਹੀ ਹੈ ਜਿਸ ਵਿਚ ਉਹ ਆਪਣੀਆਂ ਸ਼ਰਤਾਂ ਬਾਰੇ ਸਾਫ ਲਿਖਦੀ ਹੈ। ਉਸ ਦੀ ਇਕ ਸ਼ਰਤ ਹੈ ਕਿ ਜਿਸ ਦੇ ਆਪਣੇ ਭੈਣ ਨਹੀਂ ਉਹ ਤਾਂ ਬਿਲਕੁਲ ਵੀ ਸੰਪਰਕ ਨਾ ਕਰੇ। ਉਸ ਦੇ ਇਸ ਮੈਟਰੀਮੋਨੀਅਲ ਨੂੰ ਇਕ ਕਲਾਤਮਿਕ ਰੁਚੀਆਂ ਵਾਲਾ ਵਿਅਕਤੀ ਪੜ੍ਹਦਾ ਹੈ ਤਾਂ ਉਸ ਵਿਚ ਇਹ ਸ਼ਰਤਾਂ ਬਾਰੇ ਵਿਸਥਾਰ ਵਿਚ ਜਾਣਨ ਦੀ ਰੁਚੀ ਪੈਦਾ ਹੋ ਜਾਂਦੀ ਹੈ। ਇਸ ਮਕਸਦ ਲਈ ਉਹ ਟੈਲੀਫੋਨ ਤੇ ਗੱਲ ਸ਼ੁਰੂ ਕਰ ਦਿੰਦਾ ਹੈ। ਨਾਟਕ ਦਾ ਬਹੁਤਾ ਹਿੱਸਾ ਇਨ੍ਹ੍ਹਾਂ ਦੋਹਾਂ ਪਾਤਰਾਂ ਦੇ ਫੋਨ ਉੱਪਰ ਹੀ ਅਧਾਰਿਤ ਹੈ ਜਿੱਥੇ ਇਹ ਦੋਵੇਂ ਇਕ ਦੂਸਰੇ ਨਾਲ ਕਾਵਿਕ ਕਿਸਮ ਦਾ ਸੰਵਾਦ ਰਚਾਉਂਦੇ ਹੋਏ ਦਰਸ਼ਕਾਂ ਦਾ ਖੂਬ ਮਨੋਰੰਜਨ ਕਰਦੇ ਹਨ। ਇਸ ਸਮੁੱਚੀ ਕਹਾਣੀ ਰਾਹੀਂ ਦਰਸਾਇਆ ਗਿਆ ਹੈ ਕਿ ਜੇ ਔਰਤ ਠਾਣ ਲਵੇ ਕਿ ਉਹ ਆਪਣੀਆਂ ਸ਼ਰਤਾਂ ਤੇ ਜਿ਼ੰਦਗੀ ਜਿਉਣਾ ਚਾਹੁੰਦੀ ਹੈ ਤਾਂ ਮੁਸ਼ਕਿਲ ਤਾਂ ਭਾਵੇਂ ਜਾਪਦਾ ਹੈ ਪਰ ਉਸ ਦੀ ਜਿੱਤ ਨਿਸ਼ਚਿਤ ਹੁੰਦੀ ਹੈ। ਨਾਟਕ ਵਿਚ ਕਾਵਿਤਕਾ ਵਾਲੇ ਮਾਹੌਲ ਦੀ ਉਸਾਰੀ ਲਈ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰਾਂ, ਜਿਨ੍ਹਾਂ ਵਿਚ ਸਤਿੰਦਰ ਸਿੰਘ ਨੂਰ, ਪਾਲ ਕੌਰ, ਸੁਖਵਿੰਦਰ ਅੰਮ੍ਰਿਤ, ਕਾਨਾ ਸਿੰਘ ਅਤੇ ਮਨਜੀਤ ਟਿਵਾਣਾ ਦਾ ਨਾਮ ਸ਼ਾਮਿਲ ਹੈ, ਦੀਆਂ ਕਵਿਤਾਵਾਂ ਦੀ ਵਰਤੋਂ ਕੀਤੀ ਗਈ ਹੈ। ਮੁੱਖ ਪਾਤਰ ਅਨੰਤਾ ਦੀ ਭੂਮਿਕਾ ਸੰਦੀਪ ਕੌਰ ਵੱਲੋਂ ਤਜੇਸਵਰ ਨਾਮੀ ਫੋਨ ਕਰਨ ਵਾਲੇ ਵਿਅਕਤੀ ਦੀ ਭੂਮਿਕਾ ਸੁਖਜੀਤ ਗਿੱਲ ਵੱਲੋਂ ਅਤੇ ਅਨੰਤਾ ਦੀ ਮਾਂ ਦੀ ਭੂਮਿਕਾ ਸੰਗੀਤਾ ਗੁਪਤਾ ਵੱਲੋਂ ਖੁਦ ਨਿਭਾਈ ਗਈ। ਇਸ ਪੇਸ਼ਕਾਰੀ ਦੇ ਅੰਤ ਵਿਚ ਫੈਸਟੀਵਲ ਡਾਇਰੈਕਟਰ ਡਾ. ਇੰਦਰਜੀਤ ਕੌਰ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ਼ ਡਾ. ਗੁਰਸੇਵਕ ਲੰਬੀ ਨੇ ਸਭ ਦਾ ਧੰਨਵਾਦ ਕੀਤਾ।