ਪਟਿਆਲਾ, 13 ਫਰਵਰੀ (ਵਰਸ਼ਾ ਵਰਮਾ) : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਪ੍ਰੀਖਿਆ ਸ਼ਾਖਾ ਵੱਲੋਂ ਜਲਦੀ ਹੀ ਆਪਣੀਆਂ ਬਹੁਗਿਣਤੀ ਸੇਵਾਵਾਂ ਨੂੰ ਆਨਲਾਈਨ ਵਿਧੀ ਰਾਹੀਂ ਕਰ ਦਿੱਤਾ ਜਾਣਾ ਹੈ। ਇਸ ਸੰਬੰਧੀ ਕੰਟਰੋਲ ਪ੍ਰੀਖਿਆਵਾਂ ਡਾ. ਬਲਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਵਿਚ ਸੰਬੰਧਤ ਤਕਨੀਕੀ ਮਾਹਿਰਾਂ ਦੀ ਟੀਮ ਨੇ ਸਿੰਡੀਕੇਟ ਰੂਮ ਵਿਚ ਆਪਣੇ ਸਾਫਟਵੇਅਰ ਦੀ ਪੇਸ਼ਕਾਰੀ ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਸਾਹਮਣੇ ਕੀਤੀ। ਡਾ. ਘੁੰਮਣ ਵੱਲੋਂ ਇਸ ਬਾਰੇ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਿਧੀ ਨੂੰ ਪੂਰਨ ਰੂਪ ਵਿਚ ਅਪਨਾਉਣ ਨਾਲ ਜਿੱਥੇ ਵਿਦਿਆਰਥੀਆਂ ਨੂੰ ਵਧੇਰੇ ਸੌਖ ਹੋਵੇਗੀ ਉੱਥੇ ਹੀ ਵਖ-ਵਖ ਕੰਮਾਂ ਵਿਚ ਹੋਣ ਵਾਲੀ ਦੇਰੀ ਵੀ ਘੱਟ ਹੋ ਸਕੇਗੀ। ਕੰਮ ਵਿਚ ਵਧੇਰੇ ਪਾਰਦਰਸ਼ਤਾ ਆਵੇਗੀ।
ਜਿ਼ਕਰਯੋਗ ਹੈ ਕਿ ਤਕਨੀਕੀ ਮਾਹਿਰਾਂ ਦੀ ਟੀਮ ਵੱਲੋਂ ਆਪਣੀ ਅਣਥੱਕ ਮਿਹਨਤ ਉਪਰੰਤ ਇਸ ਸੰਬੰਧੀ ਅਜਿਹੀ ਪ੍ਰਣਾਲੀ ਤਿਆਰ ਕੀਤੀ ਗਈ ਹੈ ਜਿਸ ਰਾਹੀਂ ਵਿਦਿਆਰਥੀਆਂ ਦੇ ਦਾਖਲਾ ਲੈਣ ਤੋਂ ਲੈ ਕੇ ਫੀਸ ਭਰਨ, ਵਿਸ਼ੇ ਚੁਣਨ, ਪ੍ਰੀਖਿਆ ਫੀਸ ਭਰਨ, ਮਾਈਗਰੇਸ਼ਨ, ਰਜਿਸਟਰੇਸ਼ਨ, ਟਰਾਂਸਕ੍ਰਿਪਟ ਆਦਿ ਸੰਬੰਧੀ ਬਹੁਗਿਣਤੀ ਸੇਵਾਵਾਂ ਔਨਲਾਈਨ ਵਿਧੀ ਰਾਹੀਂ ਹੀ ਹੋ ਸਕਣਗੀਆਂ। ਟੀਮ ਵੱਲੋਂ ਦੱਸਿਆ ਗਿਆ ਕਿ ਇਸ ਸਮੁੱਚੀ ਤਕਨੀਕੀ ਪ੍ਰਣਾਲੀ ਨੂੰ ਵਿਦਿਆਰਥੀ ਕੇਂਦਰਿਤ ਪਹੁੰਚ ਅਪਣਾਉਂਦਿਆਂ ਹੀ ਤਿਆਰ ਕੀਤਾ ਗਿਆ ਹੈ ਜਿਸ ਵਿਚ ਹਰ ਪੱਧਰ ਤੇ ਵਿਦਿਆਰਥੀਆਂ ਦੀ ਸੌਖ ਅਤੇ ਸਹੂਲਤ ਦਾ ਵਿਸ਼ੇਸ਼ ਖਿਆਲ ਰੱਖਿਆ ਗਿਆ ਹੈ। ਜਿਸ ਵਿਦਿਆਰਥੀ ਦੇ ਵੇਰਵੇ ਇਕ ਵਾਰ ਯੂਨੀਵਰਸਿਟੀ ਕੋਲ ਪਹੁੰਚ ਜਾਣਗੇ ਉਸ ਨੂੰ ਬਾਅਦ ਵਿਚ ਵਾਰ ਵਾਰ ਆਪਣੇ ਵੇਰਵੇ ਨਹੀਂ ਦੇਣੇ ਹੋਣਗੇ। ਇਸ ਪ੍ਰਣਾਲੀ ਨੂੰ ਅਪਣਾਏ ਜਾਣ ਉਪਰੰਤ ਰਜਿਸਟਰੇਸ਼ਨ, ਮਾਈਗਰੇਸ਼ਨ, ਟਰਾਂਸਕ੍ਰਿਪਟ ਆਦਿ ਜਿਹੀਆਂ ਸਹੂਲਤਾਂ ਲਈ ਪੁਰਾਣੇ ਰਜਿਸਟਰਾਂ ਵਿਚ ਦਰਜ ਰਿਕਾਰਡ ਫੋਲਣ ਦੀ ਲੋੜ ਨਹੀਂ ਹੋਵੇਗੀ ਬਲਕਿ ਇਕ ਕਲਿੱਕ ਕਰਨ ਤੇ ਵਿਦਿਆਰਥੀ ਦੇ ਸਮੁੱਚੇ ਵੇਰਵਿਆਂ ਦੀ ਪੁਸ਼ਟੀ ਸੰਬੰਧਤ ਪ੍ਰੀਖਿਆ ਸੈੱਟ ਦੇ ਅਧਿਕਾਰਿਤ ਕਰਮਚਾਰੀਆਂ ਵੱਲੋਂ ਕੀਤੀ ਜਾ ਸਕੇਗੀ। ਅਜਿਹਾ ਹੋਣ ਨਾਲ ਜਿੱਥੇ ਵਿਦਿਆਰਥੀਆਂ ਨੂੰ ਸੇਵਾਵਾਂ ਹਾਸਿਲ ਕਰਨ ਲਈ ਖੱਜਲ ਖੁਆਰੀ ਜਾਂ ਦੇਰੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਉੱਥੇ ਹੀ ਕੰਮ ਕਾਜ ਦੀ ਕੁਸ਼ਲਤਾ ਅਤੇ ਪਾਰਦਰਸ਼ਤਾ ਵਧ ਜਾਵੇਗੀ। ਇਸ ਸਮੁੱਚੇ ਢੰਗ ਨੂੰ ਵਰਤੋਂ ਕਰਨ ਦੇ ਲਿਹਾਜ਼ ਤੋਂ ਬਹੁਤ ਹੀ ਸਰਲ ਰੱਖਿਆ ਗਿਆ ਹੈ ਤਾਂ ਕਿ ਸਧਾਰਨ ਵਿਦਿਆਰਥੀ ਵੀ ਸੌਖੀ ਤਰ੍ਹਾਂ ਇਸ ਦੀ ਵਰਤੋਂ ਕਰ ਸਕੇ।
ਸਮੁੱਚੀ ਪੇਸ਼ਕਾਰੀ ਦੇ ਵਖ-ਵਖ ਪੱਖਾਂ ਉੱਪਰ ਬਰੀਕੀ ਨਾਲ ਚਰਚਾ ਕੀਤੀ ਗਈ। ਡਾ. ਘੁੰਮਣ ਵੱਲੋਂ ਤਸੱਲੀ ਪੂਰਵਕ ਉਮੀਦ ਪ੍ਰਗਟਾਈ ਗਈ ਕਿ ਭਵਿੱਖ ਵਿਚ ਪ੍ਰੀਖਿਆ ਸ਼ਾਖਾ ਦੇ ਕਾਰਜ ਹੋਰ ਵੀ ਵਧੇਰੇ ਸਚਾਰੂ ਰੂਪ ਵਿਚ ਨੇਪਰੇ ਚੜ੍ਹਨੇ ਸੰਭਵ ਹੋਣਗੇ।