ਬਠਿੰਡਾ, ( ਸੱਤਪਾਲ ਮਾਨ / ਮੇਜਰ ਸਿੰਘ ਚਹਿਲ ) : – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਠਿੰਡਾ ਵੱਲੋਂ ਆਤਮਾ/ਸੀ.ਡੀ.ਪੀ. ਸਕੀਮ ਅਧੀਨ ਬਲਾਕ ਸੰਗਤ ਦੀਆਂ ਅਗਾਂਹਵਧੂ ਕਿਸਾਨ ਬੀਬੀਆਂ ਲਈ ਬੇਕਿੰਗ ਤਕਨੀਕ ਦੇ ਪਹਿਲੇ ਬੈਚ ਦੀ ਟਰੇਨਿੰਗ ਇੰਡੀਅਨ ਇੰਸੀਚਿਊਟ ਆਫ਼ ਫ਼ੂਡ ਪ੍ਰੋਸੈਸਿੰਗ ਟੈਕਨਾਲੋਜ਼ੀ (ਆਈ.ਆਈ.ਐਫ਼.ਪੀ.ਟੀ.) ਲੈਸਨ ਆਫ਼ਿਸ ਬਠਿੰਡਾ ਵਿਖੇ ਕਰਵਾਈ ਗਈ।
ਮੁੱਖ ਖੇਤੀਬਾੜੀ ਅਫਸਰ ਡਾ. ਬਹਾਦਰ ਸਿੰਘ ਸਿੱਧੂ ਵੱਲੋਂ ਕਿਸਾਨ ਬੀਬੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਟਰੇਨਿੰਗ ਦਾ ਪੂਰਾ ਲਾਭ ਲੈ ਕੇ ਆਪਣਾ ਕੰਮ ਸ਼ੁਰੂ ਕਰਕੇ ਆਪਣੇ ਹੱਥੀਂ ਤਿਆਰ ਕੀਤੀਆਂ ਬੇਕਰੀ ਆਈਟਮਾਂ ਨੂੰ ਪਿੰਡ ਪੱਧਰ ਤੋਂ ਜ਼ਿਲਾ ਪੱਧਰ ਤੱਕ ਵਿਕਰੀ ਕਰਕੇ ਆਪਣੇ ਇਸ ਧੰਦੇ ਨੂੰ ਕਾਮਯਾਬ ਕਰਨ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਜਿੱਥੇ ਉਹ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੀਆਂ ਹਨ, ਉਥੇ ਨਾਲ ਹੀ ਹੋਰ ਕਿਸਾਨ ਬੀਬੀਆਂ ਨੂੰ ਨਾਲ ਜੋੜ ਕੇ ਉਨਾਂ ਦਾ ਜੀਵਨ ਪੱਧਰ ਨੂੰ ਵੀ ਉਚਾ ਚੁੱਕ ਸਕਦੀਆਂ ਹਨ।
ਇਸ ਮੌਕੇ ਡਾ. ਬੀ.ਕੇ. ਯਾਦਵ, ਇੰਚਾਰਜ (ਆਈ.ਆਈ.ਐਫ਼.ਪੀ.ਟੀ.) ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋ ਸੈਲਫ ਹੈਲਪ ਗਰੁੱਪਾਂ ਤੇ ਅਗਾਂਹਵਧੂ ਕਿਸਾਨਾਂ ਲਈ ਆਪਣੀ ਆਮਦਨ ਵਿੱਚ ਵਾਧਾ ਕਰਨ ਤੇ ਆਤਮ-ਨਿਰਭਰ ਹੋਣ ਲਈ ਵੱਖ-ਵੱਖ ਤਰਾਂ ਦੀਆਂ ਟਰੇਨਿੰਗਾਂ ਦਿੱਤੀਆਂ ਜਾਂਦੀਆਂ ਹਨ। ਉਨਾਂ ਕਿਸਾਨ ਬੀਬੀਆਂ ਨੂੰ ਕਿਹਾ ਕਿ ਜੇਕਰ ਕਿਸੇ ਕੰਮ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਆਉਦੀ ਹੈ ਤਾਂ ਉਹ ਤੁਰੰਤ ਇਸ ਸੰਸਥਾ ਨਾਲ ਸੰਪਰਕ ਕਰਨ।
ਇਸ ਮੌਕੇ ਖੇਤੀਬਾੜੀ ਅਫਸਰ ਸੰਗਤ ਡਾ. ਧਰਮਪਾਲ ਮੌਰੀਆ ਨੇ ਟਰੇਨਿੰਗ ਪੂਰੀ ਹੋਣ ਉਪਰੰਤ ਡਾ. ਬੀ.ਕੇ. ਯਾਦਵ ਤੇ ਉਨਾਂ ਦੀ ਪੂਰੀ ਟੀਮ ਦਾ ਧੰਨਵਾਦ ਕੀਤਾ। ਉਨਾਂ ਕਿਸਾਨ ਬੀਬੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਤੁਸੀਂ ਆਪਣੇ ਇਸ ਮਿਸ਼ਨ ਵਿੱਚ ਕਾਮਯਾਬ ਹੋਵੋਗੇ ਤੇ ਇਸ ਕੰਮ ਨੂੰ ਹੋਰ ਪ੍ਰਫੁੱਲਤ ਕਰਕੇ ਹੋਰਨਾਂ ਕਿਸਾਨ ਬੀਬੀਆਂ ਲਈ ਇੱਕ ਮਿਸਾਲ ਬਣੋਗੇ।
ਇਸ ਮੌਕੇ ਕਿਸਾਨ ਬੀਬੀ ਚਰਨਜੀਤ ਕੌਰ ਨੇ ਦੱਸਿਆ ਕਿ ਉਨਾਂ ਨੂੰ ਇਸ ਟਰੇਨਿੰਗ ਦਾ ਪੂਰਾ ਲਾਭ ਮਿਲਿਆ ਹੈ। ਜਿਸ ਨਾਲ ਉਨਾਂ ਦੇ ਸੈਲਫ ਹੈਲਪ ਗਰੁੱਪ ਵੱਲੋਂ ਇਸ ਕੰਮ ਦੀ ਸ਼ੁਰੂਆਤ ਕਰਕੇ ਹੋਰ ਕਿਸਾਨ ਬੀਬੀਆਂ ਨੂੰ ਨਾਲ ਜੋੜ ਕੇ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ।
ਅੰਤ ਵਿੱਚ ਟਰੇਨਿੰਗ ਵਿੱਚ ਭਾਗ ਲੈਣ ਵਾਲੀਆਂ ਕਿਸਾਨ ਬੀਬੀਆਂ ਨੂੰ ਬੇਕਰੀ ਦੀ ਤਿੰਨ ਰੋਜ਼ਾ ਸਿਖਲਾਈ ਪੂਰੀ ਕਰਨ ਉਪਰੰਤ ਮੁੱਖ ਖੇਤੀਬਾੜੀ ਅਫਸਰ ਡਾ. ਬਹਾਦਰ ਸਿੰਘ ਸਿੱਧੂ, ਡਾ. ਬੀ.ਕੇ. ਯਾਦਵ ਦੀ ਸਾਂਝੀ ਟੀਮ ਵੱਲੋਂ ਅਗਾਂਹਵਧੂ ਕਿਸਾਨ ਬੀਬੀਆਂ ਨੂੰ ਸਰਟੀਫਿਕੇਟਾਂ ਦੀ ਵੰਡ ਕੀਤੀ ਗਈ।
ਇਸ ਮੌਕੇ ਫੀਲਡ ਅਫਸਰ (ਅੰਕੜਾ) ਬਠਿੰਡਾ ਸੁਖਵੀਰ ਸਿੰਘ ਸੋਢੀ, ਜਗਸੀਰ ਸਿੰਘ ਬੀ.ਟੀ.ਐਮ. (ਆਤਮਾ), ਡਾ. ਪ੍ਰਤਿਭਾ ਸਿੰਘ ਅਤੇ ਸ੍ਰੀਮਤੀ ਲਵਪ੍ਰੀਤ ਕੌਰ ਤੋਂ ਇਲਾਵਾ ਅਗਾਂਹਵਧੂ ਕਿਸਾਨ ਬੀਬੀਆਂ ਹਾਜ਼ਰ ਸਨ।

